ਐੱਸ. ਏ. ਐੱਸ. ਨਗਰ, 22 ਮਈ, 2019 - ਜਨਰੇਸ਼ਨ ਸੇਵੀਅਰ ਐਸੋਸੀਏਸ਼ਨ ਵੱਲੋਂ ਫੇਜ਼-3ਏ ਸਥਿਤ ਖਾਲਸਾ ਕਾਲਿਜ ਆਫ ਟੈਕਨਾਲੋਜੀ ਅਤੇ ਮੈਨੇਜਮੈਂਟ ਵਿੱਚ 'ਸੰਸਾਰ ਹਾਈਪਰਟੈਂਸ਼ਨ ਦਿਹਾੜੇ' ਦੇ ਮੌਕੇ 'ਤੇ ਸਿਹਤ ਜਾਂਚ ਕੈੰਪ ਲਗਾਇਆ ਗਿਆ। ਦੱਸਣਯੋਗ ਹੈ ਕਿ ਹਰ ਸਾਲ 17 ਮਈ ਨੂੰ 'ਸੰਸਾਰ ਹਈਪਰਟੈਂਸ਼ਨ ਦਿਹਾੜਾ' ਮਨਾਇਆ ਜਾਂਦਾ ਹੈ। ਇੰਡਸ ਹਸਪਤਾਲ ਮੋਹਾਲੀ ਦੇ ਸਹਿਯੋਗ ਨਾਲ ਲਗਾਏ ਗਏ ਇਸ ਕੈੰਪ ਵਿੱਚ ਆਏ ਹੋਏ ਲੋਕਾਂ ਦੇ ਬਲੱਡ ਪ੍ਰੈਸ਼ਰ ਦੀ ਜਾਂਚ ਕੀਤੀ ਗਈ ਅਤੇ ਲੋਕਾਂ ਨੂੰ ਬਲੱਡ ਪ੍ਰੈਸ਼ਰ ਤੋਂ ਹੋਣ ਵਾਲੀਆਂ ਬਿਮਾਰੀਆਂ ਬਾਰੇ ਸੁਚੇਤ ਵੀ ਕੀਤਾ ਗਿਆ।
ਇਸ ਮੌਕੇ ਜਨਰੇਸ਼ਨ ਸੇਵੀਅਰ ਐਸੋਸੀਏਸ਼ਨ ਦੀ ਪ੍ਰਧਾਨ ਬੀਬੀ ਉਪਿੰਦਰ ਪ੍ਰੀਤ ਕੌਰ ਗਿੱਲ ਨੇ ਕਿਹਾ ਕਿ ਇਸ ਵੇਲੇ ਪੰਜਾਬ ਦੀ 40 ਫੀਸਦੀ ਤੋਂ ਵੀ ਵੱਧ ਆਬਾਦੀ ਹਾਈ ਬਲੱਡ ਪ੍ਰੈਸ਼ਰ ਨਾਲ ਜੂਝ ਰਹੀ ਹੈ ਅਤੇ ਬਾਕੀ ਦੀ 40 ਪ੍ਰਤੀਸ਼ਤ ਆਬਾਦੀ ਵਿੱਚ ਵੀ ਹਾਈ ਬਲੱਡ ਪ੍ਰੈਸ਼ਰ ਦੀ ਬਿਮਾਰੀ ਦੀ ਲਪੇਟ 'ਚ ਆਉਣ ਦੇ ਲੱਛਣ ਕਾਫੀ ਜ਼ਿਆਦਾ ਹਨ। ਉਹਨਾਂ ਕਿਹਾ ਕਿ ਸੱਭ ਤੋਂ ਖ਼ਤਰਨਾਕ ਗੱਲ ਇਹ ਹੈ ਕਿ ਹਾਈ ਬਲੱਡ ਪ੍ਰੈਸ਼ਰ ਬਿਮਾਰੀ ਦੇ ਨਾ ਹੀ ਕੋਈ ਲੱਛਣ ਹੁੰਦੇ ਹਨ ਤੇ ਨਾ ਹੀ ਬੰਦੇ ਨੂੰ ਇਹ ਪਤਾ ਲਗਦਾ ਹੈ ਕਿ ਉਹ ਹਾਈ ਬਲੱਡ ਪ੍ਰੈਸ਼ਰ ਦਾ ਸ਼ਿਕਾਰ ਹੋ ਚੁੱਕਾ ਹੈ। ਇਸੇ ਗੱਲ ਦਾ ਧਿਆਨ ਰੱਖਦਿਆਂ ਇਸ ਵਾਰ 'ਸੰਸਾਰ ਹਾਈ ਬਲੱਡ ਪ੍ਰੈਸ਼ਰ ਦਿਹਾੜੇ' ਦੀ ਥੀਮ 'ਆਪਣਾ ਨੰਬਰ ਜਾਣੋ' ਭਾਵ ਸਮੇਂ-ਸਮੇਂ ਤੇ ਬਲੱਡ ਪ੍ਰੈਸ਼ਰ ਦੀ ਜਾਂਚ ਕਰਵਾ ਕੇ ਆਪਣੇ ਬਲੱਡ ਪ੍ਰੈਸ਼ਰ ਦੇ ਨੰਬਰ ਨੂੰ ਚੇਤੇ 'ਚ ਰੱਖਣਾ ਹੈ।
