ਨਿਊਯਾਰਕ, 11 ਜੂਨ 2019 - ਅਮਰੀਕਾ ਦੇ ਸ਼ਹਿਰ ਮਾਨਹਾਟਨ ਵਿਖੇ ਅਸਮਾਨ ਨੂੰ ਛੂੰਹਦੀ ਬਿਲਡਿੰਗ ਨਾਲ ਇੱਕ ਹੈਲੀਕਾਪਟਰ ਟਕਰਾ ਗਿਆ ਜਿਸ ਨਾਲ ਉਸ ਦੇ ਪਾਈਲਟ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਬਿਲਡਿੰਗ ਦੇ ਲੋਕਾਂ ਨੂੰ ਤੁਰੰਤ ਬਿਲਡਿੰਗ ਖਾਲੀ ਕਰਨ ਲਈ ਕਿਹਾ ਗਿਆ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਸ ਘਟਨਾ ਨੇ ਉਨ੍ਹਾਂ ਨੂੰ ਅਮਰੀਕਾ ਦੇ ਵਰਡ ਟਰੇਡ ਸੈਂਟਰ 'ਤੇ ਹੋਏ ਹਮਲੇ ਦੀ ਘਟਨਾ ਦੁਬਾਰਾ ਚੇਤੇ ਕਰਾ ਦਿੱਤੀ।
ਜਾਣਕਾਰੀ ਮੁਤਾਬਕ ਨਿਊਯਾਰਕ ਦੇ ਮਾਨਹਾਟਨ 'ਚ ਮੀਂਹ ਪੈਣ ਕਾਰਨ ਅਸਮਾਨ 'ਚ ਧੁੰਦ ਛਾਈ ਹੋਈ ਸੀ ਜਿਸ ਕਾਰਨ ਪਾਈਲਟ ਨੂੰ ਬਿਲਡਿੰਗ ਦਾ ਪਤਾ ਨਾ ਲੱਗਿਆ ਤੇ ਉਸਦਾ ਹੈਲੀਕਾਪਟਰ ਸਿੱਧਾ ਬਿਲਡਿੰਗ 'ਚ ਜਾ ਵੱਜਾ। ਬਿਲਡਿੰਗ 'ਚ ਵੱਜਦਿਆਂ ਹੀ ਬਿਲਡਿੰਗ ਵਿਚਲੇ ਲੋਕਾਂ ਨੂੰ ਜ਼ੋਰਦਾਰ ਝਟਕਾ ਮਹਿਸੂਸ ਹੋਇਆ ਤੇ ਧਮਾਕੇ ਦੀ ਅਵਾਜ਼ ਸੁਣਾਈ ਦਿੱਤੀ। ਇਸ ਘਟਨਾ 'ਚ ਪਾਈਲਟ ਤੋਂ ਸਿਵਾਏ ਕਿਸੇ ਹੋਰ ਦਾ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ।
ਸਰਕਾਰੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਮ੍ਰਿਤਕ ਪਾਈਲਟ ਕਾਫੀ ਸੁਲਝਿਆ ਹੋਇਆ ਪਾਈਲਟ ਸੀ ਤੇ ਉਹ ਕਈ ਵਾਰ ਇਥੇ ਹੈਲੀਕਾਪਟਰ ਉਡਾ ਚੁੱਕਿਆ ਸੀ।