ਨਵੀਂ ਦਿੱਲੀ, 26 ਮਈ 2019 - ਭਾਜਪਾ ਨੇਤਾ ਸਮ੍ਰਿਤੀ ਇਰਾਨੀ ਦੇ ਇਕ ਨਜ਼ਦੀਕੀ ਦੀ ਸ਼ਨੀਵਾਰ ਦੇਰ ਸ਼ਾਮ ਅਮੇਠੀ ਦੇ ਬਾਰੂਲੀਆ ਪਿੰਡ 'ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਹ ਘਟਨਾ ਸਮ੍ਰਿਤੀ ਇਰਾਨੀ ਦੇ ਅਮੇਠੀ ਲੋਕ ਸਭਾ ਹਲਕੇ ਤੋਂ ਚੋਣ ਜਿੱਤਣ ਦੇ ਕੁਝ ਦਿਨ ਬਾਅਦ ਵਾਪਰੀ।
ਮੀਡੀਆ ਰਿਪੋਰਟਾਂ ਮੁਤਾਬਕ ਜਮੋ ਥਾਣੇ ਅਧੀਨ ਪੈਂਦੇ ਪਿੰਡ ਬਾਰੂਲੀਆ ਦੇ ਸਾਬਕਾ ਸਰਪੰਚ ਸੁਰੇਂਦਰ ਸਿੰਘ ਨੂੰ ਉਸਦੇ ਨਿਵਾਸ 'ਤੇ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਦਿੱਤੀ ਸੀ।
ਪੁਲਿਸ ਅਧਿਕਾਰੀ ਅਨੁਸਾਰ ਸੁਰੇਂਦਰ ਸਿੰਘ ਨੂੰ ਗੰਭੀਰ ਹਾਲਤ ਵਿਚ ਲਖਨਊ ਭੇਜਿਆ ਗਿਆ ਸੀ ਅਤੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। ਇਸ ਘਟਨਾ ਦੇ ਸਬੰਧ ਵਿਚ ਦੋ ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ ਅਤੇ ਹੋਰ ਜਾਂਚ ਚੱਲ ਰਹੀ ਹੈ।