ਗੁਰਦਾਸਪੁਰ, 24 ਮਈ 2019 (ਲੋਕੇਸ਼ ਰਿਸ਼ੀ) - ਬੀਤੇ 72 ਵਰ੍ਹਿਆਂ ਦੌਰਾਨ ਭਾਰਤੀ ਵੋਟਰਾਂ ਤੇ ਪੈਸੇ, ਸ਼ਰਾਬ, ਭੈ ਜਾਂ ਕਿਸੇ ਹੋਰ ਲਾਲਚ ਵੱਸ ਹੋ ਕੇ ਆਪਣੀਆਂ ਵੋਟਾਂ ਗ਼ਲਤ ਉਮੀਦਵਾਰਾਂ ਨੂੰ ਦੇਣ ਦੇ ਇਲਜ਼ਾਮ ਲੱਗਦੇ ਰਹੇ ਹਨ ਅਤੇ ਸਮੇਂ - ਸਮੇਂ ਤੇ ਇਸ ਦੀਆਂ ਉਧਾਰਨਾ ਵੀ ਜੱਗ ਜ਼ਾਹਿਰ ਹੁੰਦੀਆਂ ਰਹੀਆਂ ਹਨ। ਪਰ ਹੌਲੀ ਹੌਲੀ ਦੇਸ਼ ਦਾ ਆਮ ਵੋਟਰ ਆਪਣੀ ਵੋਟ ਦੇ ਅਧਿਕਾਰ ਦੀ ਮਹੱਤਤਾ ਨੂੰ ਸਮਝਣਾ ਸ਼ੁਰੂ ਹੋ ਚੁੱਕਾ ਹੈ। ਇਸ ਦੇ ਨਾਲ ਹੀ ਦੇਸ਼ ਦਾ ਆਮ ਆਦਮੀ ਹੁਣ ਪੈਸੇ ਜਾਂ ਲਾਲਚ ਪਿੱਛੇ ਕਿਸੇ ਵੀ ਉਮੀਦਵਾਰ ਨੂੰ ਵੋਟ ਦੇਣ ਨੂੰ ਬੁਰਾ ਮੰਨਣ ਲੱਗ ਪਿਆ ਹੈ। ਇਸ ਦੀ ਤਾਜ਼ਾ ਉਦਾਹਰਨ 23 ਤਰੀਕ ਨੂੰ ਆਏ ਲੋਕ-ਸਭਾ ਚੋਣ ਦੇ ਨਤੀਜਿਆਂ ਤੋਂ ਬਾਦ ਸਾਹਮਣੇ ਆਈ ਹੈ। ਜਿੱਥੇ ਡੇਢ ਲੱਖ ਦੇ ਕਰੀਬ ਪੰਜਾਬੀਆਂ ਨੇ ਇਮਾਨਦਾਰੀ ਅਤੇ ਸਮਝਦਾਰੀ ਨਾਲ ਆਪਣੇ ਵੋਟ ਦਾ ਅਧਿਕਾਰ ਵਰਤਦਿਆਂ ਨੋਟਾ ਦਾ ਬਟਨ ਦਬਾਇਆ। ਇਸ ਗੱਲ ਦੀ ਤਸਦੀਕ ਭਾਰਤੀ ਚੋਣ ਕਮਿਸ਼ਨ ਕਰਦਾ ਹੈ। ਜਿਸ ਦੀ ਵੈੱਬਸਾਈਟ ਮੁਤਾਬਿਕ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਦੌਰਾਨ ਕੁੱਲ 1 ਲੱਖ 54 ਹਜ਼ਾਰ 423 ਪੰਜਾਬੀਆਂ ਨੇ ਨੋਟਾ ਦਾ ਹੱਕ ਵਰਤਿਆ ਹੈ।
ਇਸ ਵਾਰ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਦੇ ਕੁੱਲ 2 ਕਰੋੜ 7 ਲੱਖ 81 ਹਜ਼ਾਰ 211 ਵੋਟਰਾਂ ਵਿੱਚੋਂ 1 ਕਰੋੜ 37 ਲੱਖ 7 ਹਜ਼ਾਰ 312 (ਕਰੀਬ-65.96%) ਵੋਟਰਾਂ ਨੇ ਹੀ ਆਪਣੇ ਹੱਕ ਦਾ ਇਸਤੇਮਾਲ ਕੀਤਾ ਅਤੇ ਇਸ ਵਿੱਚੋਂ 1 ਲੱਖ 54 ਹਜ਼ਾਰ 423 (ਕਰੀਬ 4.1 %) ਵੋਟਰਾਂ ਨੇ ਨੋਟਾ ਦਾ ਹੱਕ ਵਰਤਿਆ। ਜਦ ਕੀ ਬਾਕੀ 70 ਲੱਖ 73 ਹਜ਼ਾਰ 899 ਵੋਟਰਾਂ (ਕਰੀਬ-34.01 %) ਨੇ ਕਿਸੇ ਨਾ ਕਿਸੇ ਕਾਰਨ ਵੋਟ ਪਾਉਣਾ ਬਿਹਤਰ ਨਹੀਂ ਸਮਝਿਆ।
