ਜੀ ਐਸ ਪੰਨੂ
ਪਟਿਆਲ਼ਾ 24ਮਈ 2019 - ਅਧਿਆਪਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰੇ ਕਰਨ ਤੋਂ ਪੰਜਾਬ ਸਰਕਾਰ ਦੇ ਪਿੱਛੇ ਹਟਣ ਦੇ ਫਲਸਰੂਪ ਲੋਕ ਸਭਾ ਚੋਣਾਂ ਦੇ ਗਰਮਾਏ ਮਾਹੌਲ ਦੌਰਾਨ ਸਰਕਾਰ ਨੂੰ ਅਧਿਆਪਕ ਵਰਗ ਦੇ ਵਿਆਪਕ ਰੋਹ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤਨਖਾਹ ਕਟੌਤੀ, ਕੱਚੇ ਅਧਿਆਪਕਾਂ ਨੂੰ ਪੱਕੇ ਨਾ ਕਰਨ, ਅਧਿਆਪਕਾਂ ਦੀਆਂ ਹਜ਼ਾਰਾਂ ਅਸਾਮੀਆਂ ਖਤਮ ਕਰਨ, ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਵਰਦੀਆਂ ਦੇਣ ਦੇ ਮਾਮਲੇ ਵਿੱਚ ਸਾਹਮਣੇ ਆ ਰਹੀਆਂ ਗੰਭੀਰ ਉਣਤਾਈਆਂ, ਸਕੂਲਾਂ ਵਿੱਚ ਹਾਲੇ ਤੱਕ ਵੀ ਪੂਰੀਆਂ ਕਿਤਾਬਾਂ ਨਾ ਪਹੁੰਚਾੳੇਣ ਅਤੇ ਅਧਿਆਪਕਾਂ ਦੇ ਚਿਰਾਂ ਤੋਂ ਲਟਕਦੇ ਮਸਲਿਆਂ ਨੂੰ ਹੱਲ ਨਾ ਕਰਨ ਦਾ ਸਿਆਸੀ ਸੇਕ ਲਾਜ਼ਮੀ ਤੌਰ ‘ਤੇ ਪੰਜਾਬ ਵਿੱਚ ਸੱਤਾ ‘ਤੇ ਕਾਬਜ਼ ਧਿਰ ਨੂੰ ਹੋਣ ਜਾ ਰਿਹਾ ਹੈ।
ਅਧਿਆਪਕ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ ’ਤੇ ਸੂਬੇ ਦੇ ਵੱਖ ਵੱਖ ਹਿੱਸਿਆਂ ਤੋਂ ਵੱਡੀ ਗਿਣਤੀ ਵਿੱਚ ਇਕੱਤਰ ਹੋਏ ਅਧਿਆਪਕਾਂ ਨੇ ਮੁੱਖ ਮੰਤਰੀ ਦੇ ਜੱਦੀ ਸ਼ਹਿਰ ਅਤੇ ਉਨ੍ਹਾਂ ਦੀ ਪਤਨੀ ਦੇ ਲੋਕ ਸਭਾ ਹਲਕਾ ਪਟਿਆਲਾ ਵਿੱਚ ਰੋਹ ਭਰਪੂਰ ‘ਝੰਡਾ ਮਾਰਚ’ ਕੱਢਿਆ। ਅਧਿਆਪਕਾਂ ਦਾ ਇੱਕ ਹਿੱਸਾ ਪਿੰਡ ਨੰਦਪੁਰ ਕੇਸ਼ੋ ਤੋਂ ਝੰਡਾ ਮਾਰਚ ਸ਼ੁਰੂ ਕਰਦਿਆਂ ਪਟਿਆਲਾ ਦਿਹਾਤੀ ਤੇ ਨਾਭਾ ਹਲਕੇ ਦੇ ਕਈ ਪਿੰਡਾਂ ਵਿੱਚੋਂ ਹੁੰਦਿਆਂ ਪਟਿਆਲਾ ਸ਼ਹਿਰ ਵਿੱਚ ਪਹੁੰਚਿਆ। ਜਦਕਿ ਦੂਜੇ ਵੱਡੇ ਕਾਫਲੇ ਨੇ ਪਿੰਡ ਫਤਿਹਗੜ੍ਹ ਛੰਨਾਂ ਤੋਂ ਝੰਡਾ ਮਾਰਚ ਸ਼ੁਰੂ ਕਰਕੇ ਸਮਾਣਾ ਚੋਣ ਹਲਕੇ ਦੇ ਦਰਜਨਾਂ ਪਿੰਡਾਂ ਦੇ ਨਾਲ ਨਾਲ ਸਮਾਣਾ ਤੇ ਪਟਿਆਲਾ ਸ਼ਹਿਰਾਂ ਦੇ ਪ੍ਰਮੁੱਖ ਹਿੱਸਿਆਂ ਵਿੱਚ ਵੀ ਲੋਕਾਂ ਦੇ ਬੁਨਿਆਦੀ ਮਸਲਿਆਂ ਨੂੰ ਹੱਲ ਕਰਨ ਵਿੱਚ ਨਾਕਾਮ ਰਹੀਂ ਪੰਜਾਬ ਸਰਕਾਰ ਦੀਆਂ ਨੀਤੀਆਂ ਦੇ ਪਾਜ਼ ਉਧੇੜੇ। ‘ਝੰਡਾ ਮਾਰਚ’ ਦੌਰਾਨ ਅਧਿਆਪਕਾਂ ਨੇ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਤੇ ਤਨਖਾਂਹ ਕਟੌਤੀ ਨੂੰ ਰੀਵਿਊ ਕਰਨ ਲਈ ਪੰਜਾਬ ਸਰਕਾਰ ਵੱਲੋਂ ਉੱਚ ਪੱਧਰੀ ਕਮੇਟੀ ਬਣਾਉਣ ਦੇ ਕੀਤੇ ਐਲਾਨ ‘ਤੇੇ ਖਰੇ ਨਾ ਉਤਰਣ ਅਤੇ ਅਧਿਆਪਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਨਾ ਕਰਨ ਖਿਲਾਫ ਤਿੱਖਾ ਰੋਸ ਪ੍ਰਗਟ ਕੀਤਾ।
ਤ੍ਰਿਪੜੀ ਮੋੜ ‘ਤੇ ਪੁੱਡਾ ਗਰਾਊਂਡ ਵਿਖੇ ਝੰਡਾ ਮਾਰਚ ਦੀ ਸਮਾਪਤੀ ਦੌਰਾਨ ਅਧਿਆਪਕਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਦਵਿੰਦਰ ਸਿੰਘ ਪੂਨੀਆ, ਸੁਖਵਿੰਦਰ ਸਿੰਘ ਚਾਹਲ, ਹਰਜਿੰਦਰ ਪਾਲ ਪੰਨੂ, ਪ੍ਰਵੀਨ ਕੁਮਾਰ, ਬਲਜੀਤ ਸਲਾਣਾ, ਹਰਦੀਪ ਟੋਡਰਪੁਰ, ਹਰਵਿੰਦਰ ਬਿਲਗਾ, ਦਲਜੀਤ ਸੈਫੀਪੁਰ, ਬਿਕਰਮਜੀਤ ਮਾਲੇਰਕੋਟਲਾ, ਗੁਰਿੰਦਰ ਘੁੱਕੇਵਾਲੀ,ਹਰਜੀਤ ਸਿੰਘ ਜੁਨੇਜਾ ਆਦਿ ਨੇ ਕਿਹਾ ਕਿ ਪੰਜਾਬ ਸਰਕਾਰ ਗਰੀਬ ਬੱਚਿਆਂ ਕੋਲੋਂ ਸਿੱਖਿਆ ਖੋਹ ਕੇ ਆਨੇ ਬਹਾਨੇ ਸਰਕਾਰੀ ਸਕੂਲਾਂ ਦਾ ਉਜਾੜਾ ਕਰ ਰਹੀ ਹੈ। ਪੰਜਾਬ ਵਿੱਚ ਸਾਲ 2017 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਪੰਜਾਬ ਦੇ ਲੋਕਾਂ ਨਾਲ਼ ਬਹੁਤ ਸਾਰੇ ਵਾਅਦੇ ਕੀਤੇ ਗਏ, ਪਰ ਅਫਸੋਸ ਕਿ ਦੋ ਸਾਲ ਬੀਤ ਜਾਣ ਤੋਂ ਬਾਅਦ ਵੀ ਉਹ ਵਾਅਦੇ ਵਫ਼ਾ ਨਹੀਂ ਹੋਏ। ਘਰ ਘਰ ਨੌਕਰੀ ਤਾਂ ਕੀ ਦੇਣੀ ਸੀ ਉਲਟਾ ਪਹਿਲਾ ਤੋਂ ਹੀ ਰੁਜਗਾਰ ਪ੍ਰਾਪਤ ਐੱਸ.