← ਪਿਛੇ ਪਰਤੋ
ਫਿਰੋਜ਼ਪੁਰ 22 ਮਈ (ਗੁਰਿੰਦਰ ਸਿੰਘ) ਕਾਊਂਟਰ ਇੰਟੈਲੀਜੈਂਸ ਫਿਰੋਜ਼ਪੁਰ ਵੱਲੋਂ ਕਰੀਬ ਇੱਕ ਸਾਲ ਪਹਿਲਾਂ ਫੜੀ ਹੈਰੋਇਨ ਦੇ ਇੱਕ ਕੇਸ ਵਿੱਚ ਐਡੀਸ਼ਨਲ ਸੈਸ਼ਨ ਕੋਰਟ ਨੇ ਦੋਸ਼ੀ ਨੂੰ 10 ਸਾਲ ਕੈਦ ਅਤੇ ਇੱਕ ਲੱਖ ਰੁਪਏ ਜ਼ੁਰਮਾਨਾ ਭਰਨ ਦੀ ਸਜ਼ਾ ਸੁਣਾਈ ਹੈ।
ਜ਼ਿਕਰਯੋਗ ਹੈ ਕਿ ਕਾਊਂਟਰ ਇੰਟੈਲੀਜੈਂਸ ਫਿਰੋਜ਼ਪੁਰ ਦੀ ਟੀਮ ਵੱਲੋਂ 17 ਅਪ੍ਰੈਲ 2018 ਨੂੰ ਹੈਰੋਇਨ ਦੀ ਸਮਗਲਿੰਗ ਵਿੱਚ ਸਰਗਰਮ ਸਮਗਲਰ ਜਸਵੰਤ ਸਿੰਘ ਉਰਫ ਜੱਸਾ ਪੁੱਤਰ ਮੁਨਸ਼ਾ ਸਿੰਘ ਵਾਸੀ ਫੱਤੇਵਾਲਾ ਹਿਠਾੜ (ਜੱਲੋ ਕੇ) ਥਾਣਾ ਮਮਦੋਟ ਜ਼ਿਲਾ ਫਿਰੋਜ਼ਪੁਰ ਨੂੰ ਕਾਬੂ ਕਰਕੇ ਉਸ ਕੋਲੋਂ 310 ਗ੍ਰਾਮ ਹੈਰੋਇਨ ਬਰਾਮਦ ਕੀਤੀ ਸੀ। ਜਿਸ ਸਬੰਧੀ ਥਾਣਾ ਐੱਸ ਐੱਸ ਓ ਸੀ ਫਾਜ਼ਿਲਕਾ ਵਿਖੇ ਐਨ ਡੀ ਪੀ ਐਸ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਸੀ। ਕਾਊਂਟਰ ਇੰਟੈਲੀਜੈਂਸ ਫਿਰੋਜ਼ਪੁਰ ਵੱਲੋਂ ਮੁਕੱਦਮੇ ਦੀ ਕੀਤੀ ਪੈਰਵਾਈ ਦੇ ਨਤੀਜੇ ਵਜੋਂ ਮਾਣਯੋਗ ਅਦਾਲਤ ਸ਼੍ਰੀਮਤੀ ਰਜਨੀ ਛੋਕਰਾ ਐਡੀਸ਼ਨਲ ਸੈਸ਼ਨ ਜੱਜ ਫਿਰੋਜ਼ਪੁਰ ਵੱਲੋਂ ਫੈਸਲਾ ਸੁਣਾਉਂਦਿਆਂ ਦੋਸ਼ੀ ਜਸਵੰਤ ਸਿੰਘ ਉਰਫ ਜੱਸਾ ਨੂੰ 10 ਸਾਲ ਕੈਦ ਤੇ ਇੱਕ ਲੱਖ ਰੁਪਏ ਜ਼ੁਰਮਾਨਾ ਅਤੇ ਜ਼ੁਰਮਾਨਾ ਨਾ ਭਰਨ ਦੀ ਸੂਰਤ ਵਿੱਚ ਇੱਕ ਸਾਲ ਹੋਰ ਕੈਦ ਦੀ ਸਜ਼ਾ ਸੁਣਾਈ ਹੈ।
Total Responses : 933