← ਪਿਛੇ ਪਰਤੋ
ਫਿਰੋਜ਼ਪੁਰ 14 ਮਈ (ਗੁਰਿੰਦਰ ਸਿੰਘ)-: ਸਰਹੱਦੀ ਸ਼ਹਿਰ ਫਿਰੋਜ਼ਪੁਰ ਵਿਚ ਲੁੱਟਖੋਹਾਂ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਜਿਸ ਕਾਰਨ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਲੋਕ ਘਰਾਂ ਤੋਂ ਬਾਹਰ ਨਿਕਲਣਾ ਵੀ ਠੀਕ ਨਹੀਂ ਸਮਝ ਰਹੇ। ਅੱਜ ਫਿਰੋਜ਼ਪੁਰ ਸ਼ਹਿਰ ਦੇ ਅੰਦਰੂਨੀ ਖੇਤਰ ਵਿੱਚ ਭੀੜ-ਭਾੜ ਵਾਲੇ ਇਲਾਕੇ ਨਮਕ ਮੰਡੀ ਵਿੱਚ ਕੁਝ ਲੁਟੇਰਿਆਂ ਨੇ ਪਿਸਤੌਲ ਦੀ ਨੋਕ 'ਤੇ ਇਕ ਵਪਾਰੀ ਕੋਲੋਂ ਢਾਈ ਲੱਖ ਰੁਪਏ ਲੁੱਟ ਲਏ ਗਏ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਪੀੜਤ ਗੌਤਮ ਮੱਛਰਾਲ ਨੇ ਦੱਸਿਆ ਕਿ ਉਸ ਨੇ ਕਿਸੇ ਵਪਾਰੀ ਨੂੰ ਪੈਸੇ ਦੇਣੇ ਸਨ ਅਤੇ ਉਹ ਬੈਂਕ ਆਫ ਇੰਡੀਆ ਤੋਂ 5 ਲੱਖ ਰੁਪਏ ਕਢਵਾ ਕੇ ਵਪਾਰੀ ਨੂੰ ਦੇਣ ਵਾਸਤੇ ਜਾ ਰਿਹਾ ਸੀ। ਗੌਤਮ ਮੁਤਾਬਿਕ ਜਦੋਂ ਉਹ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਸ਼ੋਕ ਦੇ ਘਰ ਮੂਹਰੇ ਪਹੁੰਚਿਆ ਤਾਂ ਇਸ ਦੌਰਾਨ ਦੋ ਅਣਪਛਾਤੇ ਨੌਜ਼ਵਾਨ ਆਏ, ਜਿਨ੍ਹਾਂ ਨੇ ਉਸ ਤੋਂ ਰਸਤਾ ਪੁੱਛਿਆ ਅਤੇ ਇਸੇ ਦੌਰਾਨ ਹੀ ਉਕਤ ਨੌਜਵਾਨ ਉਸ ਦੇ ਹੱਥ ਵਿਚ ਫੜਿਆ ਪੈਸਿਆਂ ਵਾਲਾ ਲਿਫਾਫਾ ਖੋਹਣ ਲੱਗ ਪਏ। ਉਸ ਵੱਲੋਂ ਵਿਰੋਧ ਕਰਨ ਤੇ ਲੁਟੇਰਿਆਂ ਨੇ ਧਮਕੀ ਦਿੱਤੀ ਕਿ ਲਿਫਾਫਾ ਦੇ ਦਿਓ ਨਹੀਂ ਤਾਂ ਗੋਲੀ ਮਾਰ ਦਿਆਂਗੇ। ਗੌਤਮ ਮੁਤਾਬਿਕ ਜਦੋਂ ਉਸ ਨੇ ਲਿਫਾਫਾ ਨਾ ਛੱਡਿਆ ਤਾਂ ਹੋਈ ਹੱਥੋਂਪਾਈ ਵਿੱਚ ਰੁਪਿਆਂ ਵਾਲਾ ਲਿਫਾਫਾ ਫੱਟ ਗਿਆ, ਜਿਸ ਵਿਚੋਂ ਢਾਈ ਲੱਖ ਰੁਪਏ ਥੱਲੇ ਡਿੱਗ ਪਏ, ਜਿਨ੍ਹਾਂ ਨੂੰ ਉਕਤ ਲੁਟੇਰੇ ਲੈ ਕੇ ਫਰਾਰ ਹੋ ਗਏ। ਪੀੜਤ ਗੌਤਮ ਨੇ ਪੁਲਿਸ ਪ੍ਰਸਾਸ਼ਨ ਤੋਂ ਮੰਗ ਕੀਤੀ ਕਿ ਛੇਤੀ ਤੋਂ ਛੇਤੀ ਉਕਤ ਲੁਟੇਰਿਆਂ ਨੂੰ ਕਾਬੂ ਕੀਤਾ ਜਾਵੇ। ਦੂਜੇ ਪਾਸੇ ਪੁਲਿਸ ਦਾ ਦਾਅਵਾ ਹੈ ਕਿ ਜਲਦ ਹੀ ਲੁਟੇਰੇ ਕਾਬੂ ਕਰ ਲਏ ਜਾਣਗੇ।
Total Responses : 267