ਮਾਨਸਾ, 11 ਜੂਨ 2019 (ਮਿੱਤਰ ਸੈਨ ਸ਼ਰਮਾ) - ਮਾਣਯੋਗ ਐਡੀਸ਼ਨਲ ਸ਼ੈਸ਼ਨ ਜੱਜ ਮਾਨਸਾ ਦੀ ਅਦਾਲਤ ਵੱਲੋਂ ਭ੍ਰਿਸ਼ਟਾਚਾਰ ਦੇ ਦੋਸ਼ 'ਚ ਪਾਵਰ ਕਾਮ ਦੇ ਇੱਕ ਜੇ.ਈ. ਨੂੰ ਸਜ਼ਾ ਅਤੇ ਜੁਰਮਾਨਾ ਅਦਾ ਕਰਨ ਦਾ ਫ਼ੈਸਲਾ ਸੁਣਾਇਆ ਹੈ। ਜਾਣਕਾਰੀ ਅਨੁਸਾਰ ਸੁਖਵਿੰਦਰ ਸਿੰਘ ਵਾਸੀ ਪਿੰਡ ਪਿਪਲੀਆਂ, ਜ਼ਿਲ੍ਹਾ ਮਾਨਸਾ ਨੇ ਆਪਣਾ ਖੇਤੀਬਾੜੀ ਮੋਟਰ ਕੁਨੈਕਸ਼ਨ ਤਬਦੀਲ ਕਰਵਾਉਣਾ ਸੀ, ਜਿਸ ਦੇ ਲਈ ਉਸ ਨੇ ਬਣਦੀ ਫ਼ੀਸ 500 ਰੁਪਏ ਪੀ.ਐੱਸ.ਪੀ.ਸੀ.ਐੱਲ. ਵਿਖੇ ਭਰ ਦਿੱਤੀ ਪਰ ਕਾਫ਼ੀ ਸਮਾਂ ਬੀਤਣ 'ਤੇ ਵੀ ਕੁਨੈਕਸ਼ਨ ਟ੍ਰਾਂਸਫਰ ਨਹੀਂ ਕੀਤਾ ਗਿਆ, ਜਿਸ 'ਤੇ ਸੁਖਵਿੰਦਰ ਸਿੰਘ ਨੇ ਵਿਭਾਗ ਦੇ ਜੇ.ਈ. ਪਵਨ ਕੁਮਾਰ ਨਾਲ ਸੰਪਰਕ ਕੀਤਾ, ਇਸ ਕੰਮ ਵਾਸਤੇ ਪਵਨ ਕੁਮਾਰ ਨੇ 15 ਹਜ਼ਾਰ ਰੁਪਏ ਖੁਦ ਲਈ ਅਤੇ 10 ਹਜ਼ਾਰ ਰੁਪਏ ਆਪਣੇ ਉੱਚ ਅਧਿਕਾਰੀ ਲਈ ਮੰਗੇ। ਜਿਸ 'ਤੇ ਸੁਖਵਿੰਦਰ ਸਿੰਘ ਨੇ ਵਿਜੀਲੈਂਸ ਵਿਭਾਗ ਦੇ ਅਧਿਕਾਰੀਆਂ ਨਾਲ ਗੱਲ ਕਰਕੇ ਉਕਤ ਪਵਨ ਕੁਮਾਰ ਨੂੰ 15 ਹਜ਼ਾਰ ਰੁਪਏ 30 ਅਗਸਤ 2014 ਨੂੰ ਦਿੱਤੇ ਅਤੇ ਤੁਰੰਤ ਬਾਅਦ ਚੌਕਸੀ ਵਿਭਾਗ ਦੇ ਅਧਿਕਾਰੀਆਂ ਨੇ ਰੇਡ ਕਰਕੇ ਸਰਕਾਰੀ ਗਵਾਹਾਂ ਦੀ ਹਾਜ਼ਰੀ 'ਚ ਉਕਤ ਰਾਸ਼ੀ ਬਰਾਮਦ ਕਰਕੇ ਪਵਨ ਕੁਮਾਰ ਨੂੰ ਹਿਰਾਸਤ 'ਚ ਲੈਣ ਉਪਰੰਤ ਵਿਜੀਲੈਂਸ ਵਿਭਾਗ ਬਠਿੰਡਾ ਵਿਖੇ ਪਵਨ ਕੁਮਾਰ ਦੇ ਖਿਲਾਫ਼ ਭ੍ਰਿਸ਼ਟਾਚਾਰ ਰੋਕੂ ਐਕਟ ਦੇ ਅਧੀਨ 30 ਅਗਸਤ 2014 ਨੂੰ ਮਾਮਲਾ ਨੰ: 12 ਦਰਜ ਕਰਵਾ ਕੇ ਅਗਲੀ ਕਾਰਵਾਈ ਜਾਰੀ ਕਰ ਦਿੱਤੀ। ਇਸ ਮਾਮਲੇ ਦੀ ਸੁਣਵਾਈ ਕਰਦਿਆਂ ਮਾਣਯੋਗ ਐਡੀਸ਼ਨਲ ਸ਼ੈਸ਼ਨ ਜੱਜ ਮਾਨਸਾ ਰਾਜੀਵ ਕੁਮਾਰ ਬੇਰੀ ਦੀ ਅਦਾਲਤ ਨੇ ਪਵਨ ਕੁਮਾਰ ਨੂੰ ਦੋਸ਼ੀ ਮੰਨਦੇ ਹੋਏ ਉਸ ਨੂੰ ਚਾਰ ਸਾਲ ਦੀ ਕੈਦ ਅਤੇ 30 ਹਜ਼ਾਰ ਰੁਪਏ ਜੁਰਮਾਨਾ ਅਦਾ ਕਰਨ ਦਾ ਹੁਕਮ ਸੁਣਾਇਆ ਹੈ।