ਐੱਸ.ਏ.ਐੱਸ. ਨਗਰ 21 ਮਈ, 2019: ਵਿਦਿਆਰਥੀਆਂ ਦੀ ਸਮੁੱਚੀ ਸਖ਼ਸ਼ੀਅਤ ਘੜਣ ਲਈ ਸਰਕਾਰੀ ਸਕੂਲ ਅੱਜ ਵੀ ਸਭ ਤੋਂ ਉੱਤਮ ਹਨ| ਅਧਿਆਪਕਾਂ ਨੇ ਚੰਗੇ ਨਤੀਜਿਆਂ ਦੇ ਨਾਲ਼-ਨਾਲ਼ ਬੱਚੇ ਦਾ ਹਰ ਪੱਖੋਂ ਮਾਨਸਿਕ ਵਿਕਾਸ ਕਰਦਿਆਂ ਉਸਨੂੰ ਸਮੇਂ ਦੀ ਲੋੜ ਦਾ ਹਾਣੀ ਬਣਾਉਣਾ ਹੈ| ਅਧਿਆਪਕਾਂ ਨੂੰ ਚਾਹੀਦਾ ਹੈ ਕਿ ਉਹ ਬੱਚੇ ਨੂੰ ਪੜ੍ਹਾਈ ਦੀ ਲਿਵ ਲਾਉਣ ਤੇ ਪੜ੍ਹਾਈ ਦਾ ਆਦੀ ਬਣਾਉਣ| ਬੱਚਿਆਂ ਦਾ ਸਰਵਪੱਖੀ ਵਿਕਾਸ ਹਰੇਕ ਅਧਿਆਪਕ ਦੀ ਜ਼ਿੰਮੇਵਾਰੀ ਹੈ| ਇਹ ਸ਼ਬਦ ਡਾ. ਬੀ.ਐੱਸ. ਘੁੰਮਣ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਨੇ ਸਿੱਖਿਆ ਵਿਭਾਗ ਪੰਜਾਬ ਵੱਲੋਂ ਮਾਨਸਾ ਜ਼ਿਲ੍ਹੇ ਦੇ ਬਿਹਤਰ ਨਤੀਜਿਆਂ ਵਾਲੇ ਸਕੂਲ ਮੁਖੀਆਂ ਦੇ ਸਨਮਾਨ ਸਮਾਰੋਹ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਡੀਟੋਰੀਅਮ ਵਿਖੇ ਅਧਿਆਪਕਾਂ ਤੇ ਸਿੱਖਿਆ ਅਧਿਕਾਰੀਆਂ ਨੂੰ ਸੰਬੋਧਿਤ ਕਰਦਿਆਂ ਕਹੇ| ਡਾ. ਘੁੰਮਣ ਨੇ ਆਪਣੇ ਸੰਬੋਧਨ ਵਿੱਚ ਪ੍ਰੇਰਦਿਆਂ ਕਿਹਾ ਕਿ ਬਿਹਤਰ ਨਤੀਜਿਆਂ ਵਾਲੇ ਸਕੂਲ ਮੁਖੀ ਆਪਣੀ ਕਾਮਯਾਬੀ ਦੀ ਮਹਿਕ ਨਾਲ਼ ਆਪਣੇ ਆਲੇ-ਦੁਆਲ਼ੇ ਦੇ ਸਕੂਲਾਂ ਨੂੰ ਵੀ ਮਹਿਕਾਉਣ| ਉਹਨਾਂ ਜ਼ੋਰ ਦੇ ਕੇ ਇਹ ਵੀ ਕਿਹਾ ਕਿ ਅਗਲੀ ਵਾਰ ਇਹਨਾਂ ਸਕੂਲਾਂ ਦੇ ਵਿਦਿਆਰਥੀਆਂ ਨੂੰ ਮੈਰਿਟ ਸੂਚੀ ਵਿੱਚ ਸਥਾਨ ਗ੍ਰਹਿਣ ਕਰਨਾ ਚਾਹੀਦਾ ਹੈ|
ਡਾ. ਘੁੰਮਣ ਨੇ ਕਿਹਾ ਕਿ ਅੱਜ ਵੀ ਸਰਕਾਰੀ ਸਕੂਲਾਂ ਦੀ ਸਿੱਖਿਆ ਮਿਆਰੀ ਹੈ ਅਤੇ ਜਿਸਦਾ ਕੋਈ ਬਦਲ ਨਹੀਂ ਹੈ| ਉਹਨਾਂ ਨੇ ਆਪਣੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਇਸ ਮੌਕੇ ਯਾਦ ਕਰਦਿਆਂ ਕਿਹਾ ਕਿ ਉਹ ਅੱਜ ਜਿਸ ਮੁਕਾਮ 'ਤੇ ਹਨ ਉਸਦਾ ਸਿਹਰਾ ਉਹਨਾਂ ਦੇ ਸਕੂਲੀ ਅਧਿਆਪਕ ਸਿਰ ਬੱਝਦਾ ਹੈ| ਉਹਨਾਂ ਸਕੂਲ ਮੁਖੀਆਂ ਨੂੰ ਅੱਜ ਦੇ ਸਮਾਗਮ ਦੀ ਵਧਾਈ ਦਿੰਦਿਆਂ ਕਿਹਾ ਕਿ ਇਸ ਸਨਮਾਨ ਨੂੰ ਉਹ ਸਕੂਲੀ ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ ਸਵੇਰ ਦੀ ਸਭਾ ਵਿੱਚ ਸਾਂਝਾ ਕਰਨ| ਉਹਨਾਂ ਕਿਹਾ ਕਿ ਸਕੂਲੀ ਅਧਿਆਪਕ ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਵਧੀਆ ਵਿਦਿਆਰਥੀਆਂ ਦੀ ਪਨੀਰੀ ਭੇਜਣ ਤੇ ਯੂਨੀਵਰਸਿਟੀਆਂ ਉਹਨਾਂ ਨੂੰ ਤਰਾਸ਼ ਕੇ ਸਮੇਂ ਦੇ ਹਾਣੀ ਬਣਾਉਣਗੀਆਂ|
ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਸਿੱਖਿਆ ਵਿਭਾਗ ਪੰਜਾਬ ਵੱਲੋਂ ਬੋਰਡ ਦੀਆਂ ਦਸਵੀਂ ਅਤੇ ਬਾਰ੍ਹਵੀਂ ਜਮਾਤਾਂ ਵਿੱਚ ਮਾਰਚ-2019 ਦੇ ਸ਼ਾਨਦਾਰ ਅਤੇ ਬਿਹਤਰ ਨਤੀਜਿਆਂ ਵਾਲੇ ਸਕੂਲ ਮੁਖੀਆਂ ਦੇ ਸਨਮਾਨ ਸਬੰਧੀ ਲੜੀ ਸ਼ੁਰੂ ਕੀਤੀ ਗਈ ਹੈ| ਸਿੱਖਿਆ ਵਿਭਾਗ ਵੱਲੋਂ ਅੱਜ ਮਾਨਸਾ ਜ਼ਿਲ੍ਹੇ ਦੇ ਸੌ ਤੋਂ ਵੱਧ ਸਕੂਲ ਮੁਖੀਆਂ ਨੂੰ ਆਦਰ-ਮਾਣ ਨਾਲ ਸਨਮਾਨ ਚਿੰਨ੍ਹ ਦੇ ਕੇ ਭਰਪੂਰ ਸਰਾਹਨਾ ਕੀਤੀ ਗਈ|
ਇਸ ਮੌਕੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਬੋਲਦਿਆਂ ਕਿਹਾ ਕਿ ਅੱਜ ਦਾ ਸਮਾਰੋਹ ਵਿਭਾਗ ਲਈ ਯਾਦਗਾਰੀ ਹੈ ਕਿਉਂਕਿ ਅਸੀਂ ਸਾਰਿਆਂ ਨੇ ਇੱਕ ਸੁਪਨੇ ਨੂੰ ਸਾਕਾਰ ਕੀਤਾ ਹੈ| ਉਹਨਾਂ ਨੇ ਇਸ ਕਾਮਯਾਬੀ ਨਾਲ ਜੁੜੇ ਹਰ ਸ਼ਖ਼ਸ਼ ਦਾ ਧੰਨਵਾਦ ਕੀਤਾ ਅਤੇ ਇਸ ਕਾਮਯਾਬੀ ਦੀ ਲਗਾਤਾਰਤਾ ਬਣਾਈ ਰੱਖਣ ਲਈ ਸਕੂਲ ਮੁਖੀਆਂ ਨੂੰ ਕਿਹਾ ਕਿ ਉਹ ਆਪਣੇ ਅਧਿਆਪਕਾਂ ਦੀ ਯੋਗ ਅਗਵਾਈ ਕਰਦੇ ਰਹਿਣ|
