ਰਾਜਪੁਰਾ, 21 ਮਈ 2019 (ਕੁਲਵੰਤ ਸਿੰਘ ਬੱਬੂ) - ਬੀਤੇ ਦਿਨੀਂ ਪਿੰਡ ਖਰਾਜਪੁਰ ਦੇ ਗੁਰਦੁਆਰਾ ਕਮੇਟੀ ਦੇ ਮੈਂਬਰ ਵੱਲੋਂ ਗ੍ਰੰਥੀ ਸਿੰਘ ਨਾਲ ਖਹਿਬੜਣ ਤੋਂ ਬਾਅਦ ਸਿੱਖ ਜਥੇਬੰਦੀਆਂ ਵੱਲੋਂ ਦੋਨਾਂ ਧਿਰਾਂ ਦਾ ਸਮਝੌਤਾ ਕਰਵਾ ਦਿੱਤਾ ਗਿਆ ਸੀ। ਪਰ ਅੱਜ ਗੁਰਦੁਆਰਾ ਸਾਹਿਬ ਕਮੇਟੀ ਦੇ ਮੈਬਰਾਂ ਤੇ ਸਾਥੀਆਂ ਵੱਲੋਂ ਗ੍ਰੰਥੀ ਸਿੰਘ ਦੇ ਹੱਕ 'ਚ ਝਗੜੇ ਦੀ ਬਣਾਈ ਵੀਡੀਓ ਵਾਇਰਲ ਕਰਨ ਵਾਲੇ ਸੇਵਾਦਾਰ ਨੂੰ ਕਮੇਟੀ ਦੇ ਕਹਿਣ ਤੇ ਥਾਣਾ ਸਿਟੀ ਪੁਲਿਸ ਘਰ ਤੋਂ ਗ੍ਰਿਫਤਾਰ ਕਰ ਲਿਆਈ ਸੀ। ਇਸ ਦਾ ਪਤਾ ਜਦੋ ਯੁਨਾਈਟਿਡ ਸਿੱਖ ਪਾਰਟੀ ਦੇ ਆਗੂ ਭਾਈ ਜਸਵਿੰਦਰ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹਲਕਾ ਰਾਜਪੁਰਾ ਦੇ ਪ੍ਰਧਾਨ ਜਗਜੀਤ ਸਿੰਘ ਖਾਲਸਾ ਨੂੰ ਲੱਗਿਆ ਤਾਂ ਉਹ ਜਥੇਬੰਦੀ ਸਮੇਤ ਕਸਤੂਰਬਾ ਚੌਂਕੀ ਵਿਖੇ ਉਕਤ ਨੌਜਵਾਨ ਦੇ ਹੱਕ ਵਿੱਚ ਪਹੁੰਚ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆ ਭਾਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਗੁਰਦੁਆਰਾ ਸਾਹਿਬ ਵਿਖੇ ਗ੍ਰੰਥੀ ਸਿੰਘ ਨਾਲ ਕਮੇਟੀ ਮੈਂਬਰ ਦਾ ਝਗੜਾ ਹੋ ਗਿਆ ਸੀ। ਇਸ ਝਗੜੇ ਦੀ ਵੀਡੀਓ ਸਾਹਮਣੇ ਆਉਣ ਤੇ ਸਿੱਖ ਜੱਥੇਬੰਦੀਆਂ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਪਹੁੰਚ ਗਈਆਂ ਸਨ ਤੇ ਕਮੇਟੀ ਮੈਂਬਰ ਤੇ ਗ੍ਰੰਥੀ ਸਿੰਘ ਦਾ ਸਮਝੌਤਾ ਕਰਵਾ ਦਿੱਤਾ ਸੀ। ਪਰ ਅੱਜ ਕਮੇਟੀ ਦੇ ਮੈਂਬਰਾਂ ਵੱਲੋਂ ਉਕਤ ਨੌਜਵਾਨ ਕਾਕਾ ਸਿੰਘ ਜਿਸ ਨੇ ਵੀਡੀਓ ਵਾਇਰਲ ਕੀਤੀ ਸੀ ਉਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਤੇ ਪੁਲਿਸ ਉਸ ਸੇਵਾਦਾਰ ਨੂੰ ਤੜਕੇ ਘਰ ਤੋਂ ਕਸਤੂਰਬਾ ਚੌਂਕੀ ਲੈ ਆਈ। ਇਸ ਦਾ ਪਤਾ ਸਿੱਖ ਆਗੂਆਂ ਨੂੰ ਲੱਗਿਆਂ ਤਾਂ ਸੇਵਾਦਾਰ ਦੇ ਲਈ ਨੌਜਵਾਨ ਵੱਡੀ ਗਿਣਤੀ ਵਿੱਚ ਪੁਲਿਸ ਚੌਂਕੀ ਪਹੁੰਚਣ ਲੱਗ ਪਏ ਸਨ। ਭਾਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਕਮੇਟੀ ਦੇ ਪ੍ਰਧਾਨ ਤੇ ਆਗੂਆਂ ਵਲੋਂ ਮੁਆਫੀ ਨਾਮਾ ਲ਼ਿਖਵਾ ਕੇ ਇਹ ਫੈਸਲਾ ਲਿਆ ਹੈ ਕਿ ਆਉਣ ਵਾਲੀ ਸੰਗਰਾਦ ਨੂੰ ਗੁਰਦੁਆਰਾ ਸਾਹਿਬ ਦੀ ਨਵੀਂ ਕਮੇਟੀ ਚੁਣੀ ਜਾਵੇਗੀ ਅਤੇ ਪੁਰਾਣੀ ਕਮੇਟੀ ਆਪਣਾ ਹਿਸਾਬ ਕਿਤਾਬ ਨਵੀਂ ਕਮੇਟੀ ਨੂੰ ਦੇਵੇਗੀ। ਇਸ ਮੌਕੇ ਸੰਜੀਤ ਸਿੰਘ, ਗੁਰਪ੍ਰੀਤ ਸਿੰਘ, ਗੁਰਦੇਵ ਸਿੰਘ, ਰਣਜੀਤ ਸਿੰਘ, ਨਿਸ਼ਾਨ ਸਿੰਘ, ਪਰਮਜੀਤ ਸਿੰਘ, ਰਸ਼ਪਾਲ ਸਿੰਘ, ਜੋਗਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਸਿੱਖ ਆਗੂ ਹਾਜਰ ਸਨ।