ਫਿਰੋਜ਼ਪੁਰ 21 ਮਈ (ਗੁਰਿੰਦਰ ਸਿੰਘ) ਬੀਤੀ 19 ਮਈ ਨੂੰ ਪਈਆਂ ਲੋਕ ਸਭਾ ਚੋਣਾਂ ਦੌਰਾਨ ਵੋਟ ਪਾਉਣ ਸਮੇਂ ਨਿੱਜਤਾ ਦੀ ਉਲੰਘਣਾ ਕਰਨ ਦੇ ਮਾਮਲਿਆਂ ਦੀ ਲੜੀ ਵਿੱਚ ਫਿਰੋਜ਼ਪੁਰ ਵਿਖੇ ਵੀ ਇੱਕ ਮਾਮਲਾ ਸਾਹਮਣੇ ਆਇਆ ਹੈ ਜਿਥੇ ਵੋਟ ਪਾਉਣ ਸਮੇਂ ਆਪਣੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਪਾਉਣ ਵਾਲੇ ਖਿਲਾਫ਼ ਥਾਣਾ ਸਿਟੀ ਫਿਰੋਜ਼ਪੁਰ ਵਿਖੇ ਕੇਸ ਦਰਜ ਕੀਤਾ ਗਿਆ ਹੈ।
ਮਾਮਲੇ ਦੀ ਜਾਂਚ ਕਰ ਰਹੇ ਡੀ.ਐੱਸ.ਪੀ ਸੁਰਿੰਦਰ ਬਾਂਸਲ ਨੇ ਦੱਸਿਆ ਕਿ 19 ਮਈ ਨੂੰ ਪਈਆਂ ਲੋਕ ਸਭਾ ਦੀਆਂ ਵੋਟਾਂ ਦੌਰਾਨ ਫਿਰੋਜ਼ਪੁਰ ਸ਼ਹਿਰੀ ਹਲਕੇ ਵਿੱਚ ਇੱਕ ਵੋਟਰ ਵੱਲੋਂ ਆਪਣੀ ਵੋਟ ਪਾਉਣ ਸਮੇਂ ਦੀ ਵੀਡੀਓ ਬਣਾ ਲਈ ਜਿਸਨੂੰ ਉਸ ਵੱਲੋਂ ਬਾਅਦ ਵਿੱਚ ਆਪਣੇ ਫੇਸਬੁੱਕ ਅਕਾਊਂਟ 'ਤੇ ਅਪਲੋਡ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਨੂੰ ਚੋਣ ਜ਼ਾਬਤੇ ਤੇ ਵੋਟ ਪਾਉਣ ਦੀ ਨਿੱਜਤਾ ਦੇ ਕਾਨੂੰਨ ਦੀ ਉਲੰਘਣਾ ਕਰਾਰ ਦਿੰਦਿਆਂ ਜ਼ਿਲਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੀ ਹਦਾਇਤ 'ਤੇ ਜੁਗਰਾਜ ਮਾਲਵਾ ਪੁੱਤਰ ਨਾਮਾਲੂਮ ਖਿਲਾਫ਼ ਧਾਰਾ 126 ਰੀਪਰੀਸੈਨਟੇਸ਼ਨ ਆਫ ਪੀਪਲ ਐਕਟ 1951 ਐਂਡ 1988,188 ਆਈ.ਪੀ.ਸੀ, 66 (ਬੀ) ਆਈ.ਟੀ ਐਕਟ 2000 ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।