ਫਿਰੋਜ਼ਪੁਰ 14 ਮਈ (ਗੁਰਿੰਦਰ ਸਿੰਘ)-: ਸਾਬਕਾ ਕਾਂਗਰਸੀ ਕੈਬਨਿਟ ਮੰਤਰੀ ਪੰਡਿਤ ਬਾਲ ਮੁਕੰਦ ਸ਼ਰਮਾ ਤੇ ਪਰਿਵਾਰ ਵੱਲੋਂ ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਖਬੀਰ ਸਿੰਘ ਬਾਦਲ ਦੀ ਖੁੱਲ੍ਹੇਆਮ ਹਮਾਇਤ ਦਾ ਐਲਾਨ ਕੀਤਾ ਹੈ। ਫਿਰੋਜ਼ਪੁਰ ਤੋਂ 5 ਵਾਰ ਵਿਧਾਇਕ ਅਤੇ ਬੇਅੰਤ ਸਿੰਘ ਸਰਕਾਰ ਵਿੱਚ ਕੈਬਨਿਟ ਮੰਤਰੀ ਰਹੇ ਬਜ਼ੁਰਗ ਕਾਂਗਰਸੀ ਨੇਤਾ ਪੰਡਿਤ ਬਾਲ ਮੁਕੰਦ ਸ਼ਰਮਾ ਤੋਂ 'ਅਸ਼ੀਰਵਾਦ' ਲੈਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਫਿਰੋਜ਼ਪੁਰ ਲੋਕ ਸਭਾ ਹਲਕਾ ਤੋਂ ਉਮੀਦਵਾਰ ਸੁਖਬੀਰ ਸਿੰਘ ਬਾਦਲ ਅੱਜ ਬਾਅਦ ਦੁਪਹਿਰ ਉਨ੍ਹਾਂ ਦੇ ਸਥਾਨਕ ਨਿਵਾਸ 'ਤੇ ਪਹੁੰਚੇ। ਇਸ ਮੌਕੇ ਪੰਡਿਤ ਬਾਲ ਮੁਕੰਦ ਸ਼ਰਮਾ ਤੇ ਸੁਖਬੀਰ ਸਿੰਘ ਬਾਦਲ ਵਿਚਕਾਰ ਕੁਝ ਸਮਾਂ ਗੁਪਤ ਮੀਟਿੰਗ ਵੀ ਹੋਈ। ਇਸ ਮੀਟਿੰਗ ਤੋਂ ਮੀਡੀਆ ਨੂੰ ਦੂਰ ਹੀ ਰੱਖਿਆ ਗਿਆ। ਸੂਤਰਾਂ ਅਨੁਸਾਰ ਮੀਟਿੰਗ ਦੌਰਾਨ ਪੰਡਿਤ ਬਾਲ ਮੁਕੰਦ ਸ਼ਰਮਾ ਨੇ ਸੁਖਬੀਰ ਸਿੰਘ ਬਾਦਲ ਨੂੰ ਜਿੱਤ ਦਾ ਆਸ਼ੀਰਵਾਦ ਦਿੰਦਿਆਂ ਵੋਟ ਅਤੇ ਸਪੋਟ ਦੇਣ ਦਾ ਵਿਸਵਾਸ਼ ਦੁਆਇਆ ਹੈ।
ਜ਼ਿਕਰਯੋਗ ਹੈ ਕਿ ਲੰਬਾ ਸਮਾਂ ਕਾਂਗਰਸ ਪਾਰਟੀ ਵਿੱਚ ਜੇਤੂ ਪਾਰੀ ਖੇਡਣ ਵਾਲੇ ਬਜ਼ੁਰਗ ਸਿਆਸਤਦਾਨ ਪੰਡਿਤ ਬਾਲ ਮੁਕੰਦ ਸ਼ਰਮਾ ਦੀ ਪਿਛਲੇ ਲੰਬੇ ਸਮੇਂ ਤੋਂ ਕਾਂਗਰਸ ਵਿੱਚ ਪੁੱਛ ਪ੍ਰਤੀਤ ਨਾਂਹ ਦੇ ਬਰਾਬਰ ਸੀ ਤੇ ਕਦੇ ਵੀ ਕਿਸੇ ਕਾਂਗਰਸੀ ਆਗੂ ਜਾਂ ਨੇਤਾ ਵੱਲੋਂ ਉਨ੍ਹਾਂ ਦੀ ਸਲਾਹ ਤੱਕ ਨਹੀਂ ਲਈ ਜਾਂਦੀ ਸੀ। ਜਿਸ ਕਾਰਨ ਪੰਡਿਤ ਪਰਿਵਾਰ ਵਿੱਚ ਮਾਯੂਸੀ ਵੀ ਪਾਈ ਜਾ ਰਹੀ ਸੀ। ਉਧਰ ਅੱਜ ਸਵੇਰ ਤੋਂ ਹੀ ਸੁਖਬੀਰ ਬਾਦਲ ਦੇ ਪੰਡਿਤ ਜੀ ਨੂੰ ਮਿਲਣ ਆਉਣ ਦੀਆਂ ਖਬਰਾਂ ਨੇ ਰਾਜਸੀ ਹਲਕਿਆਂ ਵਿੱਚ ਇਹ ਚਰਚਾ ਜ਼ੋਰਸ਼ੋਰ ਨਾਲ ਫੈਲਾ ਦਿੱਤੀ ਕਿ ਪੰਡਿਤ ਬਾਲ ਮੁਕੰਦ ਸ਼ਰਮਾ ਅਕਾਲੀ ਦਲ ਵਿੱਚ ਸ਼ਾਮਲ ਹੋਣ ਜਾ ਰਹੇ ਹਨ ।
ਬਜ਼ੁਰਗ ਸਿਆਸਤਦਾਨ ਬਾਲ ਮੁਕੰਦ ਸ਼ਰਮਾ ਨਾਲ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਡਿਤ ਬਾਲ ਮੁਕੰਦ ਸ਼ਰਮਾ ਨਾਲ ਉਨ੍ਹਾਂ ਦੇ ਪੁਰਾਣੇ ਸਬੰਧ ਹਨ ਤੇ ਇਸੇ ਦੇ ਚਲਦਿਆਂ ਮੈਂ ਅੱਜ ਅਸ਼ੀਰਵਾਦ ਲੈਣ ਲਈ ਪੰਡਿਤ ਬਾਲ ਮੁਕੰਦ ਸ਼ਰਮਾ ਕੋਲ ਪਹੁੰਚਿਆ ਹਾਂ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਗੁੰਡਾ ਰਾਜ ਸਥਾਪਤ ਕੀਤਾ ਹੋਇਆ ਹੈ, ਜਿਸ ਕਾਰਨ ਲੋਕਾਂ ਦੇ ਮਨ ਵਿਚ ਦਹਿਸ਼ਤ ਦਾ ਮਾਹੌਲ ਹੈ। ਉਨ੍ਹਾਂ ਫਿਰੋਜ਼ਪੁਰ ਵਾਸੀਆਂ ਨੂੰ ਕਿਹਾ ਕਿ ਡਰਨ ਦੀ ਲੋੜ ਨਹੀਂ, ਆਉਣ ਵਾਲੇ ਸਮੇਂ ਵਿਚ ਵਿਕਾਸ ਦੀ ਹਨੇਰੀ ਲਿਆ ਦਿਆਂਗੇ ਅਤੇ ਜਿਹੜੇ ਗੁੰਡਾਗਰਦੀ ਕਰਦੇ ਹਨ, ਜੇਲ੍ਹਾਂ ਵਿਚ ਸੁੱਟ ਦਿੱਤੇ ਜਾਣਗੇ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੂਰੇ ਪੰਜਾਬ ਵਿਚ ਕਾਂਗਰਸ ਪਾਰਟੀ ਦੇ ਖਿਲਾਫ ਤੁਫਾਨ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀਆਂ ਨੀਤੀਆਂ ਨੇ ਪੰਜਾਬ ਦਾ ਭੱਠਾ ਬਿਠਾ ਕੇ ਰੱਖ ਦਿੱਤਾ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਅਸੀਂ ਡੇਰਾ ਬਿਆਸ ਤੋਂ ਸਮਰਥਨ ਨਹੀਂ ਲੈ ਰਹੇ ਜਦਕਿ ਕੁਝ ਕੁ ਮੀਡੀਆ ਵਾਲੇ ਹੀ ਅਕਾਲੀ ਦਲ ਨੂੰ ਡੇਰਾ ਬਿਆਸ ਤੋਂ ਸਮਰਥਨ ਲੈਣ ਸਬੰਧੀ ਰਿਪੋਰਟਾਂ ਛਾਪ ਰਹੇ ਹਨ।
ਇਸੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਡਿਤ ਬਾਲ ਮੁਕੰਦ ਸ਼ਰਮਾ ਦੇ ਪੁੱਤਰ ਗੁਲਸ਼ਨ ਸ਼ਰਮਾ ਨੇ ਦੱਸਿਆ ਕਿ 10-15 ਸਾਲ ਤੋਂ ਪੰਜਾਬ ਦੇ ਅੰਦਰ ਸਿਆਸਤ ਨਾਮ ਦੀ ਕੋਈ ਚੀਜ਼ ਹੀ ਨਹੀਂ। ਪੰਡਿਤ ਬਾਲ ਮੁਕੰਦ ਸ਼ਰਮਾ ਜਾਂ ਉਨ੍ਹਾਂ ਦੇ ਪਰਿਵਾਰ ਦੇ ਅਕਾਲੀ ਦਲ ਵਿਚ ਸ਼ਾਮਲ ਹੋਣ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਉਹ ਕਾਂਗਰਸੀ ਹਨ ਤੇ ਕਾਂਗਰਸੀ ਹੀ ਰਹਿਣਗੇ ਅਤੇ ਅਕਾਲੀ ਦਲ ਵਿਚ ਸ਼ਾਮਲ ਨਹੀਂ ਹੋਣਗੇ, ਬਲਕਿ ਬਾਹਰੀ ਸਪੋਟ ਅਕਾਲੀ ਦਲ ਦੀ ਕਰਨਗੇ। ਗੁਲਸ਼ਨ ਸ਼ਰਮਾ ਨੇ ਦੱਸਿਆ ਕਿ ਫਿਰੋਜਪੁਰ ਦਾ ਕੋਈ ਵੀ ਕਾਂਗਰਸੀ ਲੀਡਰ ਜਾਂ ਫਿਰ ਉਮੀਦਵਾਰ ਅੱਜ ਤੱਕ ਬਜ਼ੁਰਗ ਸਿਆਸਤਦਾਨ ਪਾਸ ਨਹੀਂ ਪਹੁੰਚਿਆ ਅਤੇ ਨਾ ਹੀ ਉਨ੍ਹਾਂ ਕੋਲੋਂ ਅਸ਼ੀਰਵਾਦ ਲਿਆ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦਾ ਆਉਣ ਵਾਲਾ ਮੁੱਖ ਮੰਤਰੀ ਦਾ ਦਾਅਵੇਦਾਰ ਸੀਨੀਅਰ ਲੀਡਰ ਸਾਡੇ ਘਰ ਚੱਲ ਕੇ ਆਇਆ ਤਾਂ ਸਾਡਾ ਫਰਜ਼ ਬਣਦਾ ਹੈ ਕਿ ਉਨ੍ਹਾਂ ਦੀ ਸਤਿਕਾਰ ਕਰੀਏ। ਉਨ੍ਹਾਂ ਕਿਹਾ ਕਿ ਉਹ ਸੁਖਬੀਰ ਸਿੰਘ ਬਾਦਲ ਦੇ ਪੂਰੀ ਤਰ੍ਹਾਂ ਨਾਲ ਹਨ ਅਤੇ ਵੋਟਾਂ ਵਿਚ ਵੀ ਪੂਰੀ ਸਪੋਟ ਕਰਨਗੇ।