ਮਨਪ੍ਰੀਤ ਸਿੰਘ ਜੱਸੀ
ਅੰਮ੍ਰਿਤਸਰ, 20 ਮਈ - 19 ਮਈ ਨੂੰ ਹੋਈਆਂ ਲੋਕ ਸਭਾ ਦੀਆਂ ਚੋਣਾ ਦੀ ਗਿਣਤੀ 23 ਮਈ ਨੂੰ ਸਵੇਰੇ 8 ਵਜੇ ਸ਼ੁਰੂ ਹੋਵੇਗੀ, ਵੋਟਾਂ ਦੀ ਗਿਣਤੀ ਲਈ 9 ਗਿਣਤੀ ਕੇਂਦਰ ਬਣਾਏ ਗਏ ਹਨ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜਿਲ੍ਹਾ ਚੋਣ ਅਧਿਕਾਰੀ ਸ੍ਰ ਸ਼ਿਵਦੁਲਾਰ ਸਿੰਘ ਢਿਲੋਂ ਨੇ ਦੱਸਿਆ ਕਿ ਇਨ੍ਹਾਂ ਗਿਣਤੀ ਕੇਂਦਰਾਂ ਦੇ ਆਲੇ ਦੁਆਲੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।। ਉਨ੍ਹਾਂ ਦੱਸਿਆ ਕਿ ਅਜਨਾਲਾ ਵਿਧਾਨ ਸਭਾ ਹਲਕੇ ਦੀਆਂ ਵੋਟਾਂ ਦੀ ਗਿਣਤੀ ਲਈ ਵਰਕਸ਼ਾਪ ਬਲਾਕ 36 ਹਾਲ ਮਾਈ ਭਾਗੋ ਪੋਲਟੈਕਨੀਕਲ ਕਾਲਜ ਲੜਕੀਆਂ ਮਜੀਠਾ ਰੋਡ ਵਿਖੇ, ਰਾਜਾਸਾਂਸੀ ਵਿਧਾਨ ਸਭਾ ਹਲਕੇ ਦੀਆਂ ਵੋਟਾਂ ਦੀ ਗਿਣਤੀ ਬੇਸਮੈਂਟ ਖਾਲਸਾ ਲਾਅ ਕਾਲਜ ਰਾਮ ਤੀਰਥ ਰੋਡ, ਮਜੀਠਾ ਵਿਧਾਨ ਸਭਾ ਹਲਕੇ ਦੀ ਗਿਣਤੀ ਮਲਟੀਪਰਪਜ ਹਾਲ ਦੂਜੀ ਮੰਜ਼ਿਲ ਮਾਈ ਭਾਗੋ ਪੋਲਟੈਕਨੀਕਲ ਕਾਲਜ ਲੜਕੀਆਂ ਮਜੀਠਾ ਰੋਡ, ਅੰਮ੍ਰਿਤਸਰ ਉਤਰੀ ਹਲਕੇ ਦੀਆਂ ਵੋਟਾਂ ਦੀ ਗਿਣਤੀ ਡਰਾਫਟਿੰਗ ਵਰਕਸ਼ਾਪ ਸਰਕਾਰੀ ਇੰਸਟੀਚਿਊਟ ਆਫ ਗਾਰਮੈਂਟ ਟੈਕਨਾਲੋਜੀ ਅੰਦਰਵਾਰ ਮਾਈ ਭਾਗੋ ਪੋਲਟੈਕਨੀਕਲ ਕਾਲਜ ਲੜਕੀਆਂ ਮਜੀਠਾ ਰੋਡ ਵਿਖੇ, ਅੰਮ੍ਰਿਤਸਰ ਪੱਛਮੀ ਹਲਕੇ ਦੀਆਂ ਵੋਟਾਂ ਦੀ ਗਿਣਤੀ ਆਡੀਟੋਰੀਅਮ ਹਾਲ ਖਾਲਸਾ ਕਾਲਜ, ਅੰਮ੍ਰਿਤਸਰ ਕੇਂਦਰੀ ਹਲਕੇ ਦੀਆਂ ਵੋਟਾਂ ਦੀ ਗਿਣਤੀ ਸਰਕਾਰੀ ਇੰਡਸਟਰੀਅਲ ਟ੍ਰੇਨਿੰਗ ਇੰਸਟੀਚਿਊਟ ਡੀ ਬਲਾਕ ਰਣਜੀਤ ਐਵੀਨਿਊ, ਅੰਮ੍ਰਿਤਸਰ ਪੂਰਬੀ ਹਲਕੇ ਦੀਆ ਵੋਟਾਂ ਦੀ ਗਿਣਤੀ ਆਡੀਟੋਰੀਅਮ ਹਾਲ ਖਾਲਸਾ ਕਾਲਜ ਇਸਤਰੀਆਂ, ਅੰਮ੍ਰਿਤਸਰ ਦੱਖਣੀ ਹਲਕੇ ਦੀਆਂ ਵੋਟਾਂ ਦੀ ਗਿਣਤੀ ਖਾਲਸਾ ਕਾਲਜ ਫਾਰ ਫਾਰਮੈਸੀ ਅਤੇ ਵਿਧਾਨ ਸਭਾ ਹਲਕਾ ਅਟਾਰੀ ਦੀਆਂ ਵੋਟਾਂ ਦੀ ਗਿਣਤੀ ਮੇਨ ਹਾਲ ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਲੜਕੇ ਵਿਖੇ ਹੋਵੇਗੀ।
ਸ੍ਰੀ ਢਿੱਲੋ ਨੇ ਦੱਸਿਆ ਕਿ ਈ.ਵੀ.ਐਮ ਮਸ਼ੀਨਾਂ ਨੂੰ ਸਖਤ ਪੈਰੇ ਹੇਠ ਸਟਰਾਂਗ ਰੂਮਾਂ ਵਿੱਚ ਰੱਖਿਆ ਗਿਆ ਅਤੇ ਇਸ ਦੇ ਆਲੇ ਦੁਆਲੇ ਸੀ.ਸੀ.ਟੀ.ਵੀ ਕੈਮਰੇ ਵੀ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਸਟਰਾਂਗ ਰੂਮਾਂ ਦੇ ਬਾਹਰ ਵੱਖ ਵੱਖ ਰਾਜਨੀਤਕ ਦਲਾਂ ਦੇ ਨੁਮਾਇੰਦੇ ਵੀ ਆਪਣੀ ਇਛਾ ਦੇ ਅਨੁਸਾਰ ਸਟਰਾਂਗ ਰੂਮ ਦੀ ਰਖਵਾਲੀ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਸਟਰਾਂਗ ਰੂਮਾਂ ਦੇ ਬਾਹਰ ਸਬੰਧਤ ਏ.ਆਰ.ਓਜ਼ ਵੀ ਲਗਾਤਾਰ ਨਜਰ ਰੱਖ ਰਹੇ ਹਨ ਅਤੇ ਜਦੋਂ ਵੀ ਉਨ੍ਹਾਂ ਵੱਲੋਂ ਸਟਰਾਂਗ ਰੂਮ ਦੇ ਤਾਲੇ ਚੈਕ ਕੀਤੇ ਜਾਂਦੇ ਹਨ ਤਾਂ ਉਹ ਉਕਤ ਰਜਿਸਟਰ ਵਿੱਚ ਆਪਣਾ ਇੰਦਰਾਜ ਕਰਦੇ ਹਨ।