ਜਗਦੀਸ਼ ਥਿੰਦ
ਫ਼ਾਜ਼ਿਲਕਾ, 11 ਜੂਨ:
ਨਸ਼ੇ ਦੀ ਆਦਤ ਨੂੰ ਛੱਡਣ ਲਈ ਓ.ਓ.ਏ.ਟੀ. ਕੇਂਦਰਾਂ ਵਿੱਚ ਦਵਾਈ ਲੈ ਰਹੇ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਲਈ ਡਿਪਟੀ ਕਮਿਸ਼ਨਰ ਸ. ਮਨਪ੍ਰੀਤ ਸਿੰਘ ਛੱਤਵਾਲ ਨੇ ਨਵੀਂ ਯੋਜਨਾ ਉਲੀਕੀ ਹੈ।
ਡਿਪਟੀ ਕਮਿਸ਼ਨਰ ਮਨਪ੍ਰੀਤ ਸਿੰਘ ਛੱਤਵਾਲ ਅਧਿਕਾਰੀਆਂ ਦੇ ਲੈਂਦੇ ਹੋਏ ਬੈਠਕ ਨਾਲ ਹਨ ਐੱਸ ਐੱਸ ਪੀ ਫਾਜ਼ਿਲਕਾ ਦੀਪਕ ਹਿਲੌਰੀ ਮਿਸ ਪੂਨਮ ਸਿੰਘ ਐੱਸ ਡੀ ਐੱਮ ਅਬੋਹਰ ਐੱਸ ਡੀ ਐੱਮ ਜਲਾਲਾਬਾਦ ਕੇਸ਼ਵ ਗੋਇਲ ਐੱਸ ਡੀ ਐੱਮ ਫਾਜ਼ਿਲਕਾ ਸੁਭਾਸ਼ ਖੱਟਕ ਅਤੇ ਵੱਖ ਵੱਖ ਵਿਭਾਗਾਂ ਦੇ ਹੋਰ ਅਧਿਕਾਰੀ । ਤਸਵੀਰ : ਜਗਦੀਸ਼ ਥਿੰਦ
ਚੋਣਾਂ ਤੋਂ ਬਾਅਦ ਨਸ਼ਾ ਰੋਕਥਾਮ ਅਫ਼ਸਰਾਂ (ਡੈਪੋਜ਼) ਦੀ ਮੁੜ ਸਰਗਰਮ ਕਰਨ ਸੱਦੀ ਉਚੇਚੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਉਨ੍ਹਾਂ ਨਸ਼ਾ ਛੁਡਾਊ ਕੇਂਦਰਾਂ ਤੇ ਓ.ਓ.ਏ.ਟੀ. ਕੇਂਦਰਾਂ ਅਤੇ ਹੁਨਰ ਵਿਕਾਸ ਮਿਸ਼ਨ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਸ ਵਿੱਚ ਤਾਲਮੇਲ ਕਰਕੇ ਇਸ ਯੋਜਨਾ ਨੂੰ ਅਮਲੀਜਾਮਾ ਪਹਿਨਾਉਣ।
ਉਨ੍ਹਾਂ ਕਿਹਾ ਕਿ ਓ.ਓ.ਏ.ਟੀ. ਕੇਂਦਰਾਂ ਵਿੱਚ ਦਵਾਈ ਲੈਣ ਆਉਂਦੇ ਨੌਜਵਾਨਾਂ ਦੀ ਰੁਚੀ ਕੰਮ ਵਿੱਚ ਵਧਾਉਣ ਲਈ ਡਾਕਟਰ ਉਸ ਤੋਂ ਮਨਪਸੰਦ ਦੇ ਕੰਮ ਬਾਰੇ ਪੁੱਛ ਕੇ ਹੁਨਰ ਵਿਕਾਸ ਮਿਸ਼ਨ ਦੇ ਅਧਿਕਾਰੀਆਂ ਨਾਲ ਸਾਂਝਾ ਕਰਨਗੇ। ਇਸ ਉਪਰੰਤ ਨੌਜਵਾਨਾਂ ਨੂੰ ਇਨ੍ਹਾਂ ਹੁਨਰ ਵਿਕਾਸ ਕੇਂਦਰਾਂ ਵਿੱਚ ਭੇਜ ਕੇ ਉਨ੍ਹਾਂ ਦੀ ਪਸੰਦ ਦੇ ਕਿੱਤੇ ਦੀ ਸਿਖਲਾਈ ਦਿਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਜਿੰਨੇ ਅਰਸੇ ਵਿੱਚ ਨੌਜਵਾਨ ਦਵਾਈ ਲੈ ਕੇ ਨੌਂ-ਬਰ-ਨੌਂ ਹੋਵੇਗਾ, ਉਨੀ ਦੇਰ ਵਿੱਚ ਉਹ ਸਵੈ-ਰੁਜ਼ਗਾਰ ਸ਼ੁਰੂ ਕਰਨ ਦੇ ਸਮਰੱਥ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਹੁਨਰ ਵਿਕਾਸ ਕੇਂਦਰਾਂ ਵਿੱਚ ਤਿੰਨ ਤੋਂ ਚਾਰ ਮਹੀਨਿਆਂ ਦੇ ਕਿੱਤਾਮੁਖੀ ਕੋਰਸਾਂ ਦੀ ਸਿਖਲਾਈ ਨੌਜਵਾਨਾਂ ਨੂੰ ਬਿਲਕੁਲ ਮੁਫ਼ਤ ਦਿੱਤੀ ਜਾਂਦੀ ਹੈ।
ਚੋਣਾਂ ਦੇ ਅਰਸੇ ਪਿੱਛੋਂ ਨਸ਼ਾ ਰੋਕਥਾਮ ਅਫ਼ਸਰਾਂ ਨੂੰ ਮੁੜ ਸਰਗਰਮ ਕਰਨ ਸਬੰਧੀ ਕੀਤੀ ਗਈ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਸਿਵਲ ਤੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕੰਮ ਪ੍ਰਤੀ ਅਵੇਸਲੇ ਅਤੇ ਨਸ਼ੇ ਵਿੱਚ ਗ਼ਲਤਾਨ ਡੈਪੋਜ਼ ਨੂੰ ਦਰਕਿਨਾਰ ਕਰਕੇ ਉਤਸ਼ਾਹੀ ਅਫ਼ਸਰਾਂ ਨੂੰ ਅੱਗੇ ਲਿਆਂਦਾ ਜਾਵੇ ਅਤੇ ਸਰਕਾਰ ਦੇ ਮਿਸ਼ਨ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਚੱਲਣ ਦੇ ਸਮਰੱਥ ਬਣਾਇਆ ਜਾਵੇ। ਇਸ ਮੰਤਵ ਦੀ ਪੂਰਤੀ ਲਈ ਡੈਪੋਜ਼ ਅਤੇ ਆਮ ਲੋਕਾਂ ਨਾਲ ਪਿੰਡ ਪੱਧਰ 'ਤੇ ਮੀਟਿੰਗਾਂ ਕੀਤੀਆਂ ਜਾਣ, ਉਨ੍ਹਾਂ ਨੂੰ ਜਾਗਰੂਕਤਾ ਸਾਹਿਤ ਮੁਹੱਈਆ ਕਰਵਾਇਆ ਜਾਵੇ।
ਡਿਪਟੀ ਕਮਿਸ਼ਨਰ ਨੇ ਸਮੂਹ ਐਸ.ਡੀ.ਐਮ, ਡੀ.ਐਸ.ਪੀ. ਅਤੇ ਤਹਿਸੀਲਦਾਰਾਂ ਨੂੰ ਜ਼ਿਲ੍ਹੇ ਦੇ ਸਾਰੇ ਪਿੰਡਾਂ ਦਾ ਦੌਰਾ ਕਰਨ ਅਤੇ ਨਸ਼ਾ ਰੋਕੂ ਨਿਗਰਾਨ ਕਮੇਟੀਆਂ ਨੂੰ ਮੁੜ-ਸੰਗਠਤ ਕਰਕੇ 5 ਜੁਲਾਈ ਤੱਕ ਰਿਪੋਰਟ ਦੇਣ। ਉਨ੍ਹਾਂ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵ ਬਾਰੇ ਜਾਗਰੂਕ ਕਰਨ ਅਤੇ ਨਸ਼ਾ ਰੋਕਥਾਮ ਅਫ਼ਸਰਾਂ ਨੂੰ ਸਰਗਰਮ ਕਰਨ ਲਈ ਸਮੂਹ ਅਧਿਕਾਰੀਆਂ ਨੂੰ ਅਗਲੇ ਹਫ਼ਤੇ ਤੋਂ ਪਿੰਡ ਵਿੱਚ ਜਾਣ ਸਬੰਧੀ ਆਪਣੇ ਕੰਮ ਵਿੱਚ ਜੀਅ-ਜਾਨ ਜੁੱਟ ਜਾਣ ਦੀ ਅਪੀਲ ਵੀ ਕੀਤੀ। ਉਨ੍ਹਾਂ ਉਚੇਚੇ ਤੌਰ 'ਤੇ ਕਿਹਾ ਪ੍ਰਭਾਵੀ ਨਸ਼ਾ ਰੋਕੂ ਨਿਗਰਾਨ ਕਮੇਟੀਆਂ ਨੂੰ ਮੁੱਖ ਤਵੱਜੋ ਦਿੱਤੀ ਜਾਵੇ। ਉਨ੍ਹਾਂ ਸਮੂਹ ਅਧਿਕਾਰੀਆਂ ਨੂੰ ਜ਼ਿਲ੍ਹੇ ਵਿੱਚ ਚਲ ਰਹੇ ਨਸ਼ਾ ਛੁਡਾਊ ਅਤੇ ਓ.ਓ.ਏ.ਟੀ. ਕੇਂਦਰਾਂ ਦਾ ਹਫ਼ਤੇ ਵਿੱਚ ਇੱਕ ਵਾਰ ਦੌਰਾ ਕਰਨ ਲਈ ਪਾਬੰਦ ਕਰਦਿਆਂ ਕਿਹਾ ਕਿ ਪੀੜਤਾਂ ਨੂੰ ਦਿੱਤੀ ਜਾਂਦੀ ਦਵਾਈ ਦੀ ਮਿਕਦਾਰ ਦਾ ਮਹੀਨਵਾਰ ਘਟਣਾ ਦਾ ਜਾਇਜ਼ਾ ਲੈਣ ਸਣੇ ਪੀੜਤਾਂ ਦਾ ਰਜਿਸਟਰ ਅਤੇ ਉਥੇ ਮੌਜੂਦ ਦਵਾਈਆਂ ਦਾ ਸਟਾਕ ਦੀ ਨਿਯਮਿਤ ਚੈਕਿੰਗ ਯਕੀਨੀ ਬਣਾਈ ਜਾਵੇ। ਉਨ੍ਹਾਂ ਸਿਵਲ ਤੇ ਪੁਲਿਸ ਦੀਆਂ ਨਸ਼ਾ ਵਿਰੋਧੀ ਜਾਗਰੂਕਤਾ ਮੁਹਿੰਮਾਂ ਵਿੱਚ ਖ਼ੁਸ਼ਹਾਲੀ ਦੇ ਰਾਖਿਆਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਦੇ ਨਿਰਦੇਸ਼ ਵੀ ਦਿੱਤੇ। ਇਸ ਦੇ ਨਾਲ ਹੀ ਉਨ੍ਹਾਂ ਨਸ਼ਾ ਵਿਰੋਧੀ ਮੁਹਿੰਮ ਵਿੱਚ ਔਰਤਾਂ, ਸੇਵਾ ਮੁਕਤ ਫ਼ੌਜੀਆਂ ਅਤੇ ਅਧਿਆਪਕਾਂ ਦੀ ਸ਼ਮੂਲੀਅਤ ਵੀ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ।
ਸ. ਛੱਤਵਾਲ ਨੇ ਜ਼ਿਲ੍ਹਾ ਸਿੱਖਿਆ ਦਫ਼ਤਰ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ 1 ਜੁਲਾਈ ਤੋਂ 30 ਸਤੰਬਰ ਤੱਕ ਦਾ ਬੱਡੀਜ਼ ਪ੍ਰੋਗਰਾਮ ਦਾ ਸ਼ਡਿਊਲ ਡਿਪਟੀ ਕਮਿਸ਼ਨਰ ਦਫ਼ਤਰ ਵਿੱਚ ਦੇਣ ਅਤੇ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਹਫ਼ਤਾਵਾਰੀ ਭਾਸ਼ਣ ਦੇਣਾ ਯਕੀਨੀ ਬਣਾਉਣ। ਉਨ੍ਹਾਂ ਪੰਜਾਬੀ ਗਾਣਿਆਂ ਵਿੱਚ ਨਸ਼ੇ ਨੂੰ ਉਤਸ਼ਾਹਤ ਕਰਨ 'ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਉਹ ਇਸ ਸਬੰਧੀ ਕੋਈ ਠੋਸ ਨੀਤੀ ਬਣਾਉਣ ਲਈ ਸਰਕਾਰ ਨੂੰ ਲਿਖਣਗੇ। ਡਿਪਟੀ ਕਮਿਸ਼ਨਰ ਨੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਖ਼ਾਸ ਤੌਰ 'ਤੇ ਕਿਹਾ ਕਿ ਆਮ ਲੋਕਾਂ ਜਾਂ ਖ਼ੁਸ਼ਹਾਲੀ ਦੇ ਰਾਖਿਆਂ ਵੱਲੋਂ ਨਸ਼ਾ ਤਸਕਰਾਂ ਬਾਰੇ ਮਿਲਦੀਆਂ ਸੂਹਾਂ 'ਤੇ ਤੁਰੰਤ ਕਾਰਵਾਈ ਕੀਤੀ ਜਾਵੇ।
ਇਸੇ ਦੌਰਾਨ ਐਸ.ਐਸ.ਪੀ. ਫ਼ਾਜ਼ਿਲਕਾ ਸ਼੍ਰੀ ਦੀਪਕ ਹਿਲੋਰੀ ਨੇ ਕਿਹਾ ਕਿ ਨਸ਼ਾ ਦੀ ਸਪਲਾਈ ਲੜੀ ਤੋੜਨ ਅਤੇ ਪੁਲਿਸ ਦਾ ਅਕਸ ਸੁਧਾਰਨ ਲਈ ਜੰਗੀ ਪੱਧਰ 'ਤੇ ਕੰਮ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜੇ ਨਸ਼ਾ ਦਾ ਲੱਕ ਅੱਜ ਹੀ ਨਾ ਤੋੜਿਆ ਗਿਆ ਤਾਂ ਇਸ ਨਾਲ ਸਾਡੀਆਂ ਭਵਿੱਖੀ ਪੀੜ੍ਹੀਆਂ ਦਾ ਬਹੁਤ ਨੁਕਸਾਨ ਹੋਵੇਗਾ। ਇਸ ਦੇ ਨਾਲ ਹੀ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਾਖ਼ੋਰਾਂ ਤੇ ਨਸ਼ਾ ਤਸਕਰਾਂ ਬਾਰੇ ਪੁਖ਼ਤਾ ਸਬੂਤਾਂ ਸਮੇਤ ਪੁਲਿਸ ਨੂੰ ਇਤਲਾਹ ਦੇਣ ਤਾਂ ਜੋ ਪੁਲਿਸ ਇਕਦਮ ਉਨ੍ਹਾਂ ਵਿਰੁਧ ਕਾਨੂੰਨ ਅਨੁਸਾਰ ਕਾਰਵਾਈ ਅਮਲ ਵਿੱਚ ਲਿਆ ਸਕੇ। ਉਨ੍ਹਾਂ ਸਖ਼ਤੀ ਨਾਲ ਕਿਹਾ ਕਿ ਨਸ਼ੇ ਦੇ ਕਾਰੋਬਾਰ ਵਿੱਚ ਲੱਗੀਆਂ ਕਾਲੀਆਂ ਭੇਡਾਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ। ਸ਼੍ਰੀ ਹਿਲੋਰੀ ਨੇ ਪੁਲਿਸ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਨਸ਼ਾ ਪ੍ਰਭਾਵਤ ਪਿਡਾਂ ਅਤੇ ਖੇਤਰਾਂ ਵੱਲ ਉਚੇਚਾ ਧਿਆਨ ਦੇਣ ਅਤੇ ਨਸ਼ੇ ਦੀ ਸਪਲਾਈ ਲੜੀ ਤੋੜਨ ਲਈ ਠੋਸ ਕਾਰਵਾਈ ਅਮਲ ਵਿੱਚ ਲਿਆਉਣ।
13 ਅਤੇ 14 ਜੂਨ ਨੂੰ ਜ਼ਿਲ੍ਹਾ ਅਧਿਕਾਰੀਆਂ ਨੂੰ ਸਿਖਲਾਈ
ਨਸ਼ੇ ਦੀ ਰੋਕਥਾਮ ਲਈ 13 ਅਤੇ 14 ਜੂਨ ਨੂੰ ਪੰਚਾਇਤੀ ਰਾਜ ਸੰਸਥਾਵਾਂ ਦੇ 50 ਵਲੰਟੀਅਰਾਂ ਨੂੰ ਮਾਸਟਰ ਟ੍ਰੇਨਰਾਂ ਵੱਲੋਂ ਸਿਖਲਾਈ ਦਿੱਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 12 ਜੂਨ ਨੂੰ ਜ਼ਿਲ੍ਹੇ ਦੇ 4 ਮਾਸਟਰ ਟ੍ਰੇਨਰ ਚੰਡੀਗੜ੍ਹ ਸਥਿਤ ਮੈਗਸੀਪਾ ਤੋਂ ਵਿਸ਼ੇਸ਼ੀਕ੍ਰਿਤ ਟ੍ਰੇਨਿੰਗ ਲੈ ਕੇ ਆਉਣਗੇ ਅਤੇ ਜ਼ਿਲ੍ਹਾ ਅਧਿਕਾਰੀਆਂ ਨੂੰ ਸਿਖਲਾਈ ਦੇਣਗੇ ਤਾਂ ਜੋ ਨਸ਼ਾ ਰੋਕਥਾਮ ਅਫ਼ਸਰਾਂ ਅਤੇ ਬੱਡੀਜ਼ ਗਰੁੱਪਾਂ ਨੂੰ ਅੱਗੇ ਸਿਖਲਾਈ ਦਿੱਤੀ ਜਾ ਸਕੇ।
ਬਿਨਾਂ ਨੰਬਰਾਂ ਤੋਂ ਵਾਹਨਾਂ ਅਤੇ ਏਜੰਸੀਆਂ ਦੀ ਚੈਕਿੰਗ ਦੇ ਹੁਕਮ
ਨਸ਼ਾ ਵੇਚਣ ਲਈ ਬਿਨਾਂ ਨੰਬਰ ਤੋਂ ਵਰਤੇ ਜਾਂਦੇ ਵਾਹਨਾਂ ਨੂੰ ਰੋਕਣ ਲਈ ਖ਼ੁਸ਼ਹਾਲੀ ਦੇ ਰਾਖਿਆਂ ਵੱਲੋਂ ਦਿੱਤੇ ਸੁਝਾਅ 'ਤੇ ਤੁਰੰਤ ਕਾਰਵਾਈ ਕਰਦਿਆਂ ਡਿਪਟੀ ਕਮਿਸ਼ਨਰ ਨੇ ਸਮੂਹ ਐਸ.ਡੀ.