ਉੱਧਰ ਇਸ ਮੌਕੇ 'ਤੇ ਵਿਸ਼ੇਸ਼ ਮਹਿਮਾਨ ਵਜੋਂ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ ਸਿਹਤ ਵਿਭਾਗ ਦੇ ਸਹਾਇਕ ਨਿਰਦੇਸ਼ਕ ਅਤੇ ਐੱਨ. ਸੀ. ਡੀ. ਕੰਟਰੋਲ ਪ੍ਰੋਗਰਾਮ ਦੇ ਇੰਚਾਰਜ ਡਾ. ਜੀ. ਬੀ. ਸਿੰਘ ਨੇ ਕਿਹਾ ਕਿ ਹਰ ਪੰਜ ਵਿੱਚੋਂ ਦੋ ਪੰਜਾਬੀ ਹਾਈ ਬਲੱਡ ਪ੍ਰੈਸ਼ਰ ਦਾ ਸ਼ਿਕਾਰ ਹਨ। ਉਹਨਾਂ ਕਿਹਾ ਕਿ ਹਾਈ ਬਲੱਡ ਪ੍ਰੈਸ਼ਰ ਇੱਕ 'ਚੁੱਪ-ਚੁਪੀਤਾ ਕਾਤਿਲ' ਹੈ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਇਸ ਬਿਮਾਰੀ ਦਾ ਪਤਾ ਹੀ ਨਹੀਂ ਲਗਦਾ ਜਦਕਿ ਇਹ ਹੌਲੀ-ਹੌਲੀ ਸਰੀਰ ਦੇ ਬਹੁਤ ਸਾਰੇ ਅੰਗਾਂ ਨੂੰ ਨੁਕਸਾਨ ਪਹੁੰਚਾਉਂਦੀ ਰਹਿੰਦੀ ਹੈ। ਉਹਨਾਂ ਕਿਹਾ ਕਿ ਬਲੱਡ ਪ੍ਰੈਸ਼ਰ ਵਧਣ ਦਾ ਮੁੱਖ ਕਾਰਨ ਸਾਡੀ ਗਲਤ ਜੀਵਨ ਸ਼ੈਲੀ ਹੈ ਭਾਵ ਸਾਡੇ ਰਹਿਣ-ਸਹਿਣ ਦੀਆਂ ਗਲਤ ਆਦਤਾਂ ਇਸ ਬਿਮਾਰੀ ਦਾ ਕਾਰਨ ਹਨ ਜਿਸ ਵਿੱਚ ਵੱਡੀ ਮਾਤਰਾ ਵਿੱਚ ਤਲਿਆ ਹੋਇਆ ਭੋਜਨ ਖਾਣਾ, ਸ਼ਰਾਬ ਅਤੇ ਤੰਬਾਕੂ ਦੀ ਵਰਤੋਂ ਕਰਨੀ, ਕੰਮ ਦਾ ਭਾਰ ਹੋਣਾ ਅਤੇ ਸਰੀਰਕ ਕਸਰਤ ਨਹੀਂ ਕਰਨੀ ਆਦਿ ਸ਼ਾਮਿਲ ਹਨ। ਉਹਨਾਂ ਕਿਹਾ ਕਿ ਜੇਕਰ ਲੋਕ ਆਪਣੇ ਰਹਿਣ ਸਹਿਣ ਨਾਲ ਜੁੜੀਆਂ ਆਦਤਾਂ ਠੀਕ ਕਰ ਲੈਣ ਭਾਵ ਉਹਨਾਂ ਦੀ ਜੀਵਨ ਸ਼ੈਲੀ ਠੀਕ ਹੋ ਜਾਵੇ ਤਾਂ ਲੋਕ ਹਾਈ ਬਲੱਡ ਪ੍ਰੈਸ਼ਰ ਤੋਂ ਬੱਚ ਸਕਦੇ ਹਨ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਮੋਬਾਇਲ ਫੋਨ ਅਤੇ ਵੀਡੀਓ ਗੇਮਾਂ ਤੋਂ ਦੂਰ ਰੱਖਣ ਅਤੇ ਸਰੀਰਕ ਮਿਹਨਤ ਕਰਨ ਵਾਲੀਆਂ ਖੇਡਾਂ ਖੇਡਣ ਲਈ ਪ੍ਰੇਰਿਤ ਕਰਨ। ਇਸ ਮੌਕੇ ਸੰਸਥਾ ਦੀ ਮੀਤ ਪ੍ਰਧਾਨ ਬੀਬੀ ਸੁਰਜੀਤ ਕੌਰ, ਡਾ. ਆਸਥਾ ਬੱਗਾ, ਰਮਨ ਸ਼ਰਮਾ, ਸੰਦੀਪ ਸ਼ਰਮਾ ਅਤੇ ਵਸੁਧਾ ਆਦਿ ਵੀ ਸ਼ਾਮਿਲ ਸਨ।