ਫਰੀਦਕੋਟ, 22 ਮਈ 2019 (ਪਰਵਿੰਦਰ ਸਿੰਘ ਕੰਧਾਰੀ) - ਪਿਛਲੇ ਦਿਨੀਂ ਫਰੀਦਕੋਟ ਸੀ ਆਈ ਸਟਾਫ ਵਲੋਂ ਹਿਰਾਸਤ ਵਿਚ ਲਏ ਗਏ 22 ਸਾਲਾਂ ਦੇ ਨੌਜਵਾਨ ਜਸਪਾਲ ਸਿੰਘ ਦੀ ਪੁਲਿਸ ਹਿਰਾਸਤ ਵਿੱਚ ਮੌਤ ਦੀ ਪੁਸ਼ਟੀ ਪੁਲਿਸ ਅਧਿਕਾਰੀਆਂ ਵੱਲੋਂ ਕਰਨ ਤੋਂ ਬਾਅਦ ਉਹਨਾਂ ਦੇ ਪਰਿਵਾਰ ਨੇ ਅਤੇ ਕਈ ਜਥੇਬੰਦੀਆਂ ਵਲੋਂ ਅੱਜ ਫਰੀਦਕੋਟ ਐੱਸ ਐੱਸ ਪੀ ਦੇ ਦਫਤਰ ਦੇ ਅੱਗੇ ਧਰਨਾ ਲਗਾ ਕੇ ਇਨਸਾਫ ਦੀ ਮੰਗ ਕੀਤੀ ਗਈ। ਜਥੇਬੰਦੀਆਂ ਵੱਲੋਂ ਮੁਲਜ਼ਮ ਪੁਲਿਸ ਮੁਲਾਜ਼ਮਾਂ ਦੇ ਖਿਲਾਫ ਵੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਜਿਕਰਯੋਗ ਹੈ ਕਿ ਹਾਲੇ ਤੱਕ ਵੀ ਜਸਪਾਲ ਸਿੰਘ ਦਾ ਮ੍ਰਿਤਕ ਸਰੀਰ ਪੁਲਿਸ ਨੂੰ ਨਹੀਂ ਮਿਲਿਆ। ਜਿਸ ਕਾਰਨ ਲੋਕਾਂ ਵਿਚ ਬੜਾ ਹੀ ਰੋਸ ਦੇਖਣ ਨੂੰ ਮਿਲ ਰਿਹਾ ਹੈ ਅਤੇ ਲੋਕਾਂ ਦਾ ਪੁਲਿਸ ਪ੍ਰਸ਼ਾਸਨ ਤੋਂ ਵਿਸ਼ਵਾਸ ਵੀ ਉੱਠ ਸਕਦਾ ਹੈ। ਕਿਉਂਕਿ ਇਸ ਮਾਮਲੇ ਵਿਚ ਇਕ ਪੁਲਿਸ ਅਧਿਕਾਰੀ ਨੇ ਵੀ ਆਪਣੇ ਆਪ ਨੂੰ ਗੋਲੀ ਮਾਰਕੇ ਖ਼ੁਦਕੁਸ਼ੀ ਕੀਤੀ ਹੈ। ਇਸ ਧਰਨੇ ਵਿਚ ਕੁਲਤਾਰ ਸਿੰਘ ਸੰਧਵਾ, ਬੀਬੀ ਪਰਮਜੀਤ ਕੌਰ ਖਾਲੜਾ, ਲੱਖਾ ਸਿਧਾਣਾ, ਗੁਰਪ੍ਰੀਤ ਸਿੰਘ ਇੰਟਰਨੈਸ਼ਨਲ ਹਿਊਮਨ ਰਾਈਟਸ,ਜਸਕਰਨ ਸਿੰਘ ਕਾਹਨ ਸਿੰਘ ਵਾਲਾ ਅਤੇ ਵੱਖੋ ਵੱਖਰੀਆਂ ਸਟੂਡੈਂਟਸ ਜਥੇਬੰਦੀਆਂ ਵੀ ਸ਼ਾਮਿਲ ਸਨ।
ਕੀ ਹੈ ਪੂਰਾ ਮਾਮਲਾ
18 ਮਈ ਨੂੰ ਸੀ ਆਈ ਸਟਾਫ ਦੇ ਇੰਚਾਰਜ ਇੰਸਪੈਕਟਰ ਨਰਿੰਦਰ ਸਿੰਘ ਵੱਲੋਂ ਕੀਤੀ ਗਈ ਆਤਮ ਹੱਤਿਆ ਤੋ ਬਾਅਦ ਇਹ ਸਾਰਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਮੁਤਾਬਿਕ ਨੌਜਵਾਨ ਨੇ ਹਿਰਾਸਤ ਦੌਰਾਨ ਖ਼ੁਦਕੁਸ਼ੀ ਕਰ ਲਈ ਅਤੇ ਪੁਲਿਸ ਨੇ ਉਸ ਨੌਜਵਾਨ ਦੀ ਲਾਸ਼ ਨੂੰ ਖੁਰਦ ਬੁਰਦ ਕਰ ਦਿੱਤਾ। ਹੁਣ ਪੀੜਤ ਪਰਿਵਾਰ ਇਨਸਾਫ਼ ਅਤੇ ਆਪਣੇ ਪੁੱਤਰ ਦੀ ਲਾਸ਼ ਦੇਖਣ ਦੀ ਗੁਹਾਰ ਲਗਾ ਰਿਹਾ ਹੈ। 