ਫਿਰੋਜ਼ਪੁਰ 22 ਮਈ (ਗੁਰਿੰਦਰ ਸਿੰਘ):- ਫਿਰੋਜ਼ਪੁਰ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਲੰਮੇ ਅਰਸੇ ਤੋਂ ਆਸ ਲਾਈ ਬੈਠੇ ਹਲਕਾ ਨਿਵਾਸੀਆਂ ਲਈ 23 ਮਈ ਦਾ ਦਿਨ ਇਤਿਹਾਸਕ ਹੋਵੇਗਾ। ਜਿਸ ਦਿਨ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਵੱਡੀ ਗਿਣਤੀ ਨਾਲ ਜਿੱਤ ਪ੍ਰਾਪਤ ਕਰਕੇ ਕੇਂਦਰ ਵਿੱਚ ਬਣ ਰਹੀਂ ਐਨ.ਡੀ.ਏ ਸਰਕਾਰ ਦੇ ਮੁੱਖ ਭਾਈਵਾਲ ਹੋਣਗੇ। ਇਹਨਾਂ ਸਬਦਾਂ ਦਾ ਪ੍ਰਗਟਾਵਾ ਸੁਖਬੀਰ ਸਿੰਘ ਬਾਦਲ ਦੇ ਸਿਆਸੀ ਸਕੱਤਰ ਅਤੇ ਪਾਰਟੀ ਦੇ ਮੁੱਖ ਬੁਲਾਰੇ ਚਰਨਜੀਤ ਸਿੰਘ ਬਰਾੜ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਵਿੱਚ ਕੀਤਾ।
ਸ: ਬਰਾੜ ਨੇ ਕਿਹਾ ਕਿ ਇਹ ਸਾਫ਼ ਜਾਹਿਰ ਹੋ ਚੁੱਕਾ ਹੈ ਕਿ ਪੂਰੇ ਭਾਰਤ ਵਿੱਚੋਂ ਕਾਂਗਰਸ ਪਾਰਟੀ ਦਾ ਇਹਨਾਂ ਚੋਣਾਂ ਤੋਂ ਬਾਅਦ ਸਫਾਇਆ ਹੋ ਰਿਹਾ ਹੈ। ਇਸੇ ਤਰ੍ਹਾਂ ਫਿਰੋਜ਼ਪੁਰ ਤੋਂ ਵੀ ਆਪਣੀ ਮਾਂ ਪਾਰਟੀ ਨਾਲ ਗੱਦਾਰੀ ਕਰਨ ਵਾਲੇ ਘੁਬਾਇਆ ਦੇ ਸਿਆਸੀ ਜੀਵਨ ਦਾ ਵੀ ਸਫਾਇਆ ਹੋ ਜਾਵੇਗਾ। ਸ. ਬਰਾੜ ਨੇ ਕਿਹਾ ਸਾਰੀ ਦੁਨੀਆਂ ਵਿੱਚ ਬੈਠੇ ਪੰਜਾਬੀ ਭਾਈਚਾਰੇ ਦੇ ਲੋਕ ਸੁਖਬੀਰ ਸਿੰਘ ਬਾਦਲ ਨੂੰ ਵਿਕਾਸ ਦਾ ਮਸੀਹਾ ਕਹਿੰਦੇ ਹਨ, ਕਿਉਂਕਿ ਉਹਨਾਂ ਨੇ ਹਮੇਸ਼ਾ ਹੀ ਪਾਰਟੀਬਾਜ਼ੀ ਤੋਂ ਉੱਪਰ ਉੱਠ ਪੰਜਾਬ ਦੇ ਵਿਕਾਸ ਨੂੰ ਤਰਜੀਹ ਦਿੱਤੀ ਹੈ। ਇਸੇ ਤਰ੍ਹਾਂ ਹੀ ਉਹਨਾਂ ਦਾ ਨਿੱਜੀ ਹਲਕਾ ਬਣਨ ਜਾ ਰਿਹਾ ਫਿਰੋਜ਼ਪੁਰ ਵੀ ਵਿਕਾਸ ਦੀ ਬੁਲੰਦੀਆਂ ਨੂੰ ਛੂਹੇਗਾ। ਇਸ ਮੌਕੇ ਉਨ੍ਹਾਂ ਨਾਲ ਵਰਕਿੰਗ ਕਮੇਟੀ ਮੈਂਬਰ ਮਾਸਟਰ ਗੁਰਨਾਮ ਸਿੰਘ, ਨਵਨੀਤ ਕੁਮਾਰ ਗੋਰਾ ਵਰਕਿੰਗ ਕਮੇਟੀ ਮੈਂਬਰ, ਦਿਲਬਾਗ ਸਿੰਘ ਵਿਰਕ ਜਨਰਲ ਸਕੱਤਰ ਸਿੱਖ ਸਟੂਡੈਂਟਸ ਫੈਡਰੇਸ਼ਨ (ਗਰੇਵਾਲ), ਇਕਬਾਲ ਸਿੰਘ ਮੱਲ੍ਹਾ ਸੀਨੀਅਰ ਮੀਤ ਪ੍ਰਧਾਨ ਜ਼ਿਲਾ ਫਿਰੋਜ਼ਪੁਰ, ਕੁਲਵਿੰਦਰ ਸਿੰਘ ਸੰਧੂ ਢੋਲੇਵਾਲ, ਸੰਦੀਪ ਜੁਨੇਜਾ ਸੰਜੂ, ਜੋਰਾਵਰ ਸਿੰਘ ਜਿਲ੍ਹਾ ਮੀਤ ਪ੍ਰਧਾਨ, ਹਰਪ੍ਰੀਤ ਸਿੰਘ ਮਾਹਲ, ਸੰਦੀਪ ਬਰਾੜ ਆਦਿ ਮੌਜੂਦ ਸਨ।