ਮਾਨਸਾ 25 ਮਈ 2019 (ਮਿੱਤਰ ਸੈਨ ਸ਼ਰਮਾ) : ਜ਼ਿਲ੍ਹਾ ਮਾਨਸਾ ਦੇ ਥਾਣਾ ਸਿਟੀ ਬੁਢਲਾਡਾ ਦੀ ਪੁਲਿਸ ਨੇ ਭੋਲੇ–ਭਾਲੇ ਲੋਕਾਂ ਨੂੰ ਆਪਣੇ ਝਾਂਸੇ 'ਚ ਫਸਾ ਕੇ ਉਨ੍ਹਾਂ ਕੋਲੋਂ ਨਗਦੀ ਵਸੂਲਣ ਦੇ ਗਿਰੋਹ ਦਾ ਪਰਦਾਫਾਸ਼ ਕਰਦਿਆਂ ਦੋ ਔਰਤਾਂ ਸਮੇਤ 7 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਤਲਾਸ਼ ਜਾਰੀ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਲੱਖਾ ਸਿੰਘ ਵਾਸੀ ਬੁਢਲਾਡਾ, ਜਗਸੀਰ ਸਿੰਘ ਵਾਸੀ ਪਿੰਡ ਬੱਛੋਆਣਾ, ਜੋ ਕਿ ਟੈਕਸੀ ਚਲਾ ਕੇ ਆਪਣਾ ਗੁਜ਼ਾਰਾ ਕਰਦਾ ਹੈ, ਕੋਲ ਆਇਆ ਅਤੇ ਉਸ ਨੇ ਜਗਸੀਰ ਸਿੰਘ ਨੂੰ ਕਿਸੇ ਕਾਰਜ ਗੱਡੀ ਲੈ ਕੇ ਚੱਲਣ ਲਈ ਕਿਹਾ ਅਤੇ ਰਸਤੇ 'ਚ ਉਸ ਨੇ ਗੱਡੀ ਰੁਕਵਾਈ, ਇਸ ਦੌਰਾਨ ਜਸਪਾਲ ਕੌਰ ਨਾਂ ਦੀ ਔਰਤ ਨੇ ਜਗਸੀਰ ਸਿੰਘ ਨੂੰ ਝਾਂਸੇ 'ਚ ਲੈ ਕੇ ਉਸ ਦੀ ਮੁਲਾਕਾਤ ਪਰਮਜੀਤ ਕੌਰ ਉਰਫ਼ ਬੱਬੂ ਨਾਲ ਕਰਵਾਈ, ਜਿਸ ਨੇ ਉਸ ਨੂੰ ਕੋਲਡ ਡ੍ਰਿੰਕ ਪਿਲਾ ਕੇ ਉਸ ਦੇ ਕੱਪੜੇ ਉਤਾਰ ਕੇ ਆਪਣੇ ਸਹਿਯੋਗੀਆਂ ਦੀ ਮੱਦਦ ਨਾਲ ਜਗਸੀਰ ਸਿੰਘ ਦੀਆਂ ਅਰਧ ਨਗਨ ਹਾਲਤ 'ਚ ਫੋਟੋਆਂ ਖਿੱਚੀਆਂ ਅਤੇ ਉਸ ਦੇ ਸਾਥੀਆਂ ਨੇ ਉਸ ਦੀਆਂ ਇਹ ਫੋਟੋਆਂ ਵਾਇਰਲ ਕਰਨ ਦੀ ਧਮਕੀ ਦਿੱਤੀ ਅਤੇ ਫਿਰ ਸ਼ੁਰੂਆਤੀ ਦੌਰ 'ਚ ਮਿਲੀ ਔਰਤ ਜਸਪਾਲ ਕੌਰ ਨੇ ਵਿੱਚ ਪੈ ਕੇ 1 ਲੱਖ 30 ਹਜ਼ਾਰ ਰੁਪਏ 'ਚ ਉਨ੍ਹਾਂ ਦਾ ਨਿਬੇੜਾ ਕਰਵਾ ਦਿੱਤਾ, ਜਿਸ 'ਤੇ ਜਗਸੀਰ ਸਿੰਘ ਨੇ 10 ਹਜ਼ਾਰ ਰੁਪਏ ਮੌਕੇ 'ਤੇ ਅਤੇ ਬਾਕੀ ਰਕਮ ਦੋ ਦਿਨ ਬਾਅਦ ਉਨ੍ਹਾਂ ਨੂੰ ਦੇ ਦਿੱਤੀ ਪਰ ਕੁੱਝ ਦਿਨਾਂ ਬਾਅਦ ਫਿਰ ਉਹੀ ਧਮਕੀ ਦੇ ਕੇ ਉਸ ਕੋਲੋਂ 20 ਹਜ਼ਾਰ ਰੁਪਏ ਦੀ ਹੋਰ ਮੰਗ ਕਰਨ ਲੱਗੇ, ਜਿਸ 'ਤੇ ਪੀੜ੍ਹਤ ਜਗਸੀਰ ਸਿੰਘ ਨੇ ਪੁਲਿਸ ਕੋਲ ਸ਼ਿਕਾਇਤ ਕੀਤੀ, ਜਿਸ ਦੇ ਆਧਾਰ 'ਤੇ ਸਹਾਇਕ ਥਾਣੇਦਾਰ ਗੁਰਦੇਵ ਸਿੰਘ ਨੇ ਜਸਪਾਲ ਕੌਰ, ਅਭਿਸ਼ੇਕ, ਗੋਰੀ ਸਿੰਘ, ਲੱਖਾ ਸਿੰਘ, ਭੌਰਾ ਸਿੰਘ ਵਾਸੀਆਨ ਬੁਢਲਾਡਾ, ਪਰਮਜੀਤ ਕੌਰ ਵਾਸੀ ਗੁਰਨੇ ਕਲਾਂ ਅਤੇ ਕਾਲਾ ਸਿੰਘ ਵਾਸੀ ਲਹਿਰਾ, ਜ਼ਿਲ੍ਹਾ ਸੰਗਰੂਰ ਦੇ ਖਿਲਾਫ਼ ਧਾਰਾ 384,420,120ਬੀ ਦੇ ਅਧੀਨ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।