ਗਗਨਦੀਪ ਸਿੰਘ ਰਿਆੜ
ਹਰਚੋਵਾਲ / ਗੁਰਦਾਸਪੁਰ 21 ਮਈ 2019 - ਬੀਤੀ ਸ਼ਾਮ ਚੋਣਾਂ ਦੇ ਸਟਾਫ ਨੂੰ ਉਤਾਰ ਕੇ ਵਾਪਸ ਆ ਰਹੀ ਮਿੰਨੀ ਬੱਸ ਬਿਜਲੀ ਦੀਆਂ ਨੀਵੀਂਆਂ ਤਾਰਾਂ ਨਾਲ ਟਕਰਾਉਣ ਕਾਰਨ ਬਹੁਤ ਵੱਡਾ ਹਾਦਸਾ ਵਾਪਰਨ ਤੋਂ ਬਚਿਆ। ਬਿਜਲੀ ਦੇ ਖੰਭੇ ਨਜ਼ਦੀਕ ਖੜ੍ਹੀ ਇੱਕ ਕਾਰ ਵੀ ਹਾਦਸੇ ਦਾ ਸ਼ਿਕਾਰ ਹੋ ਜਾਣ ਦਾ ਸਮਚਾਰ ਪ੍ਰਾਪਤ ਹੋਇਆ।
ਪ੍ਰਾਪਤ ਜਾਣਕਾਰੀ ਅਨੁਸਾਰ ਕਸਬਾ ਹਰਚੋਵਾਲ ਦੀ ਮੇਨ ਫਿਰਨੀ ਜੋ ਆਵਜਾਈ ਲਈ ਵਰਤੀ ਜਾ ਰਹੀ ਹੈ ਤੇ ਖੜ੍ਹੇ ਬਿਜਲੀ ਦੇ ਖੰਭੇ ਦੀਆਂ ਤਾਰਾਂ ਨੀਵੀਆਂ ਹੋਣ ਕਾਰਨ, ਉਸ ਕੋਲੋਂ ਲੰਘ ਰਹੀ ਮਿੰਨੀ ਬੱਸ ਫਸ ਗਈ। ਇਹ ਬੱਸ ਚੋਣ ਡਿਊਟੀ ਦੇ ਸਟਾਫ ਨੂੰ ਉਤਾਰ ਕੇ ਵਾਪਸ ਆ ਰਹੀ ਸੀ ਤੇ ਰਸਤੇ 'ਚ ਬਿਜਲੀ ਦੀਆਂ ਤਾਰਾਂ ਨੀਵੀਆਂ ਹੋਣ ਕਾਰਨ ਬੱਸ ਉਨ੍ਹਾਂ 'ਚ ਫਸ ਗਈ। ਬੱਸ ਫਸਣ ਕਾਰਨ ਬਿਜਲੀ ਦਾ ਖੰਬਾ ਡਿੱਗ ਕੇ ਨੇੜੇ ਖਲੋਤੀ ਕਾਰ 'ਤੇ ਡਿੱਗ ਗਿਆ, ਜਿਸ ਨਾਲ ਕਾਰ ਦਾ ਕਾਫੀ ਨੁਕਸਾਨ ਹੋ ਗਿਆ।
ਇਸ ਤੋ ਪਹਿਲਾਂ ਇੱਕ ਸਕੂਲ ਬੱਸ ਬੱਚਿਆਂ ਸਮੇਤ ਬਿਜਲੀ ਦੀਆਂ ਤਾਰਾਂ ਨਾਲ ਟਕਰਾਉਣੋਂ ਵਾਲ-ਵਾਲ ਬਚ ਗਈ । ਲੋਕਾਂ ਦਾ ਕਹਿਣਾ ਹੈ ਕਿ ਕਈ ਵਾਰ ਉਨ੍ਹਾਂ ਦੁਆਰਾ ਬਿਜਲੀ ਮਹਿਕਮੇ ਨੂੰ ਤਾਰਾਂ ਉੱਚੀਆਂ ਕਰਨ ਲਈ ਕਿਹਾ ਗਿਆ ਹੈ ਪਰ ਮਹਿਕਮਾ ਉਨ੍ਹਾਂ ਦੀ ਗੱਲ 'ਤੇ ਕੋ ਧਿਆਨ ਨਹੀਂ ਦਿੰਦਾ। ਇਸ ਘਟਨਾ ਤੋਂ ਬਾਅਦ ਇਲਾਕੇ 'ਚ ਸਾਰੀ ਰਾਤ ਬਿਜਲੀ ਬੰਦ ਰਹੀ ।