ਲੁਧਿਆਣਾ, 12 ਜੂਨ 2019 - ਫਰੀਦਕੋਟ ਦੇ ਨੌਜਵਾਨ ਜਸਪਾਲ ਸਿੰਘ ਅਤੇ ਸੰਗਰੂਰ ਦੇ ਦੋ ਸਾਲਾ ਬੱਚੇ ਫਤਿਹਵੀਰ ਦੀ ਮੌਤ ਲਈ ਸਿੱਧੇ ਤੌਰ 'ਤੇ ਕੈਪਟਨ ਸਰਕਾਰ ਜ਼ਿੰਮੇਵਾਰ ਹੈ ਅਤੇ ਇਨ੍ਹਾਂ ਦੋਵਾਂ ਦੀ ਮੌਤ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦਾ ਕੁਰਸੀ 'ਤੇ ਬੈਠਣ ਦਾ ਕੋਈ ਹੱਕ ਨਹੀਂ ਰਹਿ ਜਾਂਦਾ ਅਤੇ ਕੈਪਟਨ ਨੂੰ ਇਸ ਦੀ ਨੈਤਿਕ ਤੌਰ 'ਤੇ ਇਸ ਦੀ ਜ਼ਿੰਮੇਵਾਰੀ ਲੈਂਦੇ ਹੋਏ ਤੁਰੰਤ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਉਕਤ ਦੋਸ਼ ਲਗਾਉਂਦੇ ਹੋਏ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਨ੍ਹਾਂ ਦੋਵਾਂ ਦੀ ਮੌਤ ਲਈ ਸਿੱਧੇ ਤੌਰ 'ਤੇ ਜ਼ਿੰਮੇਵਾਰ ਕਰਾਰ ਦਿੱਤਾ। ਵਿਧਾਇਕ ਬੈਂਸ ਅੱਜ ਆਪਣੇ ਕੋਟ ਮੰਗਲ ਸਿੰਘ ਦਫਤਰ ਵਿਖੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੇ।
ਵਿਧਾਇਕ ਬੈਂਸ ਨੇ ਕਿਹਾ ਕਿ ਪਹਿਲਾਂ ਫਰੀਦਕੋਟ ਦੇ ਇੱਕ ਨੌਜਵਾਨ ਜਸਪਾਲ ਸਿੰਘ ਜਿਸਨੂੰ ਪੁਲਿਸ ਹਿਰਾਸਤ ਵਿੱਚ ਰੱਖਿਆ ਹੋਇਆ ਸੀ, ਦੀ ਮੌਤ ਪੁਲਿਸ ਅਧਿਕਾਰੀਆਂ ਦੇ ਸਾਹਮਣੇ ਅਤੇ ਥਾਣੇ ਦੇ ਅੰਦਰ ਹੋਣ ਨਾਲ ਸੂਬੇ ਦੀ ਪੁਲਿਸ ਕਟਿਹਰੇ ਵਿੱਚ ਖੜੀ ਹੋ ਗਈ ਅਤੇ ਅਜੇ ਇਹ ਮਾਮਲਾ ਠੰਡਾ ਵੀ ਨਹੀਂ ਹੋਇਆ ਸੀ ਕਿ ਇਸ ਦੌਰਾਨ ਸੰਗਰੂਰ ਜਿਲ੍ਹੇ ਦੇ ਪਿੰਡ ਭਗਵਾਨਪੁਰਾ ਦੇ ਇੱਕ ਦੋ ਸਾਲਾ ਬੱਚੇ ਫਤਿਹਵੀਰ ਸਿੰਘ ਦੀ ਮੌਤ ਵੀ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਹੋਈ। ਉਨ੍ਹਾਂ ਕਿਹਾ ਕਿ ਜਸਪਾਲ ਸਿੰਘ ਦੀ ਮੌਤ ਹੋਣ ਤੋਂ ਬਾਅਦ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਜਸਪਾਲ ਸਿੰਘ ਦੀ ਲਾਸ਼ ਨੂੰ ਵੀ ਖੁਰਦ ਬੁਰਦ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਲੋਕਾਂ ਦਾ ਗੁੱਸਾ ਭੜਕ ਪਿਆ ਅਤੇ ਉਨ੍ਹਾਂ ਨੂੰ ਫਰੀਦਕੋਟ ਦੇ ਐੱਸਐੱਸਪੀ ਦੇ ਦਫਤਰ ਦਾ ਘਿਰਾਓ ਕਰਨਾ ਪਿਆ, ਦੂਜੇ ਪਾਸੇ ਫਤਿਹਵੀਰ ਸਿੰਘ ਜੋ ਖੇਡਦਾ ਹੋਇਆ ਬੋਰਵੈੱਲ ਵਿੱਚ ਡਿੱਗ ਗਿਆ ਅਤੇ ਜਿਸ ਨੂੰ ਕੱਢਣ ਲਈ ਸੰਗਰੂਰ ਦੇ ਡੀਸੀ ਵੱਲੋਂ ਫੌਜ ਨੂੰ ਨਾ ਬੁਲਾ ਕੇ ਸਗੋਂ ਐੱਨਡੀਆਰਐੱਫ ਨੂੰ ਬੁਲਾਇਆ ਗਿਆ ਪਰ 6 ਦਿਨਾਂ ਤੱਕ ਪ੍ਰਸ਼ਾਸਨ ਦੇ ਅਧਿਕਾਰੀਆਂ ਵਿੱਚ ਸ਼ਾਮਲ ਉੱਥੋਂ ਦੇ ਡੀਸੀ, ਐੱਸਐੱਸਪੀ ਵਰਗੇ ਲੋਕਾਂ ਅਤੇ ਫਤਿਹਵੀਰ ਦੇ ਪਰਿਵਾਰਕ ਮੈਂਬਰਾਂ ਨੂੰ ਗੁੰਮਰਾਹ ਕਰਦੇ ਰਹੇ, ਜਦੋਂ ਕਿ ਫਤਿਹਵੀਰ ਬੋਰਵੈਲ ਚੋਂ ਨਿਕਲਣ ਤੋਂ ਪਹਿਲਾਂ ਹੀ ਇਸ ਦੁਨੀਆਂ ਨੂੰ ਛੱਡ ਚੁੱਕਾ ਸੀ। ਡਿਜੀਟਲ ਇੰਡੀਆ ਬਣਾਉਣ ਦਾ ਦਾਅਵਾ ਕਰਨ ਵਾਲਾ ਪ੍ਰਸ਼ਾਸਨ ਸਮੇਤ ਸੂਬੇ ਦੀ ਸਰਕਾਰ ਫਤਿਹਵੀਰ ਨੂੰ ਬਾਹਰ ਕੱਢਣ ਲਈ ਵੀ ਜੁਗਾੜ ਹੀ ਲਗਾਉਂਦੀ ਰਹੀ, ਜਿਸ ਲਈ ਸੰਗਰੂਰ ਦੇ ਡੀਸੀ, ਐੱਸਐੱਸਪੀ ਅਤੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਿੱਧੇ ਤੌਰ ਤੇ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਫਤਿਹਵੀਰ ਨੂੰ 6 ਦਿਨਾਂ ਬਾਦ ਬੋਰਵੈੱਲ ਚੋਂ ਕੱਢਿਆ ਗਿਆ ਅਤੇ 5 ਦਿਨ ਤੱਕ ਸਰਕਾਰ ਸੁੱਤੀ ਰਹੀ ਅਤੇ ਪੰਜਵੇਂ ਦਿਨ ਵੀ ਮੁੱਖ ਮੰਤਰੀ ਦੀ ਜਾਗ ਖੁੱਲੀ ਤਾਂ ਉਨ੍ਹਾਂ ਟਵੀਟ ਕੀਤਾ। ਉਨ੍ਹਾਂ ਕਿਹਾ ਕਿ ਕਿੰਨੀ ਸ਼ਰਮਨਾਕ ਗੱਲ ਹੈ ਕਿ ਇੱਕ ਸੂਬੇ ਦਾ ਮੁੱਖ ਮੰਤਰੀ 5 ਦਿਨ ਬਾਦ ਸੂਬੇ ਵਿੱਚ ਇੰਨੀ ਵੱਡੀ ਘਟਨਾ ਸਬੰਧੀ ਜਾਣਕਾਰੀ ਮੰਗਦਾ ਹੈ, ਜਿਸ ਤੋਂ ਸਾਫ ਹੈ ਕਿ ਮੁੱਖ ਮੰਤਰੀ ਨੂੰ ਸੂਬੇ ਦੇ ਲੋਕਾਂ ਦੀ ਕੋਈ ਪਰਵਾਹ ਨਹੀਂ ਹੈ ਅਤੇ ਦੂਜੇ ਪਾਸੇ ਜਸਪਾਲ ਸਿੰਘ ਅਤੇ ਫਤਿਹਵੀਰ ਸਿੰਘ ਦੀ ਹੋਈ ਮੌਤ ਨਾਲ ਸਾਬਿਤ ਹੋ ਗਿਆ ਹੈ ਕਿ ਸੂਬੇ ਵਿੱਚ ਸਿਵਲ ਪ੍ਰਸ਼ਾਸਨ ਅਤੇ ਪੁਲਸ ਪ੍ਰਸ਼ਾਸਨ ਫੇਲ ਹੋ ਚੁੱਕਾ ਹੈ ਅਤੇ ਜਿਸ ਦੀ ਪੂਰੀ ਜ਼ਿੰਮੇਵਾਰੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹੈ ਅਤੇ ਹੁਣ ਮੁੱਖ ਮੰਤਰੀ ਨੂੰ ਇਸ ਕੁਰਸੀ ਤੇ ਬੈਠਣਾਂ ਨਹੀਂ ਚਾਹੀਦਾ ਅਤੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ।