ਫ਼ਿਰੋਜ਼ਪੁਰ 19 ਮਈ (ਗੁਰਿੰਦਰ ਸਿੰਘ) ਐਤਵਾਰ ਨੂੰ ਭਾਰੀ ਗਰਮੀ ਦੇ ਬਾਵਜੂਦ ਫ਼ਿਰੋਜ਼ਪੁਰ ਲੋਕ ਸਭਾ ਹਲਕੇ ਦੇ ਵੋਟਰਾਂ ਨੇ ਮਤਦਾਨ ਪ੍ਰਕਿਰਿਆ ਵਿੱਚ ਭਾਰੀ ਉਤਸ਼ਾਹ ਦਿਖਾਇਆ, ਜਿਸ ਦੇ ਫਲਸਰੂਪ ਲੋਕ ਸਭਾ ਹਲਕੇ ਵਿੱਚ ਲਗਭਗ 72.58 ਫ਼ੀਸਦੀ ਮਤਦਾਨ ਦਰਜ ਕੀਤਾ ਗਿਆ ਜੋ ਕਿ ਪਿਛਲੀਆਂ ਲੋਕ ਸਭਾ ਚੋਣਾਂ ਦੇ ਮੁਕਾਬਲੇ ਜ਼ਿਆਦਾ ਹੈ।
ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ-ਕਮ ਜ਼ਿਲ੍ਹਾ ਚੋਣ ਅਫਸਰ ਚੰਦਰ ਗੈਂਦ ਨੇ ਦੱਸਿਆ ਕਿ ਚੋਣਾਂ ਸ਼ਾਂਤੀਪੂਰਵਕ ਮੁਕੰਮਲ ਹੋਈਆਂ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਹਿੰਸਾ ਦੀ ਕੋਈ ਵਾਰਦਾਤ ਨਹੀਂ ਹੋਈ। ਉਨ੍ਹਾਂ ਨੇ ਏਨੇ ਵੱਡੇ ਮੱਤਦਾਨ ਦੀ ਪ੍ਰਤੀਸ਼ਸਤਾ ਲਈ ਜ਼ਿਲ੍ਹੇ ਵਿੱਚ ਸਵੀਪ ਮੁਹਿੰਮ ਤਹਿਤ ਚਲਾਏ ਗਏ ਕੰਮਾਂ ਨੂੰ ਸਰਾਹਿਆ ਅਤੇ ਕਿਹਾ ਕਿ ਇਸ ਜਾਗਰੂਕਤਾ ਮੁਹਿੰਮ ਦੀ ਬਦੌਲਤ ਹੀ ਜ਼ਿਲ੍ਹੇ ਨੇ ਇਨ੍ਹੀਂ ਚੰਗੀ ਮਤਦਾਨ ਪ੍ਰਤੀਸ਼ਤਤਾ ਹਾਸਲ ਕੀਤੀ ਹੈ। ਉਨ੍ਹਾਂ ਸਵੀਪ ਮੁਹਿੰਮ ਵਿੱਚ ਸ਼ਾਮਲ ਅਧਿਕਾਰੀਆਂ ਤੇ ਮੁਲਾਜ਼ਮਾਂ ਦੇ ਯਤਨਾਂ ਦੀ ਪ੍ਰਸ਼ੰਸਾ ਵੀ ਕੀਤੀ। ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਫ਼ਿਰੋਜ਼ਪੁਰ ਹਲਕੇ ਵਿੱਚ 72.62 ਫ਼ੀਸਦੀ ਮਤਦਾਨ ਹੋਇਆ ਸੀ। ਦੇਰ ਰਾਤ ਤੱਕ ਤਿਆਰ ਹੋਈ ਰਿਪੋਰਟ ਦੇ ਮੁਤਾਬਿਕ 8,62,955 ਪੁਰਸ਼ ਅਤੇ 7,55,429 ਮਹਿਲਾ ਵੋਟਰਾਂ ਸਮੇਤ ਕੁੱਲ 16,18,419 ਵੋਟਰਾਂ ਵਿਚੋਂ 11,74,648 ਵੋਟਰਾਂ ਨੇ ਮਤਦਾਨ ਕੀਤਾ, ਜੋ ਕਿ ਕੁੱਲ ਵੋਟ ਦਾ 72.58 ਫੀਸਦੀ ਹੈ। ਜਦਕਿ ਫਾਈਨਲ ਰਿਪੋਰਟ ਦੇਰ ਰਾਤ ਤੱਕ ਤਿਆਰ ਹੋਣ ਦੀ ਉਮੀਦ ਹੈ।
