ਪਟਿਆਲਾ, 11 ਜੂਨ 2019 - ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ ਵਿਖੇ ਭਾਰਤ ਸਰਕਾਰ ਦੁਆਰਾ ਸਥਾਪਿਤ ਗੁਰੂ ਗੋਬਿੰਦ ਸਿੰਘ ਚੇਅਰ ਵੱਲੋਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਉਲੀਕੇ ਸਮਾਗਮਾਂ ਦੀ ਲੜੀ ਅਧੀਨ ‘ਗੁਰੂ ਨਾਨਕ ਦੇਵ ਜੀ ਅਤੇ ਸਿੱਖ ਸੰਸਥਾਵਾਂ’ ਵਿਸ਼ੇ ’ਤੇ ਯੂਨੀਵਰਸਿਟੀ ਦੇ ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ ਵਿਖੇ ਵਾਈਸ ਚਾਂਸਲਰ ਡਾ. ਬੀ. ਐਸ. ਘੁੰਮਣ ਦੀ ਅਗਵਾਈ ਵਿਚ ਮਿਤੀ 13-06-2019 ਨੂੰ 19ਵਾਂ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਇਸ ਸੈਮੀਨਾਰ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਡਾ. ਗੁਰਮੀਤ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਸੈਮੀਨਾਰ ਵਿਚ ਸਿੱਖ ਧਰਮ ਦੀਆਂ ਵਿਭਿੰਨ ਸੰਸਥਾਵਾਂ ਜਿਵੇਂ, ਗੁਰੂ, ਸੰਗਤ, ਲੰਗਰ, ਸ਼ਸਤਰ ਵਿੱਦਿਆ ਆਦਿ ਨਾਲ ਸੰਬੰਧਤ ਵੱਖ-ਵੱਖ ਮਾਹਰਾਂ ਵੱਲੋਂ ਪਰਚੇ ਪੜ੍ਹੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਸੈਮੀਨਾਰ ਦਾ ਮਕਸਦ ਇਨ੍ਹਾਂ ਸੰਸਥਾਵਾਂ ਦੇ ਸਿਧਾਂਤਕ ਅਤੇ ਇਤਿਹਾਸਕ ਮਹੱਤਵ ਨੂੰ ਸਮਝਣਾ ਹੈ। ਗੁਰੂ ਨਾਨਕ ਦੇਵ ਜੀ ਨੇ ਇਨ੍ਹਾਂ ਸੰਸਥਾਵਾਂ ਦੀ ਬੁਨਿਆਦ ਰੱਖ ਕੇ ਨਵੀਂ ਪਛਾਣ ਕਾਇਮ ਕੀਤੀ ਹੈ। ਗੁਰੁ ਨਾਨਕ ਦੇਵ ਜੀ ਨੇ ਦੇਹਧਾਰੀ ਗੁਰੂ ਪਰੰਪਰਾ ਦੀ ਥਾਂ ਪਹਿਲੀ ਵਾਰ ਸ਼ਬਦ ਗੁਰੂ ਦੀ ਪਰੰਪਰਾ ਪ੍ਰਚਲਿਤ ਕੀਤੀ। ਆਤਮਿਕ ਉਨਤੀ ਦੀਆਂ ਨਿੱਜੀ ਪਰੰਪਰਾਵਾਂ ਦੀ ਜਗ੍ਹਾ ਸੰਗਤ ਦੀ ਸੰਸਥਾ ਨੂੰ ਕਾਇਮ ਕੀਤਾ। ਊਚ-ਨੀਚ, ਛੂਆ-ਛਾਤ ਆਦਿ ਵਿਤਕਰਿਆਂ ਨੂੰ ਖਤਮ ਕਰਨ ਲਈ ਪੰਗਤ ਦਾ ਸਿਧਾਂਤ ਦਿੱਤਾ। ਇਨ੍ਹਾਂ ਸਾਰੀਆਂ ਸੰਸਥਾਵਾਂ ਨੂੰ ਸੰਗਿਠਿਤ ਰੂਪ ਦੇਣ ਲਈ ਗੁਰੂ ਨਾਨਕ ਦੇਵ ਜੀ ਨੇ ਧਰਮਸਾਲ ਦੀ ਸੰਸਥਾ ਕਾਇਮ ਕੀਤੀ ਜੋ ਅੱਜ ਗੁਰਦੁਆਰਾ ਸਾਹਿਬ ਦੇ ਰੂਪ ਵਿਚ ਪ੍ਰਚਲਿਤ ਹੈ। ਗੁਰਮਤਿ ਦੇ ਸੰਸਥਾਈ ਸੰਗਠਨ ਕਰਕੇ ਸਿੱਖ ਧਰਮ ਸੰਸਾਰ ਧਰਮਾਂ ਵਿਚ ਆਪਣੀ ਪਛਾਣ ਕਾਇਮ ਰੱਖਣ ਵਿਚ ਕਾਮਯਾਬ ਹੋਇਆ ਹੈ। ਗੁਰਮਤਿ ਦੀਆਂ ਇਨ੍ਹਾਂ ਸੰਸਥਾਵਾਂ ਦਾ ਅਜੋਕੇ ਸਮੇਂ ਵਿਚ ਮਹੱਤਵ ਸਮਝਣ ਲਈ ਵਿਦਵਾਨਾਂ ਵੱਲੋਂ ਖੋਜ ਭਰਪੂਰ ਪਰਚੇ ਇਸ ਸੈਮੀਨਾਰ ਵਿਚ ਪੜ੍ਹੇ ਜਾਣਗੇ।
ਵਿਭਾਗ ਦੇ ਮੁਖੀ ਡਾ. ਗੁਰਮੀਤ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵਿਭਾਗ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ, ਕਾਨਫਰੰਸ, ਵਰਕਸ਼ਾਪ, ਪੁਸਤਕ ਪ੍ਰਦਰਸ਼ਨੀ, ਦਸਤਾਵੇਜ਼ੀ ਫਿਲਮ, ਧਾਰਮਕ ਸਥਾਨਾਂ ਦੀ ਯਾਤਰਾ ਅਤੇ ਲੇਖ ਮੁਕਾਬਲਾ ਆਦਿ ਸਮਾਗਮ ਕਰਵਾਏ ਗਏ ਹਨ ਜਿਨ੍ਹਾਂ ਦੇ ਸਿਰਲੇਖ- ਅੰਤਰ ਧਰਮ ਸੰਵਾਦ ਦੇ ਬਾਨੀ ਗੁਰੂ ਨਾਨਕ, ਗੁਰੂ ਨਾਨਕ ਚਿੰਤਨ ਅਤੇ ਅਜੋਕੇ ਸਰੋਕਾਰ, ਗੁਰੂ ਨਾਨਕ ਅਤੇ ਸੋਸ਼ਲ ਇੰਜੀਨੀਅਰਿੰਗ, ਸਿੱਖ ਅਧਿਐਨ ਵਿਚ ਗੁਰੂ ਨਾਨਕ, ਗੁਰੂ ਨਾਨਕ ਬਾਣੀ ਦਾ ਵਿਆਖਿਆ ਸ਼ਾਸਤਰ, ਜਪੁ ਜੀ ਦਾ ਸੱਚ, ਗੁਰ ਨਾਨਕ ਆਇਆ ਆਦਿ ਹਨ।
ਉਨ੍ਹਾਂ ਦੱਸਿਆ ਕਿ ਇਸ ਸੈਮੀਨਾਰ ਵਿਚ ਮੁੱਖ ਮਹਿਮਾਨ ਵਜੋਂ ਡਾ. ਜਸਪਾਲ ਕੌਰ ਧੰਜੂ, ਡੀਨ ਰਿਸਰਚ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਮੁੱਖ ਬੁਲਾਰੇ ਡਾ. ਸੁਖਦਿਆਲ ਸਿੰਘ, ਪ੍ਰੋ. ਅਤੇ ਸਾਬਕਾ ਮੁਖੀ, ਇਤਿਹਾਸ ਅਧਿਐਨ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਡਾ. ਕੁਲਵਿੰਦਰ ਸਿੰਘ, ਅਸਿਸਟੈਂਟ ਪ੍ਰੋ., ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਯੂਨੀਵਰਸਿਟੀ ਦੇ ਸਿੱਖ ਵਿਸ਼ਵਕੋਸ਼ ਵਿਭਾਗ, ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ, ਡਿਸਟੈਂਸ ਐਜੂਕੇਸ਼ਨ ਦਾ ਧਰਮ ਅਧਿਐਨ ਵਿਭਾਗ ਅਤੇ ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ ਦੇ ਅਧਿਆਪਕ, ਖੋਜਾਰਥੀ ਅਤੇ ਦੇਹਰਾਦੂਨ ਦੀ ਸਮੂਹ ਸੰਗਤ ਸ਼ਾਮਿਲ ਹੋਵੇਗੀ।