ਮਮਦੋਟ, 22 ਮਈ 2019 (ਨਿਰਵੈਰ ਸਿੰਘ ਸਿੰਧੀ) :- ਸ਼ਹੀਦ ਭਗਤ ਸਿੰਘ ਸਟੇਡੀਅਮ ਫਿਰੋਜ਼ਪੁਰ ਦੇ ਨਜਦੀਕ ਬਣੇ ਸਰਕਾਰੀ ਸਕੂਲ ਦੇ ਇੱਕ ਅਧਿਆਪਕ ਵੱਲੋਂ ਸਕੂਲ ਦੇ ਹੀ ਨੌਵੀਂ ਜਮਾਤ ਦੇ ਵਿਦਿਆਰਥੀ ਦੀ ਕਥਿਤ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਵਰਨਣਯੋਗ ਹੈ ਕਿ ਇੱਥੋਂ ਕਰੀਬ 10 ਕਿਲੋਮੀਟਰ ਦੀ ਦੂਰੀ ਤੇ ਵਸੇ ਪਿੰਡ ਭੰਬਾ ਹਾਜੀ (ਬੁਰਜੀ) ਦੇ ਵਾਸੀ ਰਾਜ ਸਿੰਘ ਅਤੇ ਉਸਦੀ ਪਤਨੀ ਸੰਤੋਸ਼ ਨੇ ਪੁਲਿਸ ਨੂੰ ਦਿੱਤੀ ਸ਼ਕਾਇਤ ਦੀ ਕਾਪੀ ਦਿੰਦੇ ਹੋਏ ਦੱਸਿਆ ਕਿ ਓਹਨਾ ਦਾ ਮਸੂਮ ਬੱਚਾ ਕੀਮਾ ਸਿੰਘ ਨੌਵੀਂ ਕਲਾਸ ਵਿਚ ਫਿਰੋਜ਼ਪੁਰ ਦੇ ਸਰਕਾਰੀ ਸਕੂਲ ਵਿੱਚ ਪੜ੍ਹਦਾ ਹੈ। ਬੱਚੇ ਦੇ ਮਾਪਿਆਂ ਨੇ ਅਧਿਆਪਕ ਤੇ ਬਿਨਾਂ ਵਜ੍ਹਾ ਬੱਚੇ ਦੀ ਕੁੱਟਮਾਰ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਸਕੂਲ ਦੇ ਅਧਿਆਪਕ ਨੀਰਜ ਕੁਮਾਰ ਨੇ ਓਹਨਾ ਦੇ ਬੱਚੇ ਨੂੰ ਬਿਨਾਂ ਵਜ੍ਹਾ ਬੇਰਹਿਮੀ ਨਾਲ ਕੁੱਟਿਆ। ਉਨ੍ਹਾਂ ਨੇ ਬੱਚੇ ਦੇ ਪੇਟ, ਵੱਖੀਆਂ ਵਿੱਚ ਲੱਤਾਂ, ਘਸੁੰਨ ਮਾਰ-ਮਾਰ ਕੇ ਉਸਨੂੰ ਫੱਟੜ ਕੀਤਾ ਹੈ, ਜਿਸਦੀ ਵਜ੍ਹਾ ਕਰਕੇ ਉਸਨੂੰ ਮਮਦੋਟ ਦੇ ਸਰਕਾਰੀ ਹਸਪਤਾਲ ਵਿਚ ਦਾਖਿਲ ਕਰਵਾਉਣਾ ਪਿਆ ਹੈ ਜਿਸਨੂੰ ਅੱਜ ਤਿੰਨ ਦਿਨ ਦੇ ਇਲਾਜ ਬਾਅਦ ਛੁੱਟੀ ਮਿਲੀ ਹੈ ਓਹਨਾ ਦੱਸਿਆ ਕਿ ਜਦੋਂ ਉਹ ਇਸ ਪ੍ਰਤੀ ਉਕਤ ਅਧਿਆਪਕ ਨੂੰ ਮਿਲਣ ਵਾਸਤੇ ਗਏ ਤਾ ਉਸਨੇ ਓਹਨਾਂ ਨੂੰ ਵੀ ਬੇਇੱਜਤ ਕਰਕੇ ਅਤੇ ਓਹਨਾ ਨੂੰ ਜਾਤੀਸੂਚਕ ਸ਼ਬਦ ਬੋਲਕੇ ਬੇਇੱਜਤ ਕਰਕੇ ਸਕੂਲ ਵਿੱਚੋਂ ਬਾਹਰ ਕਰ ਦਿੱਤਾ ਅਤੇ ਹੱਥੋਪਾਈ ਵੀ ਕੀਤੀ। ਓਹਨਾ ਵੱਲੋਂ ਇਸ ਸਬੰਧੀ ਜਿਲ੍ਹਾ ਸਿੱਖਿਆ ਅਫਸਰ ਅਤੇ ਪੁਲਿਸ ਪ੍ਰਸ਼ਾਸ਼ਨ ਨੂੰ ਸ਼ਿਕਾਇਤ ਕਰਕੇ ਇਨਸਾਫ ਦੀ ਮੰਗ ਕੀਤੀ ਹੈ। ਦੂਜੇ ਪਾਸੇ ਜਦੋਂ ਅਧਿਆਪਕ ਨੀਰਜ ਕੁਮਾਰ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹ ਇੱਕ ਪੁਲਿਸ ਅਧਿਕਾਰੀ ਨਾਲ ਗੱਲ ਕਰਨ ਦਾ ਕਹਿ ਕੇ ਟਾਲਾ ਵੱਟ ਗਿਆ। ਮਾਪਿਆਂ ਦਾ ਕਹਿਣਾ ਹੈ ਕਿ ਜੇਕਰ ਸਾਨੂੰ ਇਨਸਾਫ ਨਾ ਮਿਲਿਆ ਤਾਂ ਉਹ ਇਹ ਮਾਮਲਾ ਚੰਡੀਗੜ੍ਹ ਸਿੱਖਿਆ ਸਕੱਤਰ ਕੋਲ ਲੈ ਕੇ ਜਾਣਗੇ।