ਵਿਧਾਨ ਸਭਾ ਹਲਕੇ ਦੇ ਮੁਕਾਬਲੇ ਮੱਤਦਾਨ ਪ੍ਰਤੀਸ਼ਸਤਾ ਦੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਚੋਣ ਅਧਿਕਾਰੀ ਚੰਦਰ ਗੈਂਦ ਨੇ ਦੱਸਿਆ ਕਿ ਫ਼ਿਰੋਜ਼ਪੁਰ ਸ਼ਹਿਰੀ ਹਲਕੇ ਵਿੱਚ ਲਗਭਗ 65.36 ਪ੍ਰਤੀਸ਼ਤ ਮੱਤਦਾਨ ਹੋਇਆ ਹੈ। ਇਸੇ ਤਰ੍ਹਾਂ ਫ਼ਿਰੋਜ਼ਪੁਰ ਦਿਹਾਤੀ ਵਿੱਚ ਲਗਭਗ 72.46, ਗੁਰੂਹਰਸਹਾਏ ਵਿੱਚ 77.83, ਜਲਾਲਾਬਾਦ ਵਿੱਚ 77.67, ਫ਼ਾਜ਼ਿਲਕਾ ਵਿੱਚ 77.31, ਅਬੋਹਰ ਵਿੱਚ 72, ਬੱਲੂਆਣਾ ਵਿੱਚ 72.72, ਮਲੋਟ 69.09 ਅਤੇ ਸ੍ਰੀ. ਮੁਕਤਸਰ ਸਾਹਿਬ ਹਲਕੇ ਵਿੱਚ 68.78 ਪ੍ਰਤੀਸ਼ਤ ਮੱਤਦਾਨ ਦਰਜ ਕੀਤਾ ਗਿਆ ਹੈ। ਸਾਰੇ 9 ਵਿਧਾਨ ਸਭਾ ਹਲਕਿਆਂ ਵਿੱਚ ਜਲਾਲਾਬਾਦ ਹਲਕਾ 77.67 ਪ੍ਰਤੀਸ਼ਤ ਵੋਟ ਦੇ ਨਾਲ ਸਭ ਤੋਂ ਉੱਪਰ ਅਤੇ ਜਦਕਿ 65.36 ਹਲਕਾ ਸਭ ਤੋਂ ਘੱਟ ਵੋਟ ਪ੍ਰਤੀਸ਼ਤ ਦੇ ਨਾਲ ਨਿਮਨ ਸਥਾਨ 'ਤੇ ਹੈ।
ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਦੱਸਿਆ ਕਿ ਦਿਨ ਰਾਤ ਨਿਗਰਾਨੀ ਅਤੇ ਸਖ਼ਤੀ ਦੇ ਬਦੌਲਤ ਹਲਕੇ ਵਿੱਚ ਕਿਤੇ ਵੀ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦਾ ਮਾਮਲਾ ਸਾਹਮਣੇ ਨਹੀਂ ਆਇਆ। ਉਨ੍ਹਾਂ ਕਿਹਾ ਕਿ ਪੋਲਿੰਗ ਬੂਥਾਂ ਦੇ ਆਲੇ-ਦੁਆਲੇ ਖ਼ਾਸ ਕਰਕੇ ਸੰਵੇਦਨਸ਼ੀਲ ਪੋਲਿੰਗ ਬੂਥਾਂ ਦੇ ਨੇੜੇ ਪੈਟਰੋਲਿੰਗ ਪਾਰਟੀਆਂ ਅਤੇ ਸਰਵੀਲੈਂਸ ਟੀਮਾਂ ਦੀ ਤੈਨਾਤੀ ਕੀਤੀ ਗਈ ਸੀ। ਏਨੀ ਵੱਡੀ ਨਿਗਰਾਨੀ ਦੀ ਬਦੌਲਤ ਹਲਕੇ ਵਿੱਚ ਸ਼ਾਂਤਮਈ ਤਰੀਕੇ ਨਾਲ ਚੋਣਾਂ ਸਪੰਨ ਹੋਈਆਂ ਹਨ। ਚੋਣ ਕਮਿਸ਼ਨ ਵੱਲੋਂ ਵੈਬਕਾਸਟਿੰਗ ਅਤੇ ਹੋਰ ਸਾਧਨਾਂ ਦੇ ਜ਼ਰੀਏ ਚੋਣ ਪ੍ਰਕਿਰਿਆ ਤੇ ਪੈਨੀ ਨਜ਼ਰ ਰੱਖੀ ਜਾ ਰਹੀ ਸੀ। ਜ਼ਿਲ੍ਹੇ ਵਿੱਚ 542 ਪੋਲਿੰਗ ਬੂਥਾਂ 'ਤੇ ਵੈਬਕਾਸਟਿੰਗ ਦੀ ਵਿਵਸਥਾ ਕੀਤੀ ਗਈ ਸੀ। ਇਸੇ ਤਰ੍ਹਾਂ ਆਦਰਸ਼ ਚੋਣਾਂ ਨੂੰ ਲੈ ਕੇ ਵੀ ਪੂਰੀ ਨਿਗਰਾਨੀ ਕੀਤੀ ਜਾ ਰਹੀ ਸੀ। ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਕੁੱਝ ਪੋਲਿੰਗ ਬੂਥਾਂ ਤੇ ਜਾ ਕੇ ਵੋਟਰਾਂ ਲਈ ਕੀਤੇ ਜਾ ਰਹੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਜਿਸ ਵਿੱਚ ਦਿਵਿਆਂਗ ਵੋਟਰਾਂ ਲਈ ਵੀਲ੍ਹਚੇਅਰ ਦਾ ਇੰਤਜ਼ਾਮ, ਬਜ਼ੁਰਗਾਂ ਲਈ ਵਲੰਟੀਅਰਜ਼ ਅਤੇ ਵੋਟਰਾਂ ਲਈ ਪੋਲਿੰਗ ਬੂਥਾਂ ਤੇ ਪਖਾਨਿਆਂ ਅਤੇ ਪੀਣ ਵਾਲੇ ਪਾਣੀ ਦੀ ਵਿਵਸਥਾ ਸ਼ਾਮਲ ਹੈ। ਉਨ੍ਹਾਂ ਆਰ.ਐੱਸ.ਡੀ.ਕਾਲਜ ਅਤੇ ਐੱਚ.ਐੱਮ. ਸੀਨੀਅਰ ਸੈਕੰਡਰੀ ਸਕੂਲ ਦਾ ਦੌਰਾ ਕੀਤਾ, ਜਿੱਥੇ ਸਵੀਪ ਮੁਹਿੰਮ ਤਹਿਤ ਮਾਡਲ ਪੋਲਿੰਗ ਬੂਥ ਸਥਾਪਿਤ ਕੀਤੇ ਗਏ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਐੱਸ.ਬੀ.ਐੱਸ. ਕਾਲਜ ਵਿੱਚ ਮਹਿਲਾ ਸਟਾਫ ਵੱਲੋਂ ਚਲਾਇਆ ਜਾ ਰਿਹਾ ਵੂਮੈਨ ਪੋਲਿੰਗ ਸਟੇਸ਼ਨ (ਪਿੰਗ ਪੋਲਿੰਗ ਸਟੇਸ਼ਨ) ਦਾ ਵੀ ਦੌਰਾ ਕੀਤਾ ਅਤੇ ਮਹਿਲਾ ਪੋਲਿੰਗ ਸਟਾਫ ਨਾਲ ਗੱਲਬਾਤ ਕੀਤੀ। ਸਵੀਪ ਮੁਹਿੰਮ ਤਹਿਤ ਇਨ੍ਹਾਂ ਤਿੰਨਾਂ ਬੂਥਾਂ ਤੇ ਪਹਿਲੀ ਵਾਰ ਵੋਟ ਕਰਨ ਵਾਲੇ ਨੌਜਵਾਨ ਵੋਟਰਾਂ ਅਤੇ ਪੀ.ਡਬਲਯੂ.ਡੀ. ਵੋਟਰਾਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੌਜਵਾਨ ਵੋਟਰਾਂ ਨੂੰ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਦੀ ਚੋਣ ਪ੍ਰਕਿਰਿਆ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੋਟਰਾਂ ਲਈ ਕੀਤੇ ਗਏ ਪ੍ਰਬੰਧਾਂ ਨੂੰ ਲੈ ਕੇ ਆਪਣੀ ਤਸੱਲੀ ਜਤਾਈ ਅਤੇ ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ ਸ਼ਾਂਤੀ ਪੂਰਵਕ ਵੋਟਿੰਗ ਲਈ ਸਾਰੇ ਵੋਟਰਾਂ ਦਾ ਧੰਨਵਾਦ ਕੀਤਾ।