ਸੰਕੇਤਕ ਤਸਵੀਰ
ਨਵੀਂ ਦਿੱਲੀ, ਜੂਨ 12, 2019 : ਅਹਿਮਦਾਬਾਦ ਦੀ ਵਿਸ਼ੇਸ਼ ਐਨ.ਆਈ.ਏ ਕੋਰਟ ਨੇ ਮੰਗਲਵਾਰ ਨੂੰ ਮੁੰਬਈ ਦੇ ਕਾਰੋਬਾਰੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਜਿਸਨੇ ਅਕਤੂਬਰ 2017 'ਚ ਜੈੱਟ ਏਅਰਵੇਜ਼ ਦੇ ਹਵਾਈ ਜਹਾਜ਼ ਨੂੰ ਉਡਾਣ ਸਮੇਂ ਹਾਈਜੈਕ ਹੋਣ ਦੀ ਅਫਵਾਹ ਫੈਲਾਈ ਸੀ। ਕਾਰੋਬਾਰੀ ਨੂੰ ਕੋਰਟ ਨੇ ਸਜ਼ਾ ਦੇ ਨਾਲ 5 ਕਰੋੜ ਰੁਪਏ ਜੁਰਮਾਨਾ ਵੀ ਲਗਾਇਆ। ਅਦਾਲਤ ਨੇ ਕਿਹਾ ਕਿ ਦੋਸ਼ੀ ਤੋਂ ਵਸੂਲੀ ਜਾਣ ਵਾਲੀ 5 ਕਰੋੜ ਰੁਪਏ ਦੀ ਰਕਮ ਫਲਾਈਟ ਚ ਮੌਜੂਦ ਪਾਈਲਟ ਨੂੰ 1 ਲੱਖ ਰੁਪਏ, ਸਾਰੀਆਂ ਏਅਰਹੋਸਟੇਸ ਨੂੰ 50-50 ਹਜ਼ਾਰ ਰੁਪਏ ਅਤੇ ਸਾਰੇ ਯਾਤਰੀਆਂ ਨੂੰ 25-25 ਹਜ਼ਾਰ ਰੁਪਏ ਦਾ ਮੁਆਵਜ਼ਾ ਵਜੋਂ ਵੰਡੀ ਜਾਵੇਗੀ।
ਬਿਰਜੂ ਕਿਸ਼ੋਰ ਸੱਲਾ ਨਾਮੀ ਕਾਰੋਬਰੀ ਨੇ ਹਵਾਈ ਜਹਾਜ਼ ਦੇ ਟਾਇਲਟ ਵਿਚ ਅੰਗਰੇਜ਼ੀ ਅਤੇ ਉਰਦੂ ਵਿਚ ਹਾਈਜੈਕ ਕਰਨ ਦੀ ਧਮਕੀ ਭਰਿਆ ਨੋਟ ਛੱਡ ਦਿੱਤਾ ਸੀ, ਜਿਸ ਨਾਲ ਡਰ ਦਾ ਮਾਹੌਲ ਪੈਦਾ ਹੋ ਗਿਆ ਸੀ। ਇਹ ਫਲਾਈਟ ਮੁੰਬਈ ਤੋਂ ਦਿੱਲੀ ਜਾ ਰਹੀ ਸੀ। ਚਿੱਠੀ ਮਿਲਣ ਮਗਰੋਂ ਜਹਾਜ਼ ਨੰਬਰ 9W-339 ਨੂੰ ਸੁਰੱਖਿਆ ਕਾਰਨਾਂ ਦੇ ਮੱਦੇਨਜ਼ਰ ਅਹਿਮਦਾਬਾਦ ਦੇ ਸਰਦਾਰ ਬੱਲਭ ਭਾਈ ਪਟੇਲ ਆਲਮੀ ਹਵਾਈ ਅੱਡੇ ਲਈ ਰਵਾਨਾ ਕੀਤਾ ਗਿਆ ਸੀ। ਇਸ ਤੋਂ ਬਾਅਦ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ ਸੀ।
ਜਾਂਚ ਚ ਸਾਹਮਣੇ ਆਇਆ ਕਿ ਬਿਰਜੂ ਨੇ ਇਹ ਕਰਤੂਤ ਪੂਰੀ ਤਰ੍ਹਾਂ ਜਾਣਬੁੱਝ ਕੇ ਕੀਤੀ ਸੀ ਤੇ ਉਸ ਦਾ ਮਕਸਦ ਫਲਾਈਟ ਦੇ ਕਾਰਗੁਜ਼ਾਰੀ ਚ ਮੁਸ਼ਕਲਾਂ ਪੈਦਾ ਕਰਨਾ ਸੀ। ਐਨਆਈਏ ਨੇ ਕਿਹਾ ਕਿ ਬਿਰਜੂ ਦੀ ਇਸ ਹਰਕਤ ਕਾਰਨ ਜਹਾਜ਼ ਚ ਮੌਜੂਦ ਯਾਤਰੀਆਂ ਅਤੇ ਕਰੂ ਮੈਂਬਰਾਂ ਦੀ ਜਾਨ ਖਤਰੇ ਚ ਪੈ ਗਈ ਸੀ।