ਅੱਜ ਦੇ ਸਮਾਰੋਹ ਵਿੱਚ ਮਾਨਸਾ ਜ਼ਿਲ੍ਹੇ ਦੇ ਸ਼ਾਨਦਾਰ ਨਤੀਜੇ ਦੇਣ ਵਾਲੇ ਸਕੂਲ ਪ੍ਰਿੰਸੀਪਲਾਂ, ਸਕੂਲ ਮੁਖੀਆਂ, ਸਕੂਲ ਇੰਚਾਰਜਾਂ ਦੇ ਨਾਲ਼-ਨਾਲ਼ ਨੋਡਲ ਅਫ਼ਸਰ ਜਿਲ੍ਹਾ ਮਾਨਸਾ ਰੇਨੂੰ ਮਹਿਤਾ, ਸੁਭਾਸ਼ ਚੰਦਰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਮਾਨਸਾ, ਜਗਰੂਪ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ, ਭੁਪਿੰਦਰ ਸਿੰਘ ਪ੍ਰਿੰਸੀਪਲ ਡਾਇਟ ਮਾਨਸਾ, ਗੁਰਲਾਭ ਸਿੰਘ ਇੰਚਾਰਜ ਸਿੱਖਿਆ ਸੁਧਾਰ ਟੀਮ, ਤਰਸੇਮ ਸਿੰਘ ਜ਼ਿਲ੍ਹਾ ਸਾਇੰਸ ਮੈਂਟਰ, ਜਸਵਿੰਦਰ ਕੌਰ ਕਰੰਡੀ ਸੀਨੀਅਰ ਸੈਕੰਡਰੀ ਸਾਇੰਸ ਮੈਂਟਰ, ਰੁਪਿੰਦਰ ਸਿੰਘ ਜ਼ਿਲ੍ਹਾ ਮੈਂਟਰ ਗਣਿਤ ਅਤੇ ਬਲਜਿੰਦਰ ਜੌੜਕੀਆਂ ਜ਼ਿਲ੍ਹਾ ਮੈਂਟਰ ਅੰਗਰੇਜ਼ੀ ਤੇ ਸਸ ਦੇ ਜ਼ਿਲ੍ਹਾ ਮੈਂਟਰ, ਅਸ਼ੋਕ ਕੁਮਾਰ ਜ਼ਿਲ੍ਹਾ ਸਮਾਰਟ ਸਕੂਲ ਮੋਟੀਵੇਟਰ, ਅਮਰਜੀਤ ਸਿੰਘ ਰੱਲੀ ਨੂੰ ਸਨਮਾਨਿਤ ਕੀਤਾ ਗਿਆ|
ਇਸ ਮੌਕੇ ਇੰਦਰਜੀਤ ਸਿੰਘ ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਨੇ ਆਏ ਮੁੱਖ ਮਹਿਮਾਨ ਅਤੇ ਸਕੂਲ ਮੁਖੀਆਂ ਨੂੰ ਸਵਾਗਤੀ ਸ਼ਬਦ ਕਹੇ| ਸਮਾਗਮ ਵਿੱਚ ਸਿੱਖਿਆ ਵਿਭਾਗ ਦੇ ਡਿਪਟੀ ਐੱਸਪੀਡੀ ਸੁਭਾਸ਼ ਮਹਾਜਨ, ਡਿਪਟੀ ਐੱਸਪੀਡੀ ਮਨੋਜ ਕੁਮਾਰ, ਡਿਪਟੀ ਡਾਇਰੈਕਟਰ ਦਫ਼ਤਰ ਡੀਪੀਆਈ ਸੈਕੰਡਰੀ ਸਿੱਖਿਆ, ਸਹਾਇਕ ਡਾਇਰੈਕਟਰ ਸਕੂਲ ਪ੍ਰਬੰਧ, ਸੁਪਰਡੈਂਟ, ਸਮੂਹ ਨੋਡਲ ਅਫ਼ਸਰ, ਸਟੇਟ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਅਤੇ ਸਿੱਖਿਆ ਵਿਭਾਗ ਦੇ ਹੋਰ ਆਹਲਾ ਅਧਿਕਾਰੀ ਹਾਜ਼ਰ ਸਨ|