ਮਿੱਤਰ ਸੈਨ ਸ਼ਰਮਾ
ਮਾਨਸਾ, 12 ਜੂਨ 2019: ਪਿੰਡ ਜਵਾਹਰਕੇ ਦੇ ਰਜਬਾਹੇ ਵਿੱਚ ਪੈ ਰਹੇ ਗੰਦੇ ਪਾਣੀ 'ਤੇ ਨੋਟਿਸ ਲੈਂਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਨੇ ਅੱਜ ਨਹਿਰੀ ਵਿਭਾਗ, ਪ੍ਰਦੂਸ਼ਣ ਕੰਟਰੋਲ ਬੋਰਡ, ਨਗਰ ਕੌਂਸਲ ਅਤੇ ਵਾਟਰ ਸਪਲਾਈ ਵਿਭਾਗ ਦੇ ਅਧਿਕਾਰੀਆਂ ਨਾਲ ਇਕ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਪਿੰਡ ਜਵਾਹਰਕੇ ਦੇ ਰਜਬਾਹੇ ਵਿੱਚ ਪੈ ਰਹੇ ਗੰਦੇ ਪਾਣੀ ਦਾ ਇਕ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਲੋਕਾਂ ਵੱਲੋਂ ਘਰਾਂ ਦਾ ਪਾਣੀ ਰਜਬਾਹੇ 'ਚ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਰਜਬਾਹੇ ਵਿੱਚੋਂ ਮਾਨਸਾ ਦੇ ਵਾਟਰ ਵਰਕਸ ਅਤੇ ਆਸ–ਪਾਸ ਦੇ ਪਿੰਡਾਂ ਨੂੰ ਪਾਣੀ ਮੁਹੱਈਆ ਹੁੰਦਾ ਹੈ, ਜਿਸ ਕਾਰਨ ਇਸ ਪਾਣੀ ਨੂੰ ਜ਼ਹਿਰੀਲਾ ਹੋਣ ਤੋਂ ਬਚਾਉਣ ਦੀ ਲੋੜ ਹੈ।
ਉਨ੍ਹਾਂ ਇਸ ਸਬੰਧੀ ਸਮੂਹ ਅਧਿਕਾਰੀਆਂ ਨੂੰ ਕਿਹਾ ਕਿ ਜ਼ਿਲ੍ਹੇ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਜੁਆਇੰਟ ਸਰਵੇ ਕੀਤਾ ਜਾਵੇ ਅਤੇ ਨਹਿਰਾਂ, ਰਜਬਾਹਿਆਂ ਵਿੱਚ ਪੈਂਦੇ ਘਰੇਲੂ ਅਤੇ ਫੈਕਟਰੀਆਂ ਦੇ ਪਾਣੀ ਨੂੰ ਬੰਦ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ, ਤਾਂ ਜੋ ਉਹ ਘਰਾਂ ਦਾ ਪਾਣੀ ਰਜਬਾਹਿਆਂ ਵਿੱਚ ਨਾ ਪਾਉਣ ਅਤੇ ਉਨ੍ਹਾਂ ਨੂੰ ਪਾਣੀ ਦੀ ਨਿਕਾਸੀ ਦਾ ਕੋਈ ਹੋਰ ਬਦਲ ਅਤੇ ਵਿਊਂਤਬੰਦੀ ਦੱਸੀ ਜਾਵੇ ਅਤੇ ਕਿਸੇ ਵੀ ਹਾਲਤ ਵਿੱਚ ਘਰਾਂ ਦਾ ਪਾਣੀ ਰਜਬਾਹੇ 'ਚ ਨਹੀਂ ਪੈਣਾਂ ਚਾਹੀਦਾ। ਉਨ੍ਹਾਂ ਕਿਹਾ ਕਿ ਜੇਕਰ ਇਸ ਦੇ ਬਾਵਜ਼ੂਦ ਘਰੇਲੂ ਪਾਣੀ ਰਜਬਾਹਿਆਂ ਵਿੱਚ ਪਾਉਣਾ ਬੰਦ ਨਾ ਕੀਤਾ ਗਿਆ, ਤਾਂ ਸਖ਼ਤ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ 'ਚ ਹਰ ਥਾਂ ਬੋਰਵੈੱਲ ਚੈੱਕ ਕੀਤੇ ਜਾਣ ਅਤੇ ਖੁੱਲ੍ਹੇ ਬੋਰਵੈੱਲਾਂ ਨੂੰ ਤੁਰੰਤ ਬੰਦ ਕੀਤਾ ਜਾਵੇ, ਤਾਂ ਜੋ ਕਿਸੇ ਤਰਾਂ ਦੀ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ। ਉਨ੍ਹਾਂ ਕਿਹਾ ਕਿ ਪਾਣੀ ਦੀ ਸ਼ੁੱਧਤਾ ਅਤੇ ਸਪਲਾਈ ਵੱਲੋਂ ਵਿਸ਼ੇਸ਼ ਧਿਆਨ ਦਿੰਦੇ ਹੋਏ ਸਰਵੇ ਕੀਤਾ ਜਾਵੇ ਅਤੇ ਪਾਣੀ ਤੇ ਸੀਵਰੇਜ਼ ਦੇ ਗ਼ੈਰ ਕਾਨੂੰਨੀ ਕੁਨੈਕਸ਼ਨਾਂ ਦੀ ਮੋਨੀਟਰਿੰਗ ਕੀਤੀ ਜਾਵੇ। ਇਸ ਮੌਕੇ ਐਕਸੀਅਨ ਨਹਿਰੀ ਵਿਭਾਗ ਕਰਤਾਰ ਚੰਦ, ਕਾਰਜ ਸਾਧਕ ਅਫ਼ਸਰ ਬਰੇਟਾ ਅਤੇ ਬੁਢਲਾਡਾ ਵਿਜੈ ਜਿੰਦਲ, ਈ.ਓ. ਮਾਨਸਾ ਗੁਰਦਾਸ ਸਿੰਘ, ਐੱਸ.ਡੀ.ਓ. ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਸੁਖਦਰਸ਼ਨ ਗਿੱਲ, ਐਕਸੀਅਨ ਵਾਟਰ ਸਪਲਾਈ ਤੇ ਸੀਵਰੇਜ਼ ਬੋਰਡ ਸ੍ਰੀ ਐੱਸ.ਐੱਸ. ਢਿੱਲੋਂ ਹਾਜ਼ਰ ਸਨ।