ਪਟਿਆਲਾ, 06 ਜੂਨ 2019 (ਜੀ ਐੱਸ ਪੰਨੂ) - ਦੁਨੀਆਂ ਦੇ ਸਭ ਤੋਂ ਵੱਡੇ ਓਲੰਪੀਆਡ, ਸਾਇੰਸ ਓਲੰਪੀਆਡ ਫ਼ਾਊਂਡੇਸ਼ਨ ਦੁਆਰਾ ਕਰਵਾਏ ਇੰਟਰਨੈਸ਼ਨਲ ਓਲੰਪੀਆਡ 2018/19 ਵਿਚ ਪਟਿਆਲਾ ਦੇ ਵਿਦਿਆਰਥੀ ਨੇ ਇੰਟਰਨੈਸ਼ਨਲ ਰੈਂਕ ਹਾਸਲ ਕਰਕੇ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਹੈ। ਓਲੰਪੀਆਡ ਪ੍ਰੀਖਿਆ 2018/19 ਵਿਚ 30 ਮੁਲਕਾਂ ਦੇ 1400 ਸ਼ਹਿਰਾਂ ਤੋਂ 50,000 ਸਕੂਲਾਂ ਦੇ ਲੱਖਾਂ ਵਿਦਿਆਰਥੀ ਸ਼ਾਮਲ ਹੋਏ। ਪਟਿਆਲਾ ਤੋਂ 34 ਹਜ਼ਾਰਵਿਦਿਆਰਥੀਆਂ ਨੇ ਇਸ ਓਲੰਪੀਆਡ ਪ੍ਰੀਖਿਆ ਵਿਚ ਹਿੱਸਾ ਲਿਆ, ਸ਼ਹਿਰ ਦੇ ਇੰਟਰਨੈਸ਼ਨਲ ਮੈਥੇਮੈਟਿਕਸ ਓਲੰਪੀਆਡ ਵਿਚ ਬ੍ਰਿਟਿਸ਼ਕੋਐਡ ਸਕੂਲ ਦੇ ਪਹਿਲੀ ਜਮਾਤ ਦੇ ਵਿਦਿਆਰਥੀ ਦਿਵਯਾਨਸ਼ ਮਿੱਤਲ ਨੂੰ ਇੰਟਰਨੈਸ਼ਨਲ ਰੈਂਕ 2 ਹਾਸਲ ਕਰਨ 'ਤੇ ਸਰਟੀਫ਼ੀਕੇਟ ਅਤੇ ਸਿਲਵਰ ਮੈਡਲ ਨਾਲ ਸਨਮਾਨਤ ਕੀਤਾ ਗਿਆ ਹੈ।
ਸਾਇੰਡਸ ਓਲੰਪੀਆਡ ਫ਼ਾਊਂਡੇਸ਼ਨ, ਐਸਓਐਫ਼, ਨੇ ਰਾਜਧਾਨੀ ਦਿੱਲੀ ਵਿਚ 2018/19 ਵਿਚ ਬੇਹਤਰੀਨ ਪ੍ਰਦਰਸ਼ਨ ਕਰਨ ਵਾਲੇ ਇੰਟਰਨੈਸ਼ਨਲ ਓਲੰਪੀਆਡ ਦੇ ਜੇਤੂ ਵਿਦਿਆਰਥੀਆਂ ਤੇ ਵਿਦਿਆਰਥਣਾਂ ਨੂੰ ਸਨਮਾਨਤ ਕੀਤਾ। ਪ੍ਰੋਗਰਾਮ ਅੰਬੇਦਕਰ ਇੰਟਰਨੈਸ਼ਨਲ ਸੈਂਟਰ, ਆਡੀਟੋਰੀਅਮ, ਵਿਚ ਹੋਇਆ, ਇਸ ਮੌਕੇ ਸਾਬਕਾ ਮੁੱਖ ਜੱਜ ਸੁਪਰੀਮ ਕੋਰਟ ਆਫ਼ ਇੰਡੀਆ ਜਸਟਿਸ ਦੀਪਕ ਮਿਸ਼ਰਾ ਮੌਜੂਦ ਸਨ। ਇਸ ਐਵਾਰਡ ਪ੍ਰੋਗਰਾਮ ਵਿਚ 180 ਇੰਟਰਨੈਸ਼ਨਲ ਰੈਂਕ ਹੋਲਡਰ ਵਿਦਿਆਰਥੀਆਂ ਨੂੰ ਪੁਰਸਕਾਰਾਂ ਨਾਲ ਨਵਾਜਿਆ ਗਿਆ। ਪ੍ਰੋਗਰਾਮ ਵਿਚ ਅੰਤਰਰਾਸ਼ਟਰੀ ਪੱਧਰ 'ਤੇ ਇੰਟਰਨੈਸ਼ਨਲ ਰੈਂਕ ਇਕ ਹਾਸਲ ਕਰਨ ਵਾਲੇ 60 ਵਿਦਿਆਰਥੀਆਂ ਨੂੰ 50/50 ਹਜ਼ਾਰ ਰੁਪਏ ਦੀ ਰਾਸ਼ੀ, ਗੋਲਡ ਮੈਡਲ, ਦੂਜਾ ਸਥਾਨ ਹਾਸਲ ਕਰਨ ਵਾਲੇ 60 ਵਿਦਿਆਰਥੀਆਂ ਨੂੰ ਸਿਲਵਰ ਮੈਡਲ ਅਤੇ 25/25 ਹਜ਼ਾਰ ਰੁਪਏ ਦੀ ਰਾਸ਼ੀ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੇ 60 ਵਿਦਿਆਰਥੀਆਂ ਨੂੰ ਬ੍ਰੌਂਜ ਮੈਡਲ ਅਤੇ10/10 ਹਜ਼ਾਰ ਰੁਪਏ ਦੀ ਰਾਸ਼ੀ ਨਾਲ ਸਨਮਾਨਤ ਕੀਤਾ ਗਿਆ।
ਜਸਟਿਸ ਦੀਪਕ ਮਿਸ਼ਰਾ ਨੇ ਵਿਦਿਆਰਥੀਆਂ ਨੂੰ ਸੰਬੋਧਤ ਕਰਦਿਆਂ ਕਿਹਾ ਕਿ ਜੀਵਨ ਵਿਚ ਸਭ ਤੋਂ ਜ਼ਰੂਰੀ ਹੈ ਸਾਹਸ, ਕਿੰਨੀਆਂ ਵੀ ਮੁਸੀਬਤਾਂ ਆਉਣ, ਹਾਲਾਤ ਕਿਹੋ ਜਿਹੇ ਵੀ ਹੋਣ ਪਰ ਹਿੰਮਤ ਅਤੇ ਸਾਹਸ ਰਹੇਗਾ ਤਾਂ ਦਿਮਾਗ਼ ਕੰਮ ਕਰੇਗਾ। ਅਸਲੀਅਤ ਵਿਚ ਡਰ ਹੁੰਦਾ ਹੀ ਨਹੀਂ। ਨਾਂਹ ਪੱਖੀ ਸੋਚ ਵਿਕਾਸ ਵਿਚ ਅੜਿੱਕਾ ਹੁੰਦੀ ਹੈ, ਚੰਗੇ ਲੀਡਰ ਦੀ ਪਛਾਣ ਲੋਕ ਖ਼ੁਦ ਕਰਕੇ ਉਸ ਨਾਲ ਚਲਦੇ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥੀ ਸੁਣਨ ਦੀ ਆਦਤ ਪੈਦਾ ਕਰਨ, ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਹਰ ਭਾਰਤੀ ਨਾਗਰਿਕ ਦਾ ਫ਼ਰਜ਼ ਬਣਦਾ ਹੈ ਕਿ ਭਾਰਤ ਦੇ ਕਾਨੂੰਨ ਦਾ ਸਨਮਾਨ ਕਰੇ। ਜਸਟਿਸ ਦੀਪਕ ਮਿਸ਼ਰਾ ਨੇ ਓਲੰਪੀਆਡ ਪ੍ਰੀਖਿਆਵਾਂ ਬਾਰੇ ਕਿਹਾ ਕਿ ਇਸ ਤਰ੍ਹਾਂ ਦੀਆਂ ਪ੍ਰੀਖਿਆਵਾਂ ਵਿਦਿਆਰਥੀਆਂ ਅੰਦਰ ਡਰ ਨੂੰ ਖ਼ਤਮ ਕਰਦੀਆਂ ਹਨ ਅਤੇ ਅਸਫ਼ਲਤਾ ਇਕ ਚੁਨੌਤੀ ਹੈ।