ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਦਾਖਲ ਅਕਾਲੀ ਵਰਕਰ
ਫਿਰੋਜ਼ਪੁਰ 19 ਮਈ (ਗੁਰਿੰਦਰ ਸਿੰਘ) ਚੋਣਾਂ ਦੀ ਰੰਜਿਸ਼ ਦੇ ਚੱਲਦਿਆਂ ਕਾਂਗਰਸੀਆਂ ਵੱਲੋਂ ਅੱਜ ਦੇਰ ਸ਼ਾਮ ਫਿਰੋਜ਼ਪੁਰ ਛਾਉਣੀ ਦੇ ਲਾਲ ਕੁੜਤੀ ਏਰੀਆ ਵਿੱਚ ਅਕਾਲੀ ਵਰਕਰਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਅਤੇ ਇੱਕ ਅਕਾਲੀ ਵਰਕਰ ਨੂੰ ਚੁੱਕ ਕੇ ਲੈ ਜਾਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ।
ਪੁਲਿਸ ਥਾਣਾ ਕੈਂਟ ਵਿਖੇ ਦਿੱਤੀ ਸ਼ਿਕਾਇਤ ਵਿੱਚ ਕਾਜਲ ਪੁੱਤਰੀ ਨੰਨੂ ਵਾਸੀ ਲਾਲ ਕੁੜਤੀ ਫਿਰੋਜ਼ਪੁਰ ਛਾਉਣੀ ਨੇ ਦੋਸ਼ ਲਾਇਆ ਕਿ ਅੱਜ ਕਰੀਬ ਛੇ ਵਜੇ ਜਦੋਂ ਮੇਰੇ ਪਿਤਾ ਜੀ ਅਤੇ ਉਨ੍ਹਾਂ ਦੇ ਸਾਥੀ ਵੋਟਾਂ ਭੁਗਤਾ ਕੇ ਲਾਲ ਕੁੜਤੀ ਬੂਥ ਤੋਂ ਵਾਪਸ ਆ ਰਹੇ ਸਨ ਤਾਂ ਮਹਿੰਦਰ ਪ੍ਰਧਾਨ, ਵਿਲਸਨ, ਦੀਪੂ ਅਤੇ ਅਣਪਛਾਤੇ ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਮੇਰੇ ਪਿਤਾ ਨੂੰ ਗੰਭੀਰ ਰੂਪ ਵਿੱਚ ਜ਼ਖ਼ਮੀ ਕੀਤਾ ਅਤੇ ਜ਼ੋਰ ਦੀ ਲਲਕਾਰੇ ਮਾਰ ਰਹੇ ਸਨ ਕਿ ਤੂੂੰ ਹਲਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦੀ ਵਿਰੋਧਤਾ ਕੀਤੀ ਹੈ ਤੇ ਤੈਨੂੰ ਅਸੀਂ ਛੱਡਾਂਗਾ ਨਹੀਂ। ਉਸ ਤੋਂ ਬਾਅਦ ਉਹ ਉਕਤ ਵਿਅਕਤੀਆਂ ਮੇਰੇ ਜ਼ਖਮੀ ਪਿਤਾ ਨੂੰ ਚੁੱਕ ਕੇ ਪਤਾ ਨਹੀਂ ਕਿੱਥੇ ਲੈ ਗਏ ਜੋ ਕਿ ਸਾਨੂੰ ਕਿਤੇ ਵੀ ਲੱਭਿਆ ਨਹੀਂ ਮਿਲ ਰਹੇ ਜਦਕਿ ਉਨ੍ਹਾਂ ਦੇ ਸਾਥੀ ਪੁਨੀਤ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲ ਵਿੱਚ ਦਾਖਲ ਹਨ। ਉਧਰ ਪੁਲਿਸ ਦਾ ਪੱਖ ਜਾਣਨ ਲਈ ਥਾਣਾ ਕੈਂਟ ਮੁੱਖੀ ਅਤੇ ਡੀ.ਐਸ.ਪੀ ਵੱਲੋਂ ਫੋਨ ਅਟੈਂਡ ਨਾ ਕਰਨਾ ਕਈ ਤਰ੍ਹਾਂ ਦੇ ਸਵਾਲ ਖੜੇ ਕਰਦਾ ਹੈ।