ਸਕੂਲ ਪ੍ਰਬੰਧਕਾਂ ਤੇ ਸਿੱਖਿਆ ਅਫਸਰ ਦੀ ਮੌਜੂਦਗੀ ਵਿੱਚ ਡਿਪਟੀ ਕਮਿਸ਼ਨਰ ਨੂੰ ਆਪ ਬੀਤੀ ਸੁਣਾਉਂਦੀ ਪੀੜਤ ਵਿਦਿਆਰਥਣ
ਫਿਰੋਜ਼ਪੁਰ 22 ਮਈ (ਗੁਰਿੰਦਰ ਸਿੰਘ) ਨਜ਼ਦੀਕੀ ਪਿੰਡ ਤੂਤ ਵਿਖੇ ਸਥਿਤ ਸ਼ਹੀਦ ਭਾਈ ਹਿੰਮਤ ਸਿੰਘ ਪਬਲਿਕ ਸਕੂਲ ਵਿੱਚ ਛੇਵੀਂ ਕਲਾਸ ਦੀ ਵਿਦਿਆਰਥਣ ਨਾਲ ਕੁੱਟਮਾਰ ਕਰਨ ਅਤੇ ਉਸ ਦੇ ਹੱਥ ਉੱਪਰ ਕਰ ਕੇ ਧੁੱਪ ਵਿਚ ਖੜ੍ਹਾ ਕਰਨ ਦੇ ਮਾਮਲੇ ਵਿੱੱਚ ਸਖ਼ਤ ਕਾਰਵਾਈ ਕਰਦੇ ਹੋਏ ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਜ਼ਿਲਾ ਸਿੱਖਿਆ ਅਫਸਰ ਨੂੰ ਸਕੂਲ ਦੀ ਮਾਨਤਾ ਰੱਦ ਕਰਨ ਲਈ ਲੋੜੀਂਦੀ ਕਾਰਵਾਈ ਅਮਲ ਵਿੱਚ ਲਿਆਉਣ ਦੇ ਆਦੇਸ਼ ਦਿੱਤੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ 16 ਮਈ ਨੂੰ ਸ਼ਹੀਦ ਭਾਈ ਹਿੰਮਤ ਸਿੰਘ ਸਕੂਲ ਤੂਤ ਦੀ 6ਵੀਂ ਕਲਾਸ ਦੀ ਵਿਦਿਆਰਥਣ ਜਸ਼ਨਦੀਪ ਕੌਰ ਪੁੱਤਰੀ ਮੁਖਵਿੰਦਰ ਸਿੰਘ ਪਿੰਡ ਤੂਤ ਨੂੰ ਸਕੂਲ ਕੁਆਰਡੀਨੇਟਰ ਵੱਲੋਂ ਕੀਤੀ ਕੁੱਟਮਾਰ ਦੀ ਸ਼ਿਕਾਇਤ ਲੜਕੀ ਦੇ ਪਰਿਵਾਰ ਵੱਲੋਂ ਚਾਇਲਡ ਹੈਲਪ ਲਾਈਨ-1098 'ਤੇ ਪਾਉਣ ਉਪਰੰਤ ਸਾਰਾ ਮਾਮਲਾ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੇ ਧਿਆਨ ਵਿੱਚ ਆਉਣ 'ਤੇ ਉਨ੍ਹਾਂ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ) ਨੇਕ ਸਿੰਘ ਨੂੰ ਮਾਮਲੇ ਦੀ ਜਾਂਚ ਲਈ ਕਿਹਾ। ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਕੀਤੀ ਜਾਂਚ ਦੌਰਾਨ ਵਿਦਿਆਰਥਣ ਵੱਲੋਂ ਸਕੂਲ ਮੈਨੇਜਮੈਂਟ ਤੇ ਲੱਗੇ ਦੋਸ਼ ਕਾਫ਼ੀ ਹੱਦ ਤੱਕ ਸਹੀ ਨਿਕਲੇ, ਇਸ ਤੋਂ ਬਾਅਦ ਪੀੜਤ ਵਿਦਿਆਰਥਣ ਖ਼ੁਦ ਡਿਪਟੀ ਕਮਿਸ਼ਨਰ ਕੋਲ ਪੇਸ਼ ਹੋਈ। ਵਿਦਿਆਰਥਣ ਨੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਸਕੂਲ ਕੁਆਰਡੀਨੇਟਰ ਸ਼ਰਨਜੀਤ ਕੌਰ ਜੋ ਕਿ ਸਕੂਲ ਮਾਲਕ ਦੀ ਨੂੰਹ ਹੈ, ਨੇ ਪਹਿਲਾਂ ਉਸਦੀ ਕੁੱਟਮਾਰ ਕੀਤੀ ਅਤੇ ਫਿਰ ਤਿੰਨ ਪੀਰਡ ਤੱਕ ਉਸ ਨੂੰ ਕੜਕਦੀ ਧੁੱਪ ਵਿਚ ਹੱਥ ਉੱਪਰ ਕਰਕੇ ਬਾਹਰ ਖੜ੍ਹਾ ਕਰ ਦਿੱਤਾ ਗਿਆ। ਇਸ ਤੋਂ ਬਾਅਦ ਲੜਕੀ ਦੇ ਪਰਿਵਾਰ ਵਾਲਿਆਂ ਨੇ ਲੜਕੀ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ। ਪੀੜਤ ਵਿਦਿਆਰਥਣ ਦਾ ਪੱਖ ਸੁਣਨ ਤੋਂ ਬਾਅਦ ਡੀ.ਸੀ ਨੇ ਸਕੂਲ ਮੈਨੇਜਮੈਂਟ ਨੂੰ ਆਪਣਾ ਪੱਖ ਰੱਖਣ ਲਈ ਬੁਲਾਇਆ ਅਤੇ ਦੋਹਾਂ ਧੀਰਾਂ ਦੀਆਂ ਗੱਲਾਂ ਸੁਣਨ ਤੋਂ ਬਾਅਦ ਇਸ ਨਤੀਜੇ ਤੇ ਪਹੁੰਚੇ ਕਿ ਸਕੂਲ ਮੈਨੇਜਮੈਂਟ ਨੇ ਵਿਦਿਆਰਥਣ ਨਾਲ ਨਾ ਇੰਨਸਾਫੀ ਕੀਤੀ ਹੈ। ਉਨ੍ਹਾਂ ਨੇ ਡੀ.ਈ.ਓ ਸੈਕੰਡਰੀ ਨੂੰ ਸਕੂਲ ਦੀ ਮਾਨਤਾ ਰੱਦ ਕਰਾਉਣ ਲਈ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਰਿਪੋਰਟ ਭੇਜਣ ਲਈ ਕਿਹਾ। ਡਿਪਟੀ ਕਮਿਸ਼ਨਰ ਦੇ ਆਦੇਸ਼ਾਂ ਤਹਿਤ ਡੀ.ਈ.ਓ ਸੈਕੰਡਰੀ ਨੇ ਅੱਗੋਂ ਡੀ.ਈ.ਓ ਐਲੀਮੈਂਟਰੀ ਨੂੰ ਸਕੂਲ ਦੀ ਮਾਨਤਾ ਰੱਦ ਕਰਨ ਅਤੇ ਹੈੱਡਕੁਆਟਰ ਨੂੰ ਪੂਰੇ ਮਾਮਲੇ ਦੀ ਰਿਪੋਰਟ ਭੇਜਣ ਲਈ ਕਿਹਾ ਹੈ। ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਕਿਹਾ ਕਿ ਵਿਦਿਆਰਥੀਆਂ ਨਾਲ ਇਸ ਤਰ੍ਹਾਂ ਦਾ ਦੁਰਵਿਵਹਾਰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਧਰ ਸਕੂਲ ਪ੍ਰਬੰਧਕਾਂ ਦਾ ਪੱਖ ਜਾਣਨ ਲਈ ਕੋਸ਼ਿਸ਼ ਕਰਨ 'ਤੇ ਵੀ ਸੰਪਰਕ ਨਹੀਂ ਹੋ ਸਕਿਆ।