ਅਨੰਦਪੁਰ ਸਾਹਿਬ, 15 ਮਈ 2019 (ਚੋਵੇਸ਼ ਲਟਾਵਾ) - ਮੋਟਰਸਾਈਕਲ ਸਵਾਰ 6 ਸਿੱਖ ਮੈਬਰਾਂ ਦਾ ਜੱਥਾ ਅੱਜ ਅਨੰਦਪੁਰ ਸਾਹਿਬ ਵਿਖੇ ਪੁੱਜਿਆ। ਜਿੱਥੇ ਸਿੱਖ ਸੰਗਤ ਨੇ ਇਸ ਜੱਥੇ ਦਾ ਅਨੰਦਪੁਰ ਸਾਹਿਬ ਪੁੱਜਣ 'ਤੇ ਨਿੱਘਾ ਸਵਾਗਤ ਕੀਤਾ। ਜਿਸ ਤੋਂ ਬਾਅਦ ਸਿੱਖ ਜੱਥੇ ਨੇ ਗੁਰਦੁਆਰਾ ਕੇਸਗੜ੍ਹ ਸਾਹਿਬ ਵਿਖੇ ਆਪਣੀ ਹਾਜਰੀ ਲਵਾਈ। ਤੁਹਾਨੂੰ ਦੱਸ ਦੇਈਏ ਕਿ ਇਹ ਜੱਥਾ ਪਿਛਲੇ ਦਿਨੀਂ ਵਾਹਘਾ ਬਾਰਡਰ ਰਾਹੀਂ ਭਾਰਤ ਦਾਖਲ ਹੋਇਆ ਸੀ। ਇਹ ਜੱਥਾ ਕਨੇਡਾ ਤੋਂ ਚੱਲਿਆ ਸੀ ਅਤੇ 20 ਵੱਖ-ਵੱਖ ਮੁਲਕਾਂ 'ਚੋਂ ਹੁੰਦਾ ਹੋਇਆ ਭਾਰਤ ਪਹੁੰਚਿਆ ਹੈ। ਇਸ ਜੱਥੇ ਦਾ ਮੁੱਖ ਮੰਤਵ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸਿੱਖੀ ਦੇ ਫਲਸਫੇ ਨੂੰ ਲੋਕਾਂ ਤੱਕ ਪਹੁੰਚਾਉਣਾ ਹੈ।
ਇਸ ਸਿੱਖ ਜੱਥੇ ਨੇ ਦੱਸਿਆ ਕਿ ਇਸ ਮੋਟਰਸਾਈਕਲ ਯਾਤਰਾ ਨੂੰ 'ਚੇਤਨਾ ਮਾਰਚ' ਦਾ ਨਾਂਅ ਦਿੱਤਾ ਗਿਆ ਹੈ। ਉਹਨਾਂ ਨੇ ਕਨੇਡਾ ਤੋਂ ਲੈ ਕੇ ਭਾਰਤ ਤੱਕ ਪਹੁੰਚਣ ਸਮੇਂ ਦੀਆਂ ਮੁਸ਼ਕਿਲਾਂ ਦਾ ਵੀ ਜ਼ਿਕਰ ਕੀਤਾ। ਪਰ ਉਹਨਾਂ ਕਿਹਾ ਕਿ ਵਾਹਿਗੁਰੂ ਦੀ ਕਿਰਪਾ ਨਾਲ ਬਿਨਾਂ ਕਿਸੇ ਰੁਕਾਵਟ ਦੇ ਇਹ ਯਾਤਰਾ ਪੰਜਾਬ ਤੱਕ ਪੂਰੀ ਹੋਈ।