ਮਿੱਤਰ ਸੈਨ ਸ਼ਰਮਾ
ਮਾਨਸਾ 11 ਜੂਨ 2019: ਜ਼ਿਲ੍ਹਾ ਮਾਨਸਾ ਦੇ ਪਿੰਡ ਖਿਆਲੀ ਚਹਿਲਾਂ ਵਾਲੀ ਵਿਖੇ ਹੋਈ ਇੱਕ ਵਿਆਹੁਤਾ ਦੀ ਮੌਤ ਸਬੰਧੀ ਥਾਣਾ ਝੁਨੀਰ ਦੀ ਪੁਲਿਸ ਨੇ ਮ੍ਰਿਤਕਾ ਦੇ ਪਿਤਾ ਦੀ ਸ਼ਿਕਾਇਤ 'ਤੇ ਉਸ ਦੇ ਪਤੀ ਸਮੇਤ 5 ਵਿਅਕਤੀਆਂ 'ਤੇ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਅਜੈਬ ਸਿੰਘ ਵਾਸੀ ਪਿੰਡ ਰੰਘੜਿਆਲ ਨੇ ਆਪਣੀ ਲੜਕੀ ਵੀਰਪਾਲ ਕੌਰ ਦਾ ਵਿਆਹ 18 ਜਨਵਰੀ 2018 ਨੂੰ ਬਲਜਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਖਿਆਲੀ ਚਹਿਲਾਂ ਵਾਲੀ ਨਾਲ ਆਪਣੀ ਹੈਸੀਅਤ ਅਨੁਸਾਰ ਖ਼ਰਚ ਕਰਕੇ ਕੀਤਾ ਸੀ ਪਰ ਵਿਆਹ ਉਪਰੰਤ ਉਸ ਦਾ ਸਹੁਰਾ ਪਰਿਵਾਰ ਉਸ ਨੂੰ ਹੋਰ ਦਾਜ– ਦਹੇਜ ਲਿਆਉਣ ਲਈ ਤੰਗ–ਪ੍ਰੇਸ਼ਾਨ ਕਰਨ ਲੱਗਿਆ। ਜਿਸ ਦੇ ਚੱਲਦਿਆਂ ਵੀਰਪਾਲ ਕੌਰ ਨੂੰ ਉਸ ਦੇ ਪੇਕੇ ਘਰ ਛੱਡ ਦਿੱਤਾ ਗਿਆ ਪਰ 1 ਜੂਨ 2019 ਨੂੰ ਉਸ ਦਾ ਪਤੀ, ਨਣਦ ਅਤੇ ਨਣਦੋਈਆ ਆਏ ਅਤੇ ਆਪਣੀ ਜਿੰਮੇਵਾਰੀ 'ਤੇ ਵੀਰਪਾਲ ਕੌਰ ਨੂੰ ਆਪਣੇ ਨਾਲ ਲੈ ਗਏ ਪਰ ਕੁੱਝ ਦਿਨਾਂ ਬਾਅਦ ਹੀ ਪਤਾ ਚੱਲਿਆ ਕਿ ਲੜਕੀ ਦੀ ਮੌਤ ਹੋ ਗਈ।
ਲੜਕੀ ਦਾ ਪਿਤਾ ਅਜੈਬ ਸਿੰਘ ਕੁੱਝ ਹੋਰ ਵਿਅਕਤੀਆਂ ਨੂੰ ਨਾਲ ਲੈ ਕੇ ਜਦ ਪਿੰਡ ਖਿਆਲੀ ਚਹਿਲਾਂ ਵਾਲੀ ਵਿਖੇ ਗਿਆ ਤਾਂ ਘਰ ਜਾ ਕੇ ਵੇਖਿਆ ਕਿ ਲੜਕੀ ਬੈੱਡ 'ਤੇ ਮਰੀ ਪਈ ਹੈ। ਇਸ ਸਬੰਧੀ ਸਬ ਇੰਸਪੈਕਟਰ ਯਾਦਵਿੰਦਰ ਸਿੰਘ ਨੇ ਮ੍ਰਿਤਕਾ ਦੇ ਪਿਤਾ ਦੀ ਸ਼ਿਕਾਇਤ 'ਤੇ ਪਤੀ ਬਲਜਿੰਦਰ ਸਿੰਘ, ਸਹੁਰਾ ਸੁਖਦੇਵ ਸਿੰਘ, ਸੱਸ ਸੁਖਵਿੰਦਰ ਕੌਰ ਵਾਸੀਆਨ ਪਿੰਡ ਖਿਆਲੀ ਚਹਿਲਾਂ ਵਾਲੀ ਤੋਂ ਇਲਾਵਾ ਨਣਦ ਅਮਨੀ ਕੌਰ ਅਤੇ ਨਣਦੋਈਆ ਰਮਨਾ ਸਿੰਘ ਵਾਸੀ ਯੋਧਪੁਰ ਚੀਮਾ, ਜ਼ਿਲ੍ਹਾ ਬਰਨਾਲਾ ਦੇ ਖਿਲਾਫ਼ ਧਾਰਾ 304ਬੀ ਦੇ ਅਧੀਨ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਗ੍ਰਿਫ਼ਤਾਰ ਲਈ ਯਤਨ ਆਰੰਭ ਦਿੱਤੇ ਹਨ।