ਫਿਰੋਜ਼ਪੁਰ 18 ਮਈ (ਗੁਰਿੰਦਰ ਸਿੰਘ ) ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਮੋਟਰਸਾਈਕਲ ਯਾਤਰਾ ਰਾਹੀਂ 22 ਦੇਸ਼ਾਂ ਦਾ ਸਫਰ ਤੈਅ ਕਰਕੇ ਸੜਕੀ ਰਸਤੇ ਕੈਨੇਡਾ ਤੋਂ ਪੰਜਾਬ ਪਹੁੰਚੇ ਸਿੱਖ ਮੋਟਰਸਾਈਕਲ ਕਲੱਬ ਬੀ.ਸੀ. ਕੈਨੇਡਾ ਦੇ ਵੰਨ ਸਿੱਖ ਏਡ ਨਾਲ ਸਬੰਧਤ 6 ਨੌਜਵਾਨਾਂ ਵਿੱਚੋਂ ਮਨਦੀਪ ਸਿੰਘ ਜੰਟਾ ਧਾਲੀਵਾਲ ਤੇ ਇੰਜੀ: ਜਸਮੀਤਪਾਲ ਸਿੰਘ ਅੱਜ ਪ੍ਰੈੱਸ ਕਲੱਬ ਫਿਰੋਜ਼ਪੁਰ ਵਿਖੇ ਪਹੁੰਚੇ ਜਿੱਥੇ ਪ੍ਰੈਸ ਕਲੱਬ ਦੇ ਪ੍ਰਧਾਨ ਪਰਮਿੰਦਰ ਸਿੰਘ ਥਿੰਦ ਦੀ ਅਗਵਾਈ ਵਿੱਚ ਸਮੂਹ ਪੱਤਰਕਾਰ ਭਾਈਚਾਰੇ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ।
ਆਪਣੇ ਇਸ ਸਾਹਸੀ ਉੱਦਮ ਬਾਰੇ ਵਿਚਾਰ ਸਾਂਝੇ ਕਰਦਿਆਂ ਮਨਦੀਪ ਸਿੰਘ ਜੰਟਾ ਧਾਲੀਵਾਲ ਨੇ ਦੱਸਿਆ ਕਿ ਉਹ 3 ਅਪ੍ਰੈਲ 19 ਨੂੰ ਕੈਨੇਡਾ ਤੋਂ ਭਾਰਤ ਵਾਸਤੇ ਰਵਾਨਾ ਹੋਏ ਸਨ ਅਤੇ ਇਸ ਦੌਰਾਨ ਉਹ ਅਮਰੀਕਾ, ਕੈਨੇਡਾ, ਇੰਗਲੈਂਡ, ਫਰਾਂਸ, ਜਰਮਨ, ਇਟਲੀ, ਬੁਲਗਾਰੀਆ, ਹੰਗਰੀ, ਸਵਿੱਸ, ਟਰਕੀ ਥਾਣੀ ਹੁੰਦੇ ਹੋਏ ਪਾਕਿਸਤਾਨ ਤੋਂ ਵਾਘਾ ਬਾਰਡਰ ਰਾਹੀ 11 ਮਈ ਨੂੰ ਪੰਜਾਬ ਵਿੱਚ ਦਾਖ਼ਲ ਹੋਏ। ਉਨ੍ਹਾਂ ਦੱਸਿਆ ਕਿ ਉਹ ਰਸਤੇ ਦੇ ਸਾਰੇ ਦੇਸ਼ਾਂ ਵਿੱਚ ਗੁਰੂ ਨਾਨਕ ਦੇਵ ਜੀ ਦੇ ਸਿਧਾਂਤ ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ ਦਾ ਸੁਨੇਹਾ ਦਿੰਦੇ ਆਪਣੇ ਵਤਨ ਪਹੁੰਚੇ ਹਨ। ਉਨ੍ਹਾਂ ਦੱਸਿਆ ਕਿ ਜਿੱਥੇ ਰਸਤੇ ਵਿੱਚ ਆਉਣ ਵਾਲੇ ਮੁਲਕਾਂ ਵਿਚ ਬਹੁਤ ਪਿਆਰ ਮਿਲਿਆ ਉਥੇ ਆਪਣੇ ਦੇਸ਼ ਭਾਰਤ ਖਾਸ ਕਰ ਕੇ ਪੰਜਾਬ ਦੇ ਲੋਕਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਹੁਤ ਵੱਡਾ ਸਹਿਯੋਗ ਮਿਲਿਆ।
