ਫਿਰੋਜ਼ਪੁਰ 19 ਮਈ (ਗੁਰਿੰਦਰ ਸਿੰਘ) ਲੋਕ ਸਭਾ ਚੋਣਾਂ ਦੇ ਆਖਰੀ ਪੜਾਅ ਦੀਆਂ ਪੈ ਰਹੀਆਂ ਵੋਟਾਂ ਦੇ ਚੱਲਦਿਆਂ ਲੋਕ ਸਭਾ ਹਲਕਾ ਫਿਰੋਜ਼ਪੁਰ-10 ਅਧੀਨ ਪੈਂਦੇ ਫਿਰੋਜ਼ਪੁਰ ਸ਼ਹਿਰੀ ਹਲਕੇ ਦੇ ਪਿੰਡ ਹਾਕੇ/ਰਾਮੇ ਵਾਲਾ ਵਿੱਚ ਵੋਟਾਂ ਪਾਉਣ ਨੂੰ ਲੈਕੇ ਅਕਾਲੀਆਂ ਤੇ ਕਾਂਗਰਸੀਆਂ ਵਿਚਾਲੇ ਹੋਈ ਝੜਪ ਵਿਚ ਇੱਕ ਕਾਂਗਰਸੀ ਵਰਕਰ ਤੇ ਉਸਦੇ ਪੁੱਤਰ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਜਿਹਨਾਂ ਨੂੰ ਸਿਵਲ ਹਸਪਤਾਲ ਵਿਖੇ ਦਾਖਲ ਕਰਾਇਆ ਗਿਆ ਹੈ। ਪੁਲਿਸ ਵੱਲੋਂ ਮੌਕੇ 'ਤੇ ਪਹੁੰਚ ਕੇ ਮਾਹੌਲ ਨੂੰ ਸ਼ਾਂਤ ਕਰਵਾਇਆ ਗਿਆ। ਅਜਿਹੇ ਹੀ ਮਾਮਲਾ ਵਿੱਚ ਪਿੰਡ ਕੁਤਬੇਵਾਲਾ ਵਿਖੇ ਵੀ ਅਕਾਲੀਆਂ ਤੇ ਕਾਂਗਰਸੀਆਂ ਵਿਚਾਲੇ ਹੋਈ ਝੜਪ ਨੂੰ ਮੌਕੇ ਤੇ ਮੌਜੂਦ ਪੁਲਿਸ ਵੱਲੋਂ ਕੰਟਰੋਲ ਕਰਕੇ ਵੋਟਿੰਗ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ ।
ਇਸ ਦੌਰਾਨ ਫਿਰੋਜ਼ਪੁਰ ਸ਼ਹਿਰੀ ਹਲਕੇ ਅਧੀਨ ਪਿੰਡ ਕੁਤਬੇਵਾਲਾ ਦੇ ਬੂਥ ਨੰਬਰ 18 ਅਤੇ ਦਿਹਾਤੀ ਹਲਕੇ ਦੇ ਪਿੰਡ ਸੋਢੀ ਨਗਰ ਦੇ ਬੂਥ ਨੰਬਰ 192 'ਤੇ ਵੋਟਿੰਗ ਮਸ਼ੀਨਾਂ ਵਿੱਚ ਖਰਾਬੀ ਕਾਰਨ ਕਰੀਬ ਡੇਢ ਘੰਟਾ ਵੋਟਾਂ ਪੈੈੈਣ ਦੇ ਕੰਮ ਵਿੱਚ ਖੜੋਤ ਆਈ, ਜਿਸ ਨੂੰ ਬਾਅਦ ਵਿੱਚ ਮਸ਼ੀਨਾਂ ਤਬਦੀਲ ਕਰਨ ਉਪਰੰਤ ਪੋਲਿੰਗ ਸ਼ੁਰੂ ਕਰਵਾਈ ਗਈ।