ਦੇਵਾਂ ਨੰਦ ਸ਼ਰਮਾ
ਫਰੀਦਕੋਟ 18 ਮਈ 2019: ਭਲਕੇ 19 ਮਈ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਜਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਅੱਜ ਲੋਕ ਸਭਾ ਹਲਕਾ 09 ਫਰੀਦਕੋਟ ਲਈ ਫਰੀਦਕੋਟ ਜਿਲ੍ਹੇ ਨਾਲ ਸਬੰਧਤ 3 ਵਿਧਾਨ ਸਭਾ ਹਲਕਿਆਂ ਫਰੀਦਕੋਟ, ਕੋਟਕਪੂਰਾ ਅਤੇ ਜੈਤੋ ਲਈ ਪੋਲਿੰਗ ਪਾਰਟੀਆਂ, ਪੋਲਿੰਗ ਸਟੇਸ਼ਨਾਂ ਲਈ ਰਵਾਨਾ ਕਰ ਦਿੱਤੀਆਂ ਗਈਆਂ ਹਨ । ਇਹ ਜਾਣਕਾਰੀ ਜਿਲ੍ਹਾ ਚੋਣ ਅਫਸਰ ਕਮ ਰਿਟਰਨਿੰਗ ਅਫਸਰ ਲੋਕ ਸਭਾ ਹਲਕਾ ਫਰੀਦਕੋਟ ਸ੍ਰੀ ਕੁਮਾਰ ਸੌਰਭ ਰਾਜ ਨੇ ਦਿੱਤੀ।
ਸ੍ਰੀ ਕੁਮਾਰ ਸੌਰਭ ਰਾਜ ਨੇ ਦੱਸਿਆ ਕਿ 09 ਲੋਕ ਸਭਾ ਹਲਕਾ ਅਧੀਨ ਕੁੱਲ 9 ਵਿਧਾਨ ਸਭਾ ਹਲਕੇ ਆਉਂਦੇ ਹਨ ਅਤੇ ਇਸ ਹਲਕੇ ਤੋਂ ਕੁੱਲ 20 ਉਮੀਦਵਾਰ ਚੋਣ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਪੂਰੇ ਲੋਕ ਸਭਾ ਹਲਕੇ ਵਿੱਚ 15 ਲੱਖ 35 ਹਜ਼ਾਰ 716 ਵੋਟਰ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ 19 ਮਈ ਨੂੰ ਕਰਨਗੇ। ਉਨ੍ਹਾਂ ਕਿਹਾ ਕਿ ਲੋਕ ਸਭਾ ਹਲਕੇ ਫਰੀਦਕੋਟ ਲਈ ਕੁੱਲ 1613 ਪੋਲਿੰਗ ਸਟੇਸ਼ਨ ਬਣਾਏ ਗਏ ਹਨ । ਉਨ੍ਹਾਂ ਦੱਸਿਆ ਕਿ ਫਰੀਦਕੋਟ ਜਿਲ੍ਹੇ ਦੇ 3 ਵਿਧਾਨ ਸਭਾ ਹਲਕਿਆਂ ਫਰੀਦਕੋਟ, ਕੋਟਕਪੂਰਾ ਅਤੇ ਜੈਤੋ ਵਿੱਚ ਕੁੱਲ 483 ਪੋਲਿੰਗ ਸਟੇਸ਼ਨ ਬਣਾਏ ਗਏ ਹਨ ਅਤੇ ਜਿਲ੍ਹੇ ਦੇ 4 ਲੱਖ 64 ਹਜ਼ਾਰ 939 ਵੋਟਰ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਨਗੇ। ਉਨ੍ਹਾਂ ਕਿਹਾ ਕਿ ਜਿਲ੍ਹੇ ਵਿੱਚ 9 ਮਾਡਲ ਪੋਲਿੰਗ ਬੂਥਾਂ ਅਤੇ 3 ਸਖੀ ਪੋਲਿੰਗ ਬੂਥ ( ਵੂਮੈਨ ਪੋਲਿੰਗ ਬੂਥ ) ਬਣਾਏ ਗਏ ਹਨ । ਉਨ੍ਹਾਂ ਦੱਸਿਆ ਕਿ ਪੋਲਿੰਗ ਡਿਊਟੀ ਲਈ 2 ਹਜ਼ਾਰ ਦੇ ਕਰੀਬ ਅਧਿਕਾਰੀ ਕਰਮਚਾਰੀ ਤਾਇਨਾਤ ਕੀਤੇ ਗਏ ਹਨ ਜਦ ਕਿ ਸੁਰੱਖਿਆ ਲਈ 1500 ਤੋਂ ਵੱਧ ਪੰਜਾਬ ਪੁਲਿਸ, ਕੇਂਦਰੀ ਸੁਰੱਖਿਆ ਬਲਾਂ ਦੇ ਜਵਾਨ ਅਤੇ ਅਧਿਕਾਰੀ ਸੁਰੱਖਿਆ ਦੇ ਪ੍ਰਬੰਧ ਦੇਖਣਗੇ।
ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਸੌਰਭ ਰਾਜ ਨੇ ਜਿਲ੍ਹੇ ਦੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ 19 ਮਈ ਨੂੰ ਸਵੇਰੇ 7 ਵਜੋਂ ਤੋਂ ਲੈ ਕੇ ਸ਼ਾਮ 6 ਵਜੇ ਤੱਕ ਪੋਲਿੰਗ ਸਟੇਸ਼ਨਾਂ ਤੇ ਜਾ ਕੇ ਬਿਨਾਂ ਕਿਸੇ ਡਰ, ਭੈਅ ਜਾਂ ਲਾਲਚ ਦੇ ਵੱਧ ਚੜ੍ਹ ਕੇ ਮਤਦਾਨ ਕਰਨ ਅਤੇ ਲੋਕਤੰਤਰ ਦੀ ਮਜ਼ਬੂਤੀ ਲਈ ਆਪਣਾ ਹਿੱਸਾ ਪਾਉਣ। ਉਨ੍ਹਾਂ ਕਿਹਾ ਕਿ ਚੋਣ ਅਮਲ ਦੌਰਾਨ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ਵਿੱਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਜੇਕਰ ਕੋਈ ਵਿਅਕਤੀ ਕਿਸੇ ਵੀ ਵੋਟਰ ਨੂੰ ਲਾਲਚ ਜਾਂ ਕਿਸੇ ਤਰ੍ਹਾਂ ਦੇ ਡਰਾਵੇਂ ਦਿੰਦਾ ਹੈ ਤਾਂ ਇਸ ਸਬੰਧੀ ਚੋਣ ਕਮਿਸ਼ਨ ਦੀ ਹੈਲਪ ਲਾਈਨ ਨੰਬਰ 1950 ਜਾਂ ਸੀ-ਵਿਜ਼ਿਲ ਐਪ ਤੇ ਸ਼ਿਕਾਇਤ ਕੀਤੀ ਜਾ ਸਕਦੀ ਹੈ ।
ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਸੌਰਭ ਰਾਜ ਨੇ ਦੱਸਿਆ ਕਿ ਇਸ ਵਾਰ ਸਾਰੇ ਬੂਥਾਂ ਤੇ ਵੀਵੀਪੀਏਟੀ ਮਸ਼ੀਨਾਂ ਲਗਾਈਆਂ ਗਈਆਂ ਹਨ ਜੋ ਕਿ ਜਿੱਥੇ ਵੋਟਰ ਵੋਟ ਪਾਉਣ ਲਈ ਮਸ਼ੀਨ ਦੇ ਬੈਲਟ ਯੁਨਿਟ ਤੇ ਆਪਣੀ ਪਸੰਦ ਦੇ ਉਮੀਦਵਾਰ ਦਾ ਬਟਨ ਦਵਾਏਗਾ ਤਾਂ ਉਸਨੂੰ ਨਾਲ ਰੱਖੀ ਵੀਵੀਪੀਏਟ ਮਸ਼ੀਨ ਦੀ ਸਕਰੀਨ ਤੇ ਇਕ ਪਰਚੀ ਦਿਖਾਈ ਦੇਵੇਗੀ ਜਿਸ ਤੇ ਉਹ ਜਾਣ ਸਕੇਗਾ ਕਿ ਉਸਦੀ ਵੋਟ ਠੀਕ ਉਸ ਉਮੀਦਵਾਰ ਨੂੰ ਪੈ ਗਈ ਹੈ ਜਿਸ ਦੇ ਨਾਂਅ ਦੇ ਸਾਹਮਣੇ ਵਾਲਾ ਬਟਨ ਉਸਨੇ ਦਬਾਇਆ ਹੈ। ਇਹ ਪਰਚੀ 7 ਸੈਕੰਡ ਤੱਕ ਦਿਖਾਈ ਦਿੰਦੀ ਰਹੇਗੀ ਅਤੇ ਫਿਰ ਕੱਟ ਕੇ ਮਸ਼ੀਨ ਦੇ ਅੰਦਰ ਹੀ ਬਣੇ ਬਕਸੇ ਵਿਚ ਸੁਰੱਖਿਅਤ ਹੋ ਜਾਵੇਗੀ। ਇਸ ਤੋਂ ਬਿਨਾਂ ਪੋਲਿੰਗ ਬੂਥ ਦੇ 100 ਮੀਟਰ ਦੇ ਘੇਰੇ ਅੰਦਰ ਮੋਬਾਇਲ ਫੋਨ ਲੈ ਕੇ ਜਾਣ ਤੇ ਪਾਬੰਦੀ ਹੋਵੇਗੀ।