ਇੰਜੀ: ਜਸਮੀਤਪਾਲ ਸਿੰਘ ਨੇ ਕਿਹਾ ਕਿ ਉਹ ਬਾਬੇ ਨਾਨਕ ਦਾ ਮਾਨਵਤਾ ਦੀ ਭਲਾਈ ਦਾ ਸੁਨੇਹਾ ਲੈ ਕੇ ਕਰੀਬ ਦਸ ਹਜ਼ਾਰ ਕਿਲੋਮੀਟਰ ਦਾ ਸਫਰ ਤੈਅ ਕਰ ਕੇ ਆਪਣੇ ਵਤਨ ਪਹੁੰਚੇ ਹਨ। ਰਸਤੇ ਦੇ ਮੁਲਕਾਂ ਦੇ ਲੋਕਾਂ ਨੂੰ ਸਿੱਖ ਧਰਮ ਤੇ ਸਿੱਖੀ ਸਿਧਾਂਤਾਂ ਤੋਂ ਜਾਣੂ ਕਰਵਾਇਆ, ਹਰ ਪਾਸਿਓਂ ਲੋਕਾਂ ਦਾ ਭਰਵਾਂ ਪਿਆਰ ਤੇ ਮਾਣ ਸਤਿਕਾਰ ਮਿਲਿਆ । ਉਨ੍ਹਾਂ ਕਿਹਾ ਕਿ ਉਹ ਵਨ ਸਿੱਖ ਏਡ ਸੰਸਥਾ ਨਾਲ ਜੁੜ ਕੇ ਸਮੁੱਚੀ ਮਨੁੱਖਤਾ ਦੀ ਭਲਾਈ ਲਈ ਆਪਣਾ ਬਣਦਾ ਯੋਗਦਾਨ ਪਾ ਕੇ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾਂ ਦੀ ਪਾਲਣਾ ਕਰ ਰਹੇ ਹਨ। ਇਸ ਮੌਕੇ ਉਨ੍ਹਾਂ ਵੱਖ-ਵੱਖ ਦੇਸ਼ਾਂ ਵਿਚਲੇ ਆਪਣੇ ਤਜਰਬੇ ਵੀ ਪੱਤਰਕਾਰਾਂ ਨਾਲ ਸਾਂਝੇ ਕੀਤੇ। ਪ੍ਰੈਸ ਕਲੱਬ ਪ੍ਰਧਾਨ ਪਰਮਿੰਦਰ ਸਿੰਘ ਥਿੰਦ, ਜਨਰਲ ਸਕੱਤਰ ਗੁਰਨਾਮ ਸਿੰਘ ਸਿੱਧੂ, ਹਰਚਰਨ ਸਿੰਘ ਸਾਮਾ ਚੇਅਰਮੈਨ , ਕੁਲਬੀਰ ਸਿੰਘ ਸੋਢੀ ਮੀਤ ਪ੍ਰਧਾਨ, ਵਿਜੇ ਸ਼ਰਮਾ ਮੀਤ ਪ੍ਰਧਾਨ, ਜਸਵਿੰਦਰ ਸਿੰਘ ਸੰਧੂ ਅਤੇ ਸਮੂਹ ਪੱਤਰਕਾਰ ਭਾਈਚਾਰੇ ਵੱਲੋਂ ਵਨ ਸਿੱਖ ਏਡ ਦੇ ਨੌਜਵਾਨਾਂ ਨੂੰ ਸਨਮਾਨ ਚਿੰਨ੍ਹ ਤੇ ਸਿਰੋਪੇ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਮਨਜਿੰਦਰ ਪਾਲ ਸਿੰਘ ਸਾਮਾ, ਸੰਦੀਪ ਸਿੰਘ ਥਿੰਦ, ਹਰਸਿਮਰਨ ਸਿੰਘ ਬਾਵਾ, ਗੁਰਿੰਦਰ ਸਿੰਘ ਬਸਤੀ ਵਕੀਲ ਵਾਲੀ, ਦੀਪੂ ਧਨੋਆ ਤੇ ਜੱਗਾ ਸਿੱਧੂ ਆਦਿ ਵੀ ਮੌਜੂਦ ਸਨ ।