ਸਹੁੰ ਚੁਕਾਉਂਦੇ ਹੋਏ ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਮਨਪ੍ਰੀਤ ਸਿੰਘ ਛਤਵਾਲ । ਤਸਵੀਰ : ਜਗਦੀਸ਼ ਥਿੰਦ
ਜਗਦੀਸ਼ ਥਿੰਦ
ਫ਼ਾਜ਼ਿਲਕਾ, 21 ਮਈ
ਡਿਪਟੀ ਕਮਿਸ਼ਨਰ ਸ. ਮਨਪ੍ਰੀਤ ਸਿੰਘ ਛੱਤਵਾਲ ਦੀ ਅਗਵਾਈ ਹੇਠ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਥਿਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਅੱਤਵਾਦ ਵਿਰੋਧੀ ਦਿਵਸ ਮਨਾਇਆ ਗਿਆ ਤੇ ਸਹੁੰ ਚੁੱਕ ਸਮਾਗਮ ਕਰਵਾਇਆ ਗਿਆ।
ਸ਼ਪਤ ਗ੍ਰਹਿਣ ਕਰਦੇ ਸਮੂਹ ਅਧਿਕਾਰੀ , ਕਰਮਚਾਰੀ
ਇਸ ਮੌਕੇ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਹਿੰਸਾ ਅਤੇ ਅਤਿਵਾਦ ਵਿਰੁੱਧ ਡਟਣ ਦੀ ਸਹੁੰ ਚੁੱਕੀ ਅਤੇ ਸ਼ਾਂਤੀ ਤੇ ਸਮਾਜਿਕ ਸਦਭਾਵਨਾ ਨੂੰ ਪ੍ਰਫੁੱਲਤ ਕਰਨ ਅਤੇ ਸਮੂਹ ਮਨੁੱਖੀ ਭਾਈਚਾਰੇ ਨੂੰ ਇਕ ਸਮਾਨ ਸਮਝਣ ਦਾ ਪ੍ਰਣ ਲਿਆ।
ਇਸ ਮੌਕੇ ਉਨ੍ਹਾਂ ਕਿਹਾ ਕਿ ਅੱਤਵਾਦ ਜਾਂ ਸ਼ਾਂਤੀ ਭੰਗ ਕਰਨ ਵਾਲੇ ਸ਼ਰਾਰਤੀ ਅਨਸਰ ਮਨੁੱਖਤਾ ਨੂੰ ਠੇਸ ਪਹੁੰਚਾਉਂਦੇ ਹਨ, ਜੋ ਕਿ ਸਹੀ ਨਹੀਂ ਹੈ। ਨੌਜਵਾਨ ਪੀੜ੍ਹੀ ਨੂੰ ਸੁਨੇਹਾ ਦਿੰਦਿਆਂ ਉਨ੍ਹਾਂ ਕਿਹਾ ਕਿ ਅਸੀਂ ਸਾਰੇ ਆਪਸ ਵਿੱਚ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰੀਏ ਅਤੇ ਆਪਣੇ ਆਲੇ-ਦੁਆਲੇ ਸ਼ਾਂਤਮਈ ਮਾਹੌਲ ਕਾਇਮ ਕਰੀਏ।
ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਚੁੱਕੀ ਸਹੁੰ:
ਅੱਤਵਾਦ ਵਿਰੋਧੀ ਦਿਵਸ ਮੌਕੇ 'ਤੇ ਸਿਵਲ ਸਰਜਨ ਡਾ. ਦਵਿੰਦਰ ਭੁੱਕਲ ਦੀ ਮੌਜੂਦਗੀ ਵਿੱਚ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਸ੍ਰੀ ਅਨਿਲ ਧਾਮੂ ਦੁਆਰਾ ਸਮੂਹ ਸਟਾਫ ਨੂੰ ਅੱਤਵਾਦ ਦੇ ਵਿਰੋਧ ਵਿੱਚ ਡੱਟੇ ਰਹਿਣ ਲਈ ਸਹੁੰ ਚੁਕਾਈ ਗਈ ਕਿ ਅਸੀਂ ਭਾਰਤੀ ਵਾਸੀ ਅਹਿੰਸਾ ਅਤੇ ਸਹਿਣਸ਼ੀਲਤਾ ਦੀਆਂ ਰਵਾਇਤਾਂ ਵਿੱਚ ਵਿਸ਼ਵਾਸ ਰੱਖਦੇ ਹਾਂ ਅਤੇ ਪੂਰੀ ਸ਼ਕਤੀ ਨਾਲ ਅੱਤਵਾਦ ਦਾ ਡੱਟ ਕੇ ਵਿਰੋਧ ਕਰਦੇ ਹਾਂ। ਅਸੀਂ ਪ੍ਰਣ ਕਰਦੇ ਹਾਂ ਕਿ ਮਾਨਵਤਾ, ਸ਼ਾਂਤੀ ਅਤੇ ਸਮਾਜਿਕ ਸਦਭਾਵਨਾ ਨੂੰ ਪ੍ਰਫੂਲਤ ਕਰਾਂਗੇ।
ਇਸ ਮੌਕੇ ਮੈਡਮ ਸੁਖਵਿੰਦਰ ਕੌਰ, ਸ੍ਰੀ ਰੋਹਿਤ ਕੁਮਾਰ, ਪਰਮਜੀਤ ਅਤੇ ਹੋਰ ਸਿਹਤ ਸਟਾਫ ਮੌਜੂਦ ਸਨ।