18 ਮਈ ਨੂੰ 9-30 ਵਜੇ ਰਾਤ ਪੁਲਿਸ ਕੰਟਰੋਲ ਰੂਮ ਫਰੀਦਕੋਟ ਵਿਖੇ ਪਰਮਜੀਤ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਰੱਤੀਰੋੜੀ ਨਾਮ ਦੇ ਵਿਅਕਤੀ ਵੱਲੋਂ ਫੋਨ ਆਇਆ ਗੁਰਦੁਆਰਾ ਸਾਹਿਬ ਵਿਖੇ ਤਿੰਨ ਵਿਅਕਤੀ ਅਸਲੇ ਅਤੇ ਚੋਰੀ ਦੇ ਸਕੂਟਰ ਸਮੇਤ ਬੈਠੇ ਹਨ, ਜਿਸ ਤੇ ਕਾਰਵਾਈ ਕਰਦਿਆਂ ਕੰਟਰੋਲ ਰੂਮ ਤੇ ਤਾਇਨਾਤ ਡਿਊਟੀ ਅਫਸਰ ਅੰਗਰੇਜ਼ ਸਿੰਘ ਨੇ ਇਹ ਸੂਚਨਾ ਇੰਸਪੈਕਟਰ ਨਰਿੰਦਰ ਸਿੰਘ ਇੰਚਾਰਜ .ਸੀ.ਆਈ.ਸਟਾਫ ਫਰੀਦਕੋਟ ਨੂੰ ਦਿੱਤੀ ਗਈ। ਜਿਸ ਤੇ ਕਾਰਵਾਈ ਕਰਦਿਆਂ ਇੰਸਪੈਕਟਰ ਨਰਿੰਦਰ ਸਿੰਘ ਵੱਲੋਂ ਮੌਕੇ ਤੇ ਰੇਡ ਕੀਤੀ ਗਈ ਜੋ ਮੌਕੇ ਤੇ ਜਸਪਾਲ ਸਿੰਘ ਉਰਫ ਜਸ ਹਾਜਰ ਮਿਲਿਆ, ਜਿਸ ਨੂੰ ਇੰਸਪੈਕਟਰ ਨਰਿੰਦਰ ਸਿੰਘ ਵੱਲੋਂ ਤਸਦੀਕ ਲਈ ਸੀ.ਆਈ.ਸਟਾਫ਼ ਫਰੀਦਕੋਟ ਵਿਖੇ ਲਿਆਂਦਾ ਗਿਆ ਅਤੇ ਰਾਤ ਸਮੇ ਜਸਪਾਲ ਸਿੰਘ ਵੱਲੋਂ ਹਵਾਲਾਤ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਗਈ। ਜੋ ਇੰਸਪੈਕਟਰ ਨਰਿੰਦਰ ਸਿੰਘ ਵੱਲੋਂ ਇਸ ਦੀ ਲਾਸ਼ ਨੂੰ ਗੱਡੀ ਵਿਚ ਪਾ ਕੇ ਆਪਣੇ ਨਾਲ ਕੀਤੇ ਬਾਹਰ ਲਿਜਾਣ ਬਾਰੇ ਤਸਦੀਕ ਹੋਇਆ ਹੈ। ਉਨ੍ਹਾਂ ਵੱਲੋਂ ਇਸ ਦੀ ਲਾਸ਼ ਨੂੰ ਕਿਵੇਂ ਅਤੇ ਕਿੱਥੇ ਡਿਸਪੇਜ਼ ਕੀਤੀ ਗਈ ਹੈ, ਤਫਤੀਸ਼ ਦੌਰਾਨ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਦਾ ਕੀ ਕਹਿਣਾ ਹੈ।
ਇਸ ਮੌਕੇ ਤੇ ਪੁਹੰਚੇ ਐਸ ਪੀ ਭੁਪਿੰਦਰ ਸਿੰਘ ਅਤੇ ਡੀ ਐਸ ਪੀ ਜਸਤਿੰਦਰ ਸਿੰਘ ਨੇ ਦੱਸਿਆ ਕਿ ਦੋ ਪੁਲਿਸ ਮੁਲਾਜ਼ਮਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਜਿਨ੍ਹਾਂ ਦੇ ਦੱਸਣ ਤੇ ਨਹਿਰ ਵਿੱਚ ਲਾਸ਼ ਦੀ ਤਲਾਸ਼ ਲਈ ਚਾਰ ਟੀਮਾਂ ਭੇਜੀਆ ਗਈਆ ਨੇ ਜੋ ਤਲਾਸ਼ ਕਰ ਰਹੀਆ ਹਨ। ਜੇਕਰ ਇਸ ਮਾਮਲੇ ਵਿੱਚ ਕੋਈ ਹੋਰ ਪਹਲੂ ਸਾਹਮਣੇ ਆਏ ਤਾਂ ਉਸ ਮੁਤਾਬਿਕ ਅਗਲੀ ਕਾਰਵਾਈ ਕੀਤੀ ਜਾਵੇਗੀ।