ਐੱਸ.ਏ, ਰਮਸਾ, ਆਦਰਸ਼ ਮਾਡਲ ਸਕੂਲਾਂ ਦੇ ਅਧਿਆਪਕਾਂ ਨੂੰ ਅਖੌਤੀ ਪੱਕੇ ਕਰਨ ਦੇ ਨਾਂ ’ਤੇ ਤਨਖਾਹਾਂ ਵਿੱਚ 65 ਤੋਂ 75 ਫ਼ੀਸਦੀ ਕਟੌਤੀ ਕਰ ਦਿੱਤੀ ਗਈ। ਇਸੇ ਤਰ੍ਹਾਂ 5178 ਅਧਿਆਪਕਾਂ ਨੂੰ ਨਵੰਬਰ 2017 ਤੋਂ ਪੂਰੇ ਸਕੇਲ ‘ਤੇ ਰੈਗੂਲਰ ਨਿਯੁਕਤੀ ਪੱਤਰ ਨਹੀਂ ਦਿੱਤੇ ਗਏ, ਅਖੌਤੀ ਪੜੋ ਪੰਜਾਬ ਪ੍ਰੋਜੇਕਟ ਅਤੇ ਇਸ ਤਹਿਤ ਸਕੂਲਾਂ ਵਿੱਚੋਂ ਹਜ਼ਾਰਾਂ ਅਧਿਆਪਕਾਂ ਨੂੰ ਬਾਹਰ ਕਰਕੇ ਰਵਾਇਤੀ ਸਿੱਖਿਆ ਪ੍ਰਬੰਧ ਨੂੰ ਢਾਹ ਲਗਾਈ ਗਈ, ਪ੍ਰਾਇਮਰੀ ਸਕੂਲਾਂ ਦੇ ਹੈਡ ਟੀਚਰਾਂ ਤੇ ਮਿਡਲ ਸਕੂਲਾਂ ਦੀਆਂ ਹਜ਼ਾਰਾਂ ਅਸਾਮੀਆਂ ਖਤਮ ਕਰ ਦਿੱਤੀਆਂ ਗਈਆਂ, ਪੁਰਾਣੀ ਪੈਨਸਨ ਬਹਾਲ ਨਹੀਂ ਕੀਤੀ ਗਈ, ਸਾਰੇ ਤਰ੍ਹਾਂ ਦੇ ਵਲੰਟੀਅਰਾਂ, ਸਿੱਖਿਆ ਪ੍ਰੋਵਾਈਡਰਾਂ, ਆਦਰਸ਼ ਸਕੂਲ (ਪੀ.ਪੀ.ਪੀ ਮੋਡ), ਵੋਕੇਸ਼ਨਲ ਟ੍ਰੇਨਰ ਅਧਿਆਪਕਾਂ ਨੂੰ ਪੱਕੇ ਕਰਨ ਦੀ ਨੀਤੀ ਨਹੀਂ ਬਣਾਈ ਗਈ। ਆਈ.ਈ.ਆਰ.ਟੀ (ਵਿਸ਼ੇਸ਼ ਅਧਿਆਪਕਾਂ) ਅਤੇ ਪਿਕਟਸ ਅਧੀਨ ਕੰਮ ਕਰਦੇ ਰੈਗੂਲਰ ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਸ਼ਾਮਿਲ ਕਰਨ ਦਾ ਮੁੱਦਾ ਵੀ ਲਮਕਾ ਦਿੱਤਾ ਹੈ। ਇਸ ਤੋਂ ਬਿਨਾਂ ਅਖੌਤੀ ਵਿਜੀਲੈਂਸ ਜਾਂਚ ਅਤੇੇ ਬ੍ਰਿਜ ਕੋਰਸ ਦੇ ਨਾਂ ’ਤੇ ਅਧਿਆਪਕਾਂ ਦੀ ਖੱਜਲ਼ ਖੁਆਰੀ ਕੀਤੀ ਜਾ ਰਹੀ ਹੈ। ਅਧਿਆਪਕਾਂ ਦੇ ਸਾਰੇ ਕਾਡਰਾਂ ਦੀਆਂ ਤਰੱਕੀਆਂ ਕਰਨ,ਮਹਿੰਗਾਈ ਭੱਤੇ ਦੀਆਂ ਬਕਾਇਆ ਕਿਸ਼ਤਾਂ ਤੇ ਤਨਖਾਹ ਕਮਿਸ਼ਨ ਦੀ ਰਿਪੋਰਟ ਜਾਰੀ ਕਰਨ ਦਾ ਕੰਮ ਵੀ ਠੰਡੇ ਬਸਤੇ ਪਾ ਦਿੱਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਸਕੂਲੀ ਬੱਚਿਆਂ ਨੂੰ ਵੰਡੀਆਂ ਵਰਦੀਆਂ ਅਤਿ ਘਟੀਆ ਦਰਜੇ ਦੀਆਂ ਹਨ, ਜਿਸ ਵਿੱਚ ਲਗਭੱਗ 76 ਕਰੋੜ 56 ਲੱਖ ਦੇ ਘਪਲੇ ਦਾ ਖਦਸ਼ਾ ਅਧਿਆਪਕ ਸੰਘਰਸ਼ ਕਮੇਟੀ ਵੱਲੋਂ ਪ੍ਰਗਟਾਇਆ ਗਿਆ ਅਤੇ ਇਸ ਮਾਮਲੇ ਦੀ ੳੁੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਵੀ ਉਠਾਈ।
ਆਗੂਆਂ ਨੇ ਦੱਸਿਆ ਕਿ ਆਪਣੇ ਹੱਕ ਮੰਗਣ ਆਏ ਅਧਿਆਪਕਾਂ ਉੱਪਰ 10 ਫਰਵਰੀ ਨੂੰ ਪਟਿਆਲਾ ਸ਼ਹਿਰ ਵਿੱਚ ਹੀ ਹੱਢ ਚੀਰਵੀਂ ਠੰਡ ਵਿੱਚ ਪਾਣੀ ਦੀਆਂ ਬੁਛਾੜਾਂ ਮਾਰ ਕੇ ਭਿਆਨਕ ਲਾਠੀ ਚਾਰਜ ਕੀਤਾ ਗਿਆ ਜਿਸ ਦੀ ਯਾਦ ਹਾਲੇ ਵੀ ਪੰਜਾਬ ਦੇ ਲੋਕਾਂ ਦੇ ਜ਼ਹਿਨ ਵਿੱਚ ਤਾਜ਼ਾ ਹੈ। ਸਿੱਖਿਆ ਸਕੱਤਰ ਵੱਲੋਂ ਆਏ ਦਿਨ ਨਵੇਂ ਤੁਗਲਕੀ ਫ਼ੁਰਮਾਨ ਜਾਰੀ ਕਰਕੇ ਅਧਿਆਪਕਾਂ ਅਤੇ ਸਿੱਖਿਆ ਅਧਿਕਾਰੀਆਂ ਨਾਲ਼ ਬਦਸਲੂਕੀ ਦੇ ਮਾਮਲੇ ਸਾਹਮਣੇ ਆ ਰਹੇ ਹਨ, ਜਿਸ ਕਰਕੇ ਜਨਤਕ ਸਿੱਖਿਆ ਨੰੰ ਬਚਾਉਣ ਅਤੇ ਅਧਿਆਪਕਾਂ ਦਾ ਮਾਣ ਸਨਮਾਨ ਬਹਾਲ ਕਰਵਾਉਣ ਲਈ ਅਧਿਆਪਕ ਸੰਘਰਸ਼ ਕਮੇਟੀ ਨੇ 3 ਅਤੇ 4 ਜੂਨ ਨੂੰ ਮੋਹਾਲੀ ਵਿਖੇ ਧਰਨਾ ਲਗਾ ਕੇ ਸਿੱਖਿਆ ਸਕੱਤਰ ਦੇ ਦਫਤਰ ਦਾ ਘਿਰਾਓ ਕਰਨ ਦਾ ਐਲਾਨ ਵੀ ਕੀਤਾ।
ਇਸ ਮੌਕੇ ਸਤਵੀਰ ਰੌਣੀ, ਗੁਰਬਾਜ ਸਿੰਘ ਭੁੱਲਰ, ਵਿਕਰਮ ਦੇਵ ਸਿੰਘ, ਗੁਰਵਿੰਦਰ ਸ਼ਸ਼ਕੋਰ, ਸੁਖਦੀਪ ਤਪਾ, ਕ੍ਰਿਸ਼ਨ ਕੁਮਾਰ, ਕਰਮਜੀਤ ਨਦਾਮਪੁਰ, ਸੁਖਵਿੰਦਰ ਸਿੰਘ, ਬਲਜੀਤ ਸਿੰਘ, ਲਛਮਣ ਸਿੰਘ ਨਬੀਪੁਰ, ਜੋਗਾ ਸਿੰਘ ਘਨੌਰ, ਸੁਖਚੈਨ ਗੁਰਨੇ, ਗੁਰਪ੍ਰੀਤ ਗੂਰੀ, ਤਜਿੰਦਰ ਕੌਰ, ਹਰਮਨ ਸਿੰਘ, ਅਵਤਾਰ ਗੰਡਾ, ਗੁਰਬਾਜ ਸਿੰਘ, ਸਵਰਨਜੀਤ ਸਿੰਘ ਵਿਰਦੀ, ਅਤਿੰਦਰ ਘੱਗਾ, ਮਨੌਜ ਘਈ, ਰਣਜੀਤ ਮਾਨ ਆਦਿ ਮੌਜੂਦ ਰਹੇ।