← ਪਿਛੇ ਪਰਤੋ
ਮਨਪ੍ਰੀਤ ਸਿੰਘ ਜੱਸੀ
ਅੰਮ੍ਰਿਤਸਰ, 14 ਜੂਨ,2019 : ਸ੍ਰੀ ਗੁਰੂ ਅਰਜਨ ਦੇਵ ਜੀ ਦਾ ਦਿਹਾੜਾ ਮਨਾਉਣ ਲਈ ਦਿੱਲੀ ਅਤੇ ਹੋਰ ਥਾਵਾਂ ਤੋਂ ਆਏ ਸ਼ਰਧਾਲੂ ਭਾਰਤ ਸਰਕਾਰ ਵੱਲੋਂ ਇਜਾਜ਼ਤ ਨਾ ਦੇਣ ਕਾਰਨ ਪਾਕਿਸਤਾਨ ਲਈ ਰਵਾਨਾ ਨਹੀਂ ਹੋ ਸਕੇ।। ਨਾਨਕਸ਼ਾਹੀ ਕਲੰਡਰ ਮੁਤਾਬਿਕ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਨਾਏ ਜਾ ਰਹੇ ਸ਼ਹੀਦੀ ਦਿਹਾੜੇ ਦੀਆਂ ਤਰੀਕਾਂ 'ਚ ਫ਼ਰਕ ਹੋਣ ਕਾਰਨ ਸ਼੍ਰੋਮਣੀ ਕਮੇਟੀ ਵੱਲੋਂ ਇਸ ਵਾਰ ਵੀ ਜਥਾ ਪਾਕਿਸਤਾਨ ਨਹੀਂ ਭੇਜਿਆ ਜਾ ਰਿਹਾ।। ਪਾਕਿਸਤਾਨ ਵੱਲੋਂ ਬੇਸ਼ੱਕ ਗੱਡੀ ਨੂੰ ਵਾਹਗਾ ਸਰਹੱਦ 'ਤੇ ਭੇਜਿਆ ਗਿਆ ਪਰ ਭਾਰਤੀ ਰੇਲਵੇ ਵੱਲੋਂ ਉਸ ਗੱਡੀ ਨੂੰ ਭਾਰਤ ਅੰਦਰ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਗਈ, ਜਿਸ ਕਾਰਨ ਸ਼ਰਧਾਲੂਆਂ ਨੂੰ ਭਾਰੀ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਦੋਂ ਇਸ ਸਬੰਧੀ ਇਸ ਪੱਤਰਕਾਰ ਵੱਲੋਂ ਪਰਮਜੀਤ ਸਿੰਘ ਸਰਨਾ ਸਾਬਕਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਫ਼ੋਨ ਤੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਇਸ ਜਥੇ 'ਚ ਦਿੱਲੀ ਦੇ 25 ਮੈਂਬਰ ਹਨ ਜੋ ਕਿ ਉਨ੍ਹਾਂ ਵੱਲੋਂ ਭੇਜੇ ਗਏ ਹਨ ਕੁਝ ਦਿੱਲੀ ਦੇ ਨਾਲ ਇਲਾਕਿਆਂ ਦੇ ਨਾਲ ਹਨ ਜੋ ਕਿ ਕੁੱਲ 140 ਮੈਂਬਰਾਂ ਦਾ ਇਹ ਜਥਾ ਹੈ। ਸਰਨਾ ਨੇ ਕਿਹਾ ਕਿ ਜਥੇ ਨੂੰ ਪਾਕਿਸਤਾਨ ਜਾਣ ਲਈ ਪੂਰੀ ਕੋਸ਼ਿਸ਼ ਕਰਾਂਗੇ ਅਤੇ ਉੱਚ ਅਧਿਕਾਰੀਆਂ ਨਾਲ ਵੀ ਮੁਲਾਕਾਤ ਕੀਤੀ ਜਾਵੇਗੀ।
Total Responses : 189