ਹੁਸ਼ਿਆਰਪੁਰ, 19 ਮਈ : ਹੁਸ਼ਿਆਰਪੁਰ ਲੋਕ ਸਭਾ ਹਲਕੇ ਵਿੱਚ ਅੱਜ ਸ਼ਾਂਤੀਪੂਰਨ ਤਰੀਕੇ ਨਾਲ ਕਰੀਬ 60 ਫੀਸਦੀ ਪੋਲਿੰਗ ਹੋਈ। ਲੋਕ ਸਭਾ ਹਲਕੇ ਅਧੀਨ ਪੈਂਦੇ 9 ਵਿਧਾਨ ਸਭਾ ਹਲਕਿਆਂ ਦੇ ਵੋਟਰਾਂ ਵਿੱਚ ਵੋਟ ਪਾਉਣ ਲਈ ਕਾਫ਼ੀ ਉਤਸ਼ਾਹ ਨਜ਼ਰ ਆ ਰਿਹਾ ਸੀ। ਵਿਧਾਨ ਸਭਾ ਹਲਕਾ ਸ਼ਾਮਚੁਰਾਸੀ ਵਿੱਚ ਕਰੀਬ 54 ਫੀਸਦੀ, ਉੜਮੁੜ ਵਿਖੇ ਕਰੀਬ 60.74 ਫੀਸਦੀ, ਮੁਕੇਰੀਆਂ ਕਰੀਬ 62 ਫੀਸਦੀ, ਦਸੂਹਾ ਕਰੀਬ 59 ਫੀਸਦੀ, ਚੱਬੇਵਾਲ ਕਰੀਬ 64.54 ਫੀਸਦੀ, ਹੁਸ਼ਿਆਰਪੁਰ ਕਰੀਬ 63.80 ਫੀਸਦੀ, ਸ਼੍ਰੀ ਹਰਗੋਬਿੰਦਪੁਰ ਕਰੀਬ 55.80 ਫੀਸਦੀ, ਭੁਲੱਥ ਕਰੀਬ 55.32 ਫੀਸਦੀ ਅਤੇ ਫਗਵਾੜਾ ਵਿਧਾਨ ਸਭਾ ਹਲਕੇ ਵਿੱਚ ਕਰੀਬ 58.40 ਫੀਸਦੀ ਵੋਟਾਂ ਪੋਲ ਹੋਈਆਂ। ਹੁਣ ਜ਼ਿਲ੍ਹੇ ਦੇ 8 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਵੋਟਿੰਗ ਮਸ਼ੀਨਾਂ ਵਿੱਚ ਬੰਦ ਹੋ ਗਿਆ ਹੈ ਅਤੇ ਇਨ੍ਹਾਂ ਮਸ਼ੀਨਾਂ ਨੂੰ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਸਟਰੌਂਗ ਰੂਮਾਂ ਵਿੱਚ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਜਮਾਂ ਕਰਵਾ ਦਿੱਤਾ ਗਿਆ ਹੈ।
ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਨੇ ਕਿਹਾ ਕਿ ਜ਼ਿਲੇ ਵਿੱਚ ਸ਼ਾਂਤੀਪੂਰਵਕ ਤਰੀਕੇ ਨਾਲ ਵੋਟਾਂ ਪੋਲ ਹੋਈਆਂ, ਜਿਸ ਲਈ ਜ਼ਿਲ੍ਹਾ ਵਾਸੀ ਵਧਾਈ ਦੇ ਪਾਤਰ ਹਨ। ਉਨ੍ਹਾ ਕਿਹਾ ਕਿ ਨੌਜਵਾਨਾਂ ਵਿੱਚ ਵੀ ਕਾਫ਼ੀ ਉਤਸ਼ਾਹ ਨਜ਼ਰ ਆ ਰਿਹਾ ਸੀ ਅਤੇ ਨਵੇਂ ਰਜਿਸਟਰਡ ਹੋਏ ਇਨ੍ਹਾਂ ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਵੀ ਪੂਰੇ ਉਤਸ਼ਾਹ ਨਾਲ ਕੀਤੀ ਹੈ।
ਸ੍ਰੀਮਤੀ ਈਸ਼ਾ ਕਾਲੀਆ ਨੇ ਚੋਣ ਅਮਲੇ ਨੂੰ ਵੀ ਵਧਾਈ ਦਿੰਦਿਆਂ ਕਿਹਾ ਕਿ ਲੋਕ ਸਭਾ ਚੋਣਾਂ-2019 ਦੀ ਵੋਟ ਪ੍ਰਕ੍ਰਿਆ ਨੂੰ ਨੇਪਰੇ ਚਾੜਨ ਵਿੱਚ ਉਨ੍ਹਾਂ ਦਾ ਅਹਿਮ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਚੋਣ ਅਮਲੇ ਦੀ ਤਨਦੇਹੀ ਨਾਲ ਨਿਭਾਈ ਡਿਊਟੀ ਕਾਰਨ ਹੀ ਹੁਸ਼ਿਆਰਪੁਰ ਲੋਕ ਸਭਾ ਹਲਕੇ ਵਿੱਚ ਵੋਟ ਪ੍ਰਕ੍ਰਿਆ ਪਾਰਦਰਸ਼ੀ ਅਤੇ ਸਫ਼ਲਤਾਪੂਰਵਕ ਸਿਰੇ ਚੜੀ ਹੈ। ਉਨ੍ਹਾਂ ਕਿਹਾ ਕਿ ਹੁਣ ਪੋਲ ਹੋਈਆਂ ਇਨ੍ਹਾਂ ਵੋਟਾਂ ਦੀ ਗਿਣਤੀ 23 ਮਈ ਨੂੰ ਹੋਵੇਗੀ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਦੌਰਾਨ ਵੋਟਰਾਂ ਅਤੇ ਚੋਣ ਅਮਲੇ ਲਈ ਐਂਬੂਲੈਂਸ ਸਹੂਲਤ ਵੀ ਮੁਹੱਈਆ ਕਰਵਾਈ ਗਈ, ਤਾਂ ਜੋ ਐਮਰਜੈਂਸੀ ਹਾਲਾਤ ਵਿੱਚ ਦਿਵਆਂਗਜਨ ਜਾਂ ਹੋਰ ਵੋਟਰਾਂ ਅਤੇ ਚੋਣ ਅਮਲੇ ਨੂੰ ਫੌਰੀ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਸਕਣ। ਉਨ੍ਹਾਂ ਕਿਹਾ ਕਿ ਐਂਬੂਲੈਂਸਾਂ ਵਿੱਚ ਡਾਕਟਰ, ਫਾਰਮਾਸਿਸਟ ਸਮੇਤ ਨਰਸਿੰਗ ਸਟਾਫ ਅਤੇ ਜ਼ਰੂਰੀ ਦਵਾਈਆਂ ਉਪਲਬੱਧ ਸਨ।