ਇੱਥੇ ਵੇਖਣ ਵਾਲੀ ਗੱਲ ਇਹ ਹੈ ਕਿ ਭਾਵੇਂ ਸੂਬੇ ਅੰਦਰ ਪੋਲ ਹੋਈਆਂ ਕੁੱਲ ਵੋਟਾਂ ਦੇ ਹਿਸਾਬ ਨਾਲ ਨੋਟਾ ਦੱਬਣ ਵਾਲੇ ਇਹਨਾਂ 4 ਫ਼ੀਸਦੀ ਵੋਟਰਾਂ ਦੀ ਸੰਖਿਆ ਕਾਫ਼ੀ ਘੱਟ ਹੈ। ਪਰ ਸਕਾਰਾਤਮਿਕ ਗੱਲ ਇਹ ਹੈ ਕਿ ਥੋੜ੍ਹੇ ਹੀ ਸਹੀ ਪਰ ਇਹ 4 ਫ਼ੀਸਦੀ ਦਾ ਅੰਕੜਾ ਸਾਬਿਤ ਕਰਦਾ ਹੈ ਕਿ ਪੰਜਾਬ ਦਾ ਵੋਟਰ ਹੁਣ ਸਾਫ਼ ਸੁਥਰੀ ਸਰਕਾਰ ਚਾਹੁੰਦਾ ਹੈ ਅਤੇ ਇਸੇ ਲਈ ਇਮਾਨਦਾਰੀ ਨਾਲ ਵੋਟ ਦਾ ਹੱਕ ਵਰਤਣ ਵੱਲ ਵਧਣਾ ਸ਼ੁਰੂ ਹੋ ਚੁੱਕਾ ਹੈ।
ਇੱਥੇ ਦੱਸਣ ਯੋਗ ਹੈ ਕਿ ਨੋਟਾ (ਨੱਨ ਆਫ਼ ਦਾ ਅਬਵ) ਦੱਬਣ ਵਾਲੇ ਇਹ ਉਹ ਸਾਰੇ ਵੋਟਰ ਹਨ ਜਿਨ੍ਹਾਂ ਦੀਆਂ ਉਮੀਦਾਂ 'ਤੇ ਕੋਈ ਵੀ ਉਮੀਦਵਾਰ ਖਰਾ ਨਹੀਂ ਉੱਤਰ ਸਕਿਆ ਅਤੇ ਜਾਂ ਫਿਰ ਵੋਟਰਾਂ ਨੂੰ ਇਹ ਮਹਿਸੂਸ ਹੋਇਆ ਕਿ ਉਨ੍ਹਾਂ ਦੇ ਹਲਕੇ ਵਿੱਚੋਂ ਕੋਈ ਵੀ ਉਮੀਦਵਾਰ ਅਜਿਹਾ ਨਹੀਂ ਜਿਸ ਨੂੰ ਜਿਤਾ ਕੇ ਪਾਰਲੀਮੈਂਟ ਵਿਖੇ ਭੇਜਿਆ ਜਾ ਸਕੇ। ਕੁਝ ਵੀ ਹੋਵੇ ਪਰ ਇਹਨਾਂ 4 ਫ਼ੀਸਦੀ ਵੋਟਰਾਂ ਨੇ ਵੋਟ ਨਾ ਪਾਉਣ ਜਾਂ ਬਿਨਾ ਸੰਤੁਸ਼ਟੀ ਦੇ ਕਿਸੇ ਵੀ ਉਮੀਦਵਾਰ ਨੂੰ ਵੋਟ ਪਾਉਣ ਨਾਲੋਂ ਆਪਣੀ ਅਸਹਿਮਤੀ ਦਰਜ ਕਰਵਾਉਣ ਦੇ ਮਕਸਦ ਨਾਲ ਨੋਟਾ ਦਬਾ ਕੇ ਆਪਣਾ ਬਣਦਾ ਫਰਜ ਅਦਾ ਕੀਤਾ ਹੈ। ਇੱਥੇ ਇਹ ਵੀ ਜ਼ਿਕਰ-ਏ ਖ਼ਾਸ ਹੈ ਕਿ ਜੇਕਰ ਸੂਬੇ ਦਾ ਵੋਟਰ ਅਸਲੀਅਤ ਵਿੱਚ ਜਾਗਰੂਕ ਹੋਣ ਲੱਗਾ ਹੈ ਤਾਂ ਆਉਂਦੇ ਸਮੇਂ ਦੌਰਾਨ ਚੋਣਾਂ ਅਤੇ ਸਰਕਾਰਾਂ ਦੇ ਸਮੀਕਰਨਾਂ ਦਾ ਬਦਲਣਾ ਨਿਸ਼ਚਿਤ ਹੈ।