ਯਾਦਵਿੰਦਰ ਸਿੰਘ ਤੂਰ
ਚੰਡੀਗੜ੍ਹ, 17 ਮਈ 2019 - ਜਿਥੇ ਇੱਕ ਪਾਸੇ ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਅੰਦਰ ਸਿਆਸੀ ਧਿਰਾਂ ਇੱਕ ਦੂਜੇ ਦੀਆਂ ਕਮੀਆਂ ਗਿਣਾਉਣ 'ਤੇ ਲੱਗੀਆਂ ਹੋਈਆਂ ਹਨ, ਉਥੇ ਹੀ ਪੰਜਾਬ ਦੀ ਸਿਆਸਤ 'ਚ ਇੰਨ੍ਹੀ ਦਿਨੀਂ ਚਰਚਾ ਦਾ ਵਿਸ਼ਾ ਬਣਿਆ ਸਿੱਧੂ ਜੋੜਾ ਆਪਣੀ ਹੀ ਸਰਕਾਰ ਦੀਆਂ ਅਸਿੱਧੇ ਤੌਰ 'ਤੇ ਕਮੀਆਂ ਸ਼ਰੇਆਮ ਪੰਡਾਲਾਂ 'ਚ ਗਿਣਵਾ ਰਿਹਾ ਹੈ। ਤਾਜ਼ਾ ਮਾਮਲੇ 'ਤੇ ਝਾਤ ਮਾਰੀਏ ਤਾਂ ਹਾਲ ਹੀ ਵਿਚ ਮੈਡਮ ਸਿੱਧੂ ਦਾ ਫੇਰ ਤੋਂ ਬਿਆਨ ਆਇਆ ਹੈ ਜਿਸ 'ਚ ਉਨ੍ਹਾਂ ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਨੂੰ ਖਾਰਜ ਕੀਤਾ ਹੈ। ਮੈਡਮ ਸਿੱਧੂ ਨੇ ਕੈਪਟਨ ਵੱਲੋਂ ਬਠਿੰਡਾ ਤੋਂ ਨਵਜੋਤ ਕੌਰ ਸਿੱਧੂ ਨੂੰ ਲੜਨ ਦੀ ਪੇਸ਼ਕਸ਼ ਵਾਲੇ ਬਿਆਨ 'ਤੇ ਬੋਲਦਿਆਂ ਕਿਹਾ ਕਿ ਉਹ ਆਪਣੇ ਘਰ ਅੰਮ੍ਰਿਤਸਰ ਨੂੰ ਛੱਡ ਕੇ ਹੋਰ ਕਿਤੇ ਨਹੀਂ ਜਾਣਾ ਚਾਹੁੰਦੇ ਸਨ। ਉਨ੍ਹਾਂ ਕਿਹਾ ਕਿ ਕੈਪਟਨ ਤੇ ਆਸ਼ਾ ਕੁਮਾਰੀ ਨੇ ਅੰਮ੍ਰਿਤਸਰ ਰੇਲ ਕਾਂਡ ਕਾਰਨ ਹੀ ਉਨ੍ਹਾਂ ਨੂੰ ਉਥੋਂ ਲੜਨ ਨਹੀਂ ਦਿੱਤਾ।
ਮੈਡਮ ਸਿੱਧੂ ਨੇ ਕੈਪਟਨ ਦੇ ਲੰਘੀ ਦੇਰ ਰਾਤ ਦੇ ਅਸਤੀਫੇ ਵਾਲੇ ਬਿਆਨ 'ਤੇ ਬੋਲਦਿਆਂ ਕਿਹਾ ਕਿ, ਬੇਸ਼ੱਕ ਇਹ ਜ਼ਿੰਮੇਵਾਰੀ ਇੱਕ ਮੁਖੀ ਦੀ ਹੀ ਹੁੰਦੀ ਹੈ ਕਿ ਜੇਕਰ ਉਨ੍ਹਾਂ ਦੀ ਪਾਰਟੀ ਸਾਰੀਆਂ ਸੀਟਾਂ ਤੋਂ ਹਾਰਦੀ ਹੈ ਤਾਂ ਉਸਦਾ ਜ਼ਿੰਮਾ ਕੈਪਟਨ ਸਿਰ ਹੀ ਲੱਗੇਗਾ। ਪਰ ਮੈਡਮ ਸਿੱਧੂ ਨੇ ਕਿਹਾ ਕਿ, 'ਫਿਲਹਾਲ ਅਜਿਹੀ ਵੀ ਕੋਈ ਗੱਲ ਨਹੀਂ ਕਿ ਕਾਂਗਰਸ ਪੰਜਾਬ 'ਚੋਂ ਸਾਰੀਆਂ ਸੀਟਾਂ ਹੀ ਹਾਰ ਜਾਵੇ ਤੇ ਨਾ ਹੀ ਕੋਈ ਅਜਿਹੀ ਸਥਿਤਿ ਹੈ ਕਿ ਸਾਰੀਆਂ ਸੀਟਾਂ ਤੋਂ ਜਿੱਤ ਹਾਸਲ ਕਰੇ।' ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਪਿਛਲੇ 2 ਸਾਲਾਂ 'ਚ ਉਹ ਕੰਮ ਨਹੀਂ ਕੀਤੇ ਜੋ ਇਸਨੂੰ ਕਰਨੇ ਚਾਹੀਦੇ ਸਨ। ਮੈਡਮ ਸਿੱਧੂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਨੇ 2 ਸਾਲਾਂ 'ਚ ਆਪਣੇ ਕੀਤੇ ਵਾਅਦਿਆਂ 'ਤੇ ਕੰਮ ਕੀਤਾ ਹੁੰਦਾ ਤਾਂ ਹੋ ਸਕਦਾ ਸੀ ਇਸ ਲੋਕ ਸਭਾ ਚੋਣਾਂ 'ਚੋਂ 13 ਦੀਆਂ 13 ਸੀਟਾਂ ਕਾਂਗਰਸ ਦੀ ਝੋਲੀ ਪੈ ਜਾਂਦੀਆਂ।
ਉਧਰ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਵੀ ਅੱਜ ਆਪਣੀ ਹੀ ਸਰਕਾਰ ਖਿਲਾਫ ਬੋਲਦੇ ਨਜ਼ਰ ਆਏ। ਅੱਜ ਰਾਜਾ ਵੜਿੰਗ ਦੇ ਹੱਕ 'ਚ ਸ੍ਰੀ ਮੁਕਤਸਰ ਸਾਹਿਬ ਵਿਖੇ ਚੋਣ ਪ੍ਰਚਾਰ ਦੌਰਾਨ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੂੰ ਕੁਰਸੀਆਂ ਦਾ ਕੋਈ ਲਾਲਚ ਨਹੀਂ। ਉਨ੍ਹਾਂ ਕਿਹਾ ਕਿ ਬੜੇ ਜਣੇ ਅੱਜ ਅਸਤੀਫਿਆਂ ਦੀ ਗੱਲ ਕਰ ਰਹੇ ਨੇ। ਉਨ੍ਹਾਂ ਕਿਹਾ ਕਿ, ''ਜੇਕਰ ਬੇਅਦਬੀ ਦੇ ਮਾਮਲੇ ’ਤੇ ਇਨਸਾਫ਼ ਨਾ ਮਿਲਿਆ ਤਾਂ ਸਿੱਧੂ ਅਸਤੀਫ਼ਾ ਦੇ ਕੇ ਦਿਖਾਏਗਾ।'' ਸਿੱਧੂ ਨੇ ਕਿਹਾ ਕਿ ਪੰਜਾਬ 'ਚ ਫ੍ਰੈਂਡਲੀ ਮੈਚ ਖੇਡਿਆ ਜਾ ਰਿਹਾ ਹੈ।
ਇਥੇ ਜ਼ਿਕਰਯੋਗ ਹੈ ਕਿ ਸਿੱਧੂ ਜੋੜਾ ਪਿਛਲੇ ਕੁਝ ਦਿਨਾਂ ਤੋਂ ਆਪਣੀ ਹੀ ਪਾਰਟੀ ਨਾਲ ਨਰਾਜ਼ ਦਿਖਾਈ ਦੇ ਰਹੇ ਨੇ। ਮੈਡਮ ਸਿੱਧੂ ਨੂੰ ਟਿਕਟ ਨਾ ਮਿਲਣ ਤੋਂ ਬਾਅਦ ਦੋਹਾਂ ਨੇ ਕੈਪਟਨ ਵਿਰੁੱਧ ਅਸਿੱਧੇ ਤੌਰ 'ਤੇ ਬਗਾਵਤ ਸ਼ੁਰੂ ਕਰ ਦਿੱਤੀ ਹੈ।
ਵੀਡੀੳ ਦੇਖਣ ਲਈ ਹੇਠ ਲਿੰਕ 'ਤੇ ਕਲਿੱਕ ਕਰੋ :-
https://www.facebook.com/sherryontopp/videos/474744326602838/