ਨਵਾਂ ਸ਼ਹਿਰ, 12 ਜੂਨ, 2019 : ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਪੰਜਾਬ ਸ੍ਰੀ ਤਿ੍ਰਪਤ ਰਜਿੰਦਰ ਸਿੰਘ ਬਾਜਵਾ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਰਾਜ ਦੇ ਪੇਂਡੂ ਛੱਪੜਾਂ ਨੂੰ 15 ਦਿਨਾਂ ’ਚ ਸਾਫ਼ ਕਰਨ ਦੇ ਰੱਖੇ ਟੀਚੇ ਨੂੰ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਜ਼ਿਲ੍ਹੇ ਦੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਮਨਰੇਗਾ ਅਤੇ ਹੋਰ ਵਸੀਲਿਆਂ ਰਾਹੀਂ 194 ਛੱਪੜਾਂ ਨੂੰ ਨਵੀਂ ਦਿੱਖ ਦੇਣ ਲਈ ਜੰਗੀ ਪੱਧਰ ’ਤੇ ਕੰਮ ਸ਼ੁਰੂ ਕੀਤਾ ਹੋਇਆ ਹੈ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸਰਬਜੀਤ ਸਿੰਘ ਵਾਲੀਆ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡਾਂ ਦੇ ਛੱਪੜ ਜਿੱਥੇ ਪਾਣੀ ਦੀਆਂ ਕਈ ਲੋੜਾਂ ਪੂਰੀਆਂ ਕਰਦੇ ਹਨ ਉੱਥੇ ਇਹ ਛੱਪੜ ਮੀਂਹ ਦਾ ਪਾਣੀ ਇਕੱਠਾ ਕਰਕੇ ਧਰਤੀ ਹੇਠਲੇ ਪਾਣੀ ਦਾ ਪੱਧਰ ਉੱਚਾ ਚੁੱਕਣ ਵਿੱਚ ਸਹਾਈ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਅਧੀਨ ਲਏ ਗਏ ਹਰੇਕ ਪਿੰਡ ਦੇ ਛੱਪੜ ਨੂੰ ਪਹਿਲਾਂ ਖਾਲੀ ਕੀਤਾ ਜਾਵੇਗਾ ਅਤੇ ਫਿਰ ਉਸ ਵਿੱਚੋਂ ਗਾਰ ਕੱਢ ਕੇ ਇਸਦੀ ਸਫਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਵੱਲੋਂ ਜ਼ਮੀਨਾਂ ਵਿਹਲੀਆਂ ਪਈਆਂ ਹੋਣ ਕਾਰਨ ਹੁਣ ਦੇ ਸਮੇਂ ਨੂੰ ਛੱਪੜਾਂ ਦੀ ਸਫ਼ਾਈ ਲਈ ਢੁਕਵਾਂ ਕਰਾਰ ਦਿੱਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚ ਸਫ਼ਾਈ ਲਈ ਲਏ ਗਏ ਛੱਪੜਾਂ ’ਚੋਂ 148 ਦੀ ਡੀ-ਵਾਟਰਿੰਗ ਆਰੰਭੀ ਗਈ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਦੀ ਸਥਿਤੀ ਮੁਤਾਬਕ 65 ਛੱਪੜਾਂ ’ਚੋਂ ਪਾਣੀ ਖਾਲੀ ਕੀਤਾ ਜਾ ਚੁੱਕਾ ਹੈ। ਇਨ੍ਹਾਂ ’ਚੋਂ 32 ’ਚੋਂ ਗਾਰ ਵੀ ਕੱਢੀ ਜਾ ਚੁੱਕੀ ਹੈ ਅਤੇ 18 ਛੱਪੜਾਂ ਨੂੰ ਪਾਣੀ ਕੱਢਣ ਅਤੇ ਗਾਰ ਕੱਢਣ ਬਾਅਦ ਨਵੀਂ ਦਿੱਖ ਮਿਲ ਚੁੱਕੀ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਬਰਸਾਤਾਂ ਦੇ ਮੱਦੇਨਜ਼ਰ ਪਿੰਡਾਂ ਦੇ ਛੱਪੜਾਂ ਦੇ ‘ਓਵਰ ਫ਼ਲੋਅ’ ਹੋ ਕੇ ਜਾਨ-ਮਾਲ ਲਈ ਖਤਰਾ ਬਣਨ ਦੇ ਖਦਸ਼ਿਆਂ ਨੂੰ ਖਤਮ ਕਰਨ ਦੇ ਮੰਤਵ ਨਾਲ ਇਹ ਸਫ਼ਾਈ ਮੁਹਿੰਮ ਆਰੰਭੀ ਗਈ ਹੈ ਅਤੇ ਇਸ ਬਾਕਾਇਦਾ ‘ਸਮਾਂ ਸੀਮਾ’ ਤੈਅ ਕੀਤੀ ਗਈ ਹੈ। ਸ੍ਰੀ ਵਾਲੀਆ ਅਨੁਸਾਰ ਰੋਜ਼ਾਨਾ ਦੀ ਪ੍ਰਗਤੀ ਰਿਪੋਰਟ ਬਾਕਾਇਦਾ ਮੁੱਖ ਦਫ਼ਤਰ ਨੂੰ ਭੇਜੀ ਜਾਂਦੀ ਹੈ।
ਵਧੀਕ ਡਿਪਟੀ ਕਮਿਸ਼ਨਰ ਅਨੁਸਾਰ ਜ਼ਿਲ੍ਹੇ ਦੇ ਬਲਾਕਾਂ ’ਚ ਚੱਲ ਰਹੀ ਛਪੱੜਾਂ ਦੀ ਸਫ਼ਾਈ ਮੁਹਿੰਮ ਤਹਿਤ ਔੜ ਬਲਾਕ ’ਚ 42, ਬਲਾਚੌਰ ਬਲਾਕ ’ਚ 37, ਬੰਗਾ ਬਲਾਕ ’ਚ 48, ਨਵਾਂਸ਼ਹਿਰ ਬਲਾਕ ’ਚ 50 ਅਤੇ ਸੜੋਆ ਬਲਾਕ ’ਚ 17 ਛੱਪੜਾਂ ਦੀ ਸਫ਼ਾਈ ਜੰਗੀ ਪੱਧਰ ’ਤੇ ਵਿੱਢੀ ਗਈ ਹੈ।
ਉਨ੍ਹਾਂ ਕਿਹਾ ਕਿ ਸਫ਼ਾਈ ਕਾਰਜ ਮੁਕੰਮਲ ਹੋਣ ਬਾਅਦ ਇਨ੍ਹਾਂ ਛੱਪੜਾਂ ਦੀ ਸਮਰੱਥਾ ’ਚ ਵਾਧਾ ਹੋ ਜਾਵੇਗਾ, ਜਿਸ ਨਾਲ ਪਾਣੀ ਦੇ ਓਵਰ ਫ਼ਲੋਅ ਦੀ ਸਮੱਸਿਆ ਤੋਂ ਨਿਜਾਤ ਮਿਲੇਗੀ। ਉਨ੍ਹਾਂ ਨੇ ਸਫ਼ਾਈ ਕਾਰਜਾਂ ’ਚ ਲੱਗੀਆਂ ਪੰਚਾਇਤਾਂ, ਮਨਰੇਗਾ ਮਜ਼ਦੂਰਾਂ ਅਤੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਕਰਮਚਾਰੀਆਂ ਦੇ ਆਪਸੀ ਤਾਲਮੇਲ ਦੀ ਸ਼ਲਾਘਾ ਕਰਦੇ ਹੋਏ ਆਖਿਆ ਕਿ ਏਨੇ ਵੱਡੇ ਕੰਮ ਨੂੰ ਏਨੇ ਸਮਾਂਬੱਧ ਢੰਗ ਨਾਲ ਨੇਪਰੇ ਚਾੜ੍ਹਨ ਲਈ ‘ਟੀਮ ਵਰਕ’ ਬਹੁਤ ਜ਼ਰੂਰੀ ਹੈ।