ਪਟਿਆਲਾ, 16 ਮਈ 2019 (ਜੀ ਅੇੱਸ ਪੰਨੂ) - ਜ਼ਿਲ੍ਹਾ ਬਾਰ ਐਸੋਸੀਏਸ਼ਨ ਪਟਿਆਲਾ ਵਲੋਂ ਪਰਨੀਤ ਕੌਰ ਨੂੰ ਖੁੱਲ੍ਹਾ ਸਮਰਥਨ ਦੇਣ ਦਾ ਐਲਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਾਜ਼ਰੀ ਵਿੱਚ ਐਸੋਸੀਏਸ਼ਨ ਦੇ ਪ੍ਰਧਾਨ ਜਤਿੰਦਰ ਪਾਲ ਸਿੰਘ ਘੁੰਮਣ ਅਤੇ ਸੈਕਟਰੀ ਸਚਿਨ ਸ਼ਰਮਾ ਨੇ ਕੀਤਾ ਅਤੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਪਰਨੀਤ ਕੌਰ ਸਾਡੇ ਪਰਿਵਾਰ ਵਾਂਗ ਹਨ।
ਮੁੱਖ ਮੰਤਰੀ ਨੇ ਵਕੀਲਾਂ ਨੂੰ ਕਿਹਾ ਕਿ ਉਹ ਪਟਿਆਲਾ ਬਾਰ ਐਸੋਸੀਏਸ਼ਨ ਦੀ ਹਰ ਮੰਗ ਪਹਿਲ ਦੇ ਅਧਾਰ ਤੇ ਹੱਲ ਕਰਨਗੇ ਤੇ ਅਸੀ ਐਸੋਸੀਏਸ਼ਨ ਨਾਲ ਹਮੇਸਾ ਖੜਦੇ ਰਹਾਂਗੇ। ਪਿਛਲੀ ਸਰਕਾਰ ਦੇ ਦੁਰਪ੍ਰਬੰਧਾਂ ਦਾ ਖਮਿਆਜਾ ਸਾਡੀ ਸਰਕਾਰ ਭੁਗਤ ਰਹੀ ਹੈ, ਜਿਸ ਕਰਾਨ ਸੂਬੇ ਦੇ ਲੋਕਾਂ ਨੂੰ ਵੀ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੇਰੁਜ਼ਗਾਰੀ ਅਤੇ ਆਰਥਿਕ ਸਮੱਸਿਆਵਾਂ ਲਈ ਉਦਯੋਗੀਕਰਨ ਨੂੰ ਇੱਕੋਂ ਇੱਕ ਹੱਲ ਦਸਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਪਟਿਆਲਾ ਨੂੰ ਉਦਯੋਗ ਦਾ ਧੁਰਾ ਬਣਾਵੇਗੀ ਅਤੇ ਪਟਿਆਲਾ ਦੇ ਨੌਜਾਵਨਾਂ ਲਈ 1 ਲੱਖ ਹੋਰ ਨੌਕਰੀਆਂ ਪੈਦਾ ਕਰੇਗੀ। ਮੁੱਖ ਮੰਤਰੀ ਨੇ ਕਿਹਾ ਕਿ ਸਾਡੇ ਦੇਸ਼ ਦੀ ਬਦ ਕਿਸਮਤੀ ਹੈ ਕਿ ਦੇਸ਼ ਦਾ ਪ੍ਰਧਾਨ ਮੰਤਰੀ ਸਰਹੱਦ 'ਤੇ ਦੁਸ਼ਮਣਾ ਨਾਲ ਲੜਨ ਦਾ ਸਿਹਰਾ ਵੀ ਆਪਣੇ ਸਿਰ ਬੰਨ ਰਿਹਾ ਹੈ। ਉਹਨਾਂ ਕਿਹਾ ਕਿ ਥਲ ਅਤੇ ਹਵਾਈ ਫ਼ੌਜਾਂ ਦੀਆਂ ਪ੍ਰਾਪਤੀਆਂ ਉੱਤੇ ਪੰਜਾਬ ਨੂੰ ਮਾਣ ਹੈ, ਪਰ ਪੰਜਾਬ ਸਰਹੱਦੀ ਸੂਬਾ ਹੋਣ ਕਰਕੇ ਜੰਗ ਨਹੀਂ ਚਾਹੁੰਦਾ।
ਉਹਨਾਂ ਕਿਹਾ ਕਿ ਬਾਰ ਐਸੋਸੀਏਸ਼ਨ ਸਮੇਤ ਪੂਰਾ ਪਟਿਆਲਾ ਹੀ ਉਹਨਾਂ ਦੇ ਪਰਿਵਾਰ ਵਾਂਗ ਹੈ ਅਤੇ ਉਹ ਪਰਿਵਾਰ ਦੀ ਬਿਹਤਰੀ ਲਈ ਹਰ ਸਮੇਂ ਹਰ ਮੈਂਬਰ ਲਈ ਤੱਤਪਰ ਰਹਿੰਦੇ ਹਨ। ਪਰਨੀਤ ਕੌਰ ਨੇ ਭਰੋਸਾ ਦੁਆਇਆ ਕਿ ਉਹ ਸਾਰੇ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਲਈ ਹਰ ਸੰਭਵ ਯਤਨ ਕਰਨਗੇ।
ਇਸ ਮੌਕੇ ਬਾਰ ਐਸੋਸੀਏਸ਼ਨ ਵਲੋਂ ਪ੍ਰਧਾਨ ਜਤਿੰਦਰਪਾਲ ਸਿੰਘ ਘੁੰਮਣ, ਸੈਕਟਰੀ ਸਚਿਨ ਸ਼ਰਮਾ, ਮੀਤ ਪ੍ਰਧਾਨ ਸ਼ਿਵਮ ਸ਼ਰਮਾ, ਖਜਾਨਚੀ ਪਵਨ ਕੁਮਾਰ, ਲਾਇਬਰੇਰੀਅਨ ਪੰਕਜ ਸ਼ਰਮਾ ਅਤੇ ਹੋਰਨਾਂ ਨੂੰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਪਰਨੀਤ ਕੌਰ ਨੂੰ ਇੱਕ ਯਾਦਗਾਰੀ ਫੋਟੋ ਦੇ ਕੇ ਸਨਮਾਨਤ ਕੀਤਾ ਗਿਆ।