ਐਮਜ਼ ਨੂੰ ਹਦਾਇਤ ਕੀਤੀ ਕਿ ਉਹ ਜ਼ਿਲ੍ਹੇ ਵਿੱਚ ਬਿਨਾਂ ਨੰਬਰ ਤੋਂ ਘੁੰਮ ਰਹੇ ਮੋਟਰਸਾਈਕਲਾਂ ਸਬੰਧੀ ਚੈਕਿੰਗ ਕਰਨ। ਮੋਟਰਸਾਈਕਲ ਏਜੰਸੀਆਂ ਦੇ ਰਜਿਸਟਰ ਚੈੱਕ ਕਰਨ ਅਤੇ ਇਹ ਯਕੀਨ ਬਣਾਉਣ ਕਿ ਕਿਸੇ ਵੀ ਏਜੰਸੀ ਤੋਂ ਕੋਈ ਵੀ ਨਵਾਂ ਵਾਹਨ ਬਿਨਾਂ ਨੰਬਰ ਸੜਕ 'ਤੇ ਨਾ ਉਤਾਰਿਆ ਜਾਵੇ। ਉਨ੍ਹਾਂ ਕਿਹਾ ਕਿ ਜੇ ਕੋਈ ਏਜੰਸੀ ਨਿਯਮਾਂ ਦੀ ਉਲੰਘਣਾ ਕਰਦੀ ਪਾਈ ਜਾਂਦੀ ਹੈ ਤਾਂ ਉਸ ਦੀ ਡੀਲਰਸ਼ਿਪ ਰੱਦ ਕਰਨ ਲਈ ਲਿਖਿਆ ਜਾਵੇ ਅਤੇ ਉਸਦਾ ਅਕਾਊਂਟ ਬੰਦ ਕਰ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਰਿਪੋਰਟ ਇੱਕ ਹਫ਼ਤੇ ਦੇ ਅੰਦਰ-ਅੰਦਰ ਡਿਪਟੀ ਕਮਿਸ਼ਨਰ ਦਫ਼ਤਰ ਨੂੰ ਸੌਂਪੀ ਜਾਵੇ।
ਇਸ ਮੌਕੇ ਐਸ.ਡੀ.ਐਮ. ਫ਼ਾਜ਼ਿਲਕਾ ਸ਼੍ਰੀ ਸੁਭਾਸ਼ ਚੰਦਰ ਖਟਕ, ਐਸ.ਡੀ.ਐਮ. ਜਲਾਲਾਬਾਦ ਸ਼੍ਰੀ ਕੇਸ਼ਵ ਗੋਇਲ, ਐਸ.ਡੀ.ਐਮ. ਅਬੋਹਰ ਮੈਡਮ ਪੂਨਮ ਸਿੰਘ, ਐਸ.ਪੀ. ਜਗਦੀਸ਼ ਬਿਸ਼ਨੋਈ, ਜੀ.ਉ.ਜੀ. ਹੈਡ ਕਰਨਲ ਬਲਦੇਵ ਸਿੰਘ ਸੰਧੂ, ਡੀ.ਐਸ.ਪੀ. ਅਬੋਹਰ (ਦਿਹਾਤੀ) ਸੰਦੀਪ ਸਿੰਘ, ਡੀ.ਐਸ.ਪੀ. ਜਲਾਲਾਬਾਦ ਅਮਰਜੀਤ ਸਿੰਘ, ਡੀ.ਐਸ.ਪੀ. ਅਬੋਹਰ ਕੁਲਦੀਪ ਸਿੰਘ, ਡੀ.ਐਸ.ਪੀ. ਫ਼ਾਜ਼ਿਲਕਾ ਜਗਦੀਸ਼ ਕੁਮਾਰ, ਜੀ.ਉ.ਜੀ. ਜ਼ਿਲ੍ਹਾ ਸੁਪਰਵਾਈਜ਼ਰ ਕੈਪਟਨ ਉਂਕਾਰ ਦੱਤ, ਜੀ.ਉ.ਜੀ.ਤਹਿਸੀਲ ਹੈਡ ਲੈਫਟੀਨੈਂਟ ਕਰਨਲ ਆਈ.ਪੀ.ਐਸ. ਘੁੰਮਣ, ਤਹਿਸੀਲ ਹੈਡ ਜਲਾਲਾਬਾਦ ਕੈਪਟਨ ਅਮ੍ਰਿਤ ਲਾਲ ਅਤੇ ਜ਼ਿਲ੍ਹਾ ਬੱਡੀ ਨੋਡਲ ਅਫ਼ਸਰ ਸ੍ਰੀ ਵਿਜੈ ਪਾਲ ਤੋਂ ਇਲਾਵਾ ਸਿਹਤ ਵਿਭਾਗ ਦੇ ਅਧਿਕਾਰੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।