ਫਿ਼ਰੋਜ਼ਪੁਰ, 19 ਮਈ (ਗੁਰਿੰਦਰ ਸਿੰਘ) ਲੋਕ ਸਭਾ ਚੋਣ ਦੇ ਭਖੇ ਦੰਗਲ ਵਿੱਚ ਸੰਸਦੀ ਹਲਕੇ ਫਿਰੋਜ਼ਪੁਰ ਵਿੱਚ ਭਾਜਪਾ ਦੇ ਕੌਮੀ ਕਾਰਜਕਾਰਨੀ ਮੈਂਬਰ ਕਮਲ ਸ਼ਰਮਾ ਸਾਬਕਾ ਪ੍ਰਧਾਨ ਪੰਜਾਬ ਭਾਜਪਾ ਨੇ ਐਚ.ਐਮ.ਡੀ.ਏ.ਵੀ ਸਕੂਲ ਵਿਚ ਪਹੁੰਚ ਕੇ ਬੂਥ ਨੰਬਰ 131 `ਤੇ ਜਿਥੇ ਪਰਿਵਾਰ ਸਣੇ ਆਪਣੇ ਵੋਟ ਦਾ ਇਸਤੇਮਾਲ ਕੀਤਾ, ਉਥੇ ਪੰਜਾਬ ਵਿਚੋਂ ਵੱਡੀ ਜਿੱਤ ਦਾ ਰਿਕਾਰਡ ਦਰਜ ਕਰਦਿਆਂ ਦੇਸ਼ ਵਿਚ ਇਕ ਵਾਰ ਫਿਰ ਮੋਦੀ ਸਰਕਾਰ ਆਉਣ ਦਾ ਦਾਅਵਾ ਕੀਤਾ। ਵੋਟ ਪਾਉਣ ਬਾਅਦ ਚੋਣ ਅਮਲੇ ਵੱਲੋਂ ਲਗਾਈ ਸਿਆਹੀ ਦਿਖਾਉਂਦਿਆਂ ਕਮਲ ਸ਼ਰਮਾ ਨੇ ਸਪੱਸ਼ਟ ਕੀਤਾ ਕਿ ਅਜੋਕੇ ਆਧੁਨਿਕਤਾ ਦੇ ਦੌਰ ਵਿਚ ਲੋਕ ਪੂਰੀ ਤਰ੍ਹਾਂ ਉਜਾਗਰ ਹੋ ਚੁੱਕੇ ਹਨ ਅਤੇ ਅੱਜ ਲੋਕ ਕਾਂਗਰਸ ਦੇ ਦੋ ਸਾਲਾਂ ਦੇ ਕਾਰਜਕਾਲ ਦੀ ਸਮੀਖਿਆ ਕਰਦਿਆਂ ਆਪਣਾ ਇੱਕ-ਨੁਕਾਤੀ ਪ੍ਰੋਗਰਾਮ ਸਿਰਫ਼ ਤੇ ਸਿਰਫ਼ ਅਕਾਲੀ-ਭਾਜਪਾ ਦੇ ਹੱਕ ਵਿਚ ਨਿਤਰਣ ਦਾ ਬਣਾਈ ਬੈਠੇ ਹਨ।
ਆਪਣੀ ਵੋਟ ਦਾ ਇਸਤੇਮਾਲ ਕਰਨ ਪਹੁੰਚੇ ਕੌਮੀ ਭਾਜਪਾ ਦੇ ਕਾਰਜਕਾਰੀ ਮੈਂਬਰ ਕਮਲ ਸ਼ਰਮਾ ਨਾਲ ਉਨ੍ਹਾਂ ਦੀ ਪਤਨੀ ਸ੍ਰੀਮਤੀ ਸਸ਼ੀ ਸ਼ਰਮਾ ਬੇਟੀ ਤੇ ਬੇਟੇ ਸਣੇ ਭਰਾ ਦਾ ਹਰਿਆ-ਭਰਿਆ ਪਰਿਵਾਰ ਵੀ ਨਾਲ ਸੀ। ਵੋਟ ਪਾਉਣ ਉਪਰੰਤ ਸਾਰੇ ਪਰਿਵਾਰ ਨੇ ਸਾਂਝੀ ਫੋਟੋ ਕਰਵਾਉਂਦਿਆਂ ਭਾਰਤੀਆਂ ਵੱਲੋਂ ਵਿਕਾਸ ਦੀ ਲੀਹੇ ਤੁਰੇ ਭਾਰਤ ਨੂੰ ਇਕ ਵਾਰ ਫਿਰ ਭਾਜਪਾ ਦੀ ਮਜ਼ਬੂਤ ਸਰਕਾਰ ਬਣਾਉਣ ਦਾ ਦਾਅਵਾ ਕੀਤਾ। ਇਸ ਮੌਕੇ ਉਨ੍ਹਾਂ ਨਾਲ ਸੀਮਾ ਸ਼ਰਮਾ, ਸਸ਼ੀ ਸ਼ਰਮਾ, ਗਗਨ ਸ਼ਰਮਾ, ਅਮਨ ਸ਼ਰਮਾ, ਸੁਨੀਤਾ ਸ਼ਰਮਾ, ਦਵਿੰਦਰ ਬਜਾਜ, ਅਸ਼ਵਨੀ ਗਰੋਵਰ, ਅਸ਼ਵਨੀ ਮਹਿਤਾ, ਜੁਗਰਾਜ ਸਿੰਘ ਕਟੋਰਾ, ਬਲਵੰਤ ਸਿੰਘ ਰਖੜੀ, ਪਰਦੀਪ ਨੰਦਾ, ਗੁਰਪ੍ਰੀਤ ਢਿੱਲੋਂ ਹਾਜੀਵਾਲਾ, ਅੰਕਿਤ ਸ਼ਰਮਾ, ਰਜੇਸ਼ ਮੈਨੀ, ਸੰਜੀਵ ਕੁਮਾਰ ਮੋਨੂੰ, ਸੁਮੀਤ ਸਚਦੇਵਾ, ਚੇਤਨ ਬਤਰਾ, ਸਾਜਨ ਕੁਮਾਰ, ਗੁਰਜੀਤ ਸਿੰਘ ਆਰਫਕੇ, ਰਾਜੀਵ ਧਵਨ, ਦੀਪਕ ਵਰਮਾ ਆਦਿ ਹਾਜ਼ਰ ਸਨ।