ਡੈਪੋ ਬਣਾਏ ਗਏ ਪੰਚਾਂ ਸਰਪੰਚਾਂ ਨੁੂੰ ਨਸ਼ਿਆਂ ਵਿਰੁੱਧ ਸਿਖਲਾਈ ਦਿੱਤੀ ਜਾਵੇਗੀ
ਫਤਹਿਗੜ੍ਹ ਸਾਹਿਬ, 14 ਜੂਨ 2019: ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਨਸ਼ਿਆਂ ਵਿਰੁੱਧ ਵਿੰਢੀ ਮੁਹਿੰਮ ਤਹਿਤ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਨਸ਼ਿਆਂ ਦੇ ਸੌਦਾਗਰਾਂ ਤੇ ਤਿੱਖੀ ਨਜ਼ਰ ਰੱਖੀ ਜਾਵੇ ਤਾਂ ਜੋ ਨੌਜਵਾਨਾਂ ਨੁੰ ਨਸ਼ਿਆਂ ਦੀ ਲਤ ਤੋਂ ਬਚਾਇਆ ਜਾ ਸਕੇ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਡਾ: ਪ੍ਰਸ਼ਾਂਤ ਕੁਮਾਰ ਗੋਇਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕਾਨਫਰੰਸ ਹਾਲ ਵਿਖੇ ਨਸ਼ਿਆਂ ਦੀ ਰੋਕਥਾਮ ਲਈ ਵੱਖ-ਵੱਖ ਅਧਿਕਾਰੀਆ ਅਤੇ ਜੀ ਓ ਜੀਜ਼ ਦੀ ਸੱਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ।ਉਨ੍ਹਾਂ ਇਸ ਮੌਕੇ ਕਿਹਾ ਕਿ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਲਈ ਸਾਨੂੰ ਲੋਕ ਲਹਿਰ ਪੈਦਾ ਕਰਨ ਦੀ ਲੋੜ ਹੈ। ਜਿਸ ਲਈ ਸਮਾਜ ਸੇਵੀ ਸੰਸਥਾਵਾਂ, ਪੰਚਾਇਤਾਂ, ਯੂਥ ਕਲੱਬਾਂ ਅਤੇ ਹੋਰਨਾਂ ਸੰਸਥਾਵਾਂ ਤੋਂ ਪੂਰਾ ਪੂਰਾ ਸਹਿਯੋਗ ਲਿਆ ਜਾਵੇ।
ਡਿਪਟੀ ਕਮਿਸ਼ਨਰ ਨੇ ਇਸ ਮੌਕੇ ਅਧਿਕਾਰੀਆਂ ਨੂੰ ਬਡੀ ਅਤੇ ਡੈਪੋ ਪ੍ਰੋਗਰਾਮ ਨੁੰ ਹੋਰ ਕਾਰਗਰ ਢੰਗ ਨਾਲ ਚਲਾਉਣ ਦੀਆਂ ਹਦਾਇਤਾਂ ਵੀ ਦਿੱਤੀਆਂ ਤਾਂ ਜੋ ਵੱਧ ਤੋਂ ਵੱਧ ਨੌਜਵਾਨਾਂ ਤੱਕ ਪਹੁੰਚ ਕਰਕੇ ਅਤੇ ਜੋ ਵਿਅਕਤੀ ਨਸ਼ਿਆਂ ਦੀ ਲੱਤ ਵਿੱਚ ਫਸੇ ਹੋਏ ਹਨ ਉਨ੍ਹਾਂ ਨੁੰ ਨਸ਼ਿਆਂ ਵਿਰੁੱਧ ਲਾਮਬੰਦ ਕੀਤਾ ਜਾ ਸਕੇ। ਉਨ੍ਹਾਂ ਅਧਿਕਾਰੀਆਂ ਨੁੰ ਇਸ ਸਬੰਧੀ ਇੱਕ ਐਕਸ਼ਨ ਪਲਾਨ ਤਿਆਰ ਕਰਨ ਲਈ ਵੀ ਆਖਿਆ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਸਮੂਹ ਐਸ ਡੀ ਐਮਜ਼ ਨੂੰ ਆਖਿਆ ਕਿ ਉਹ ਡੀ ਐਸ ਪੀਜ਼ ਨਾਲ ਮਿਲ ਹਫਤੇ ਵਿੱਚ ਘੱਟੋ ਘੱਟ ਇੱਕ ਪਿੰਡ ਦਾ ਦੌਰਾ ਕਰਕੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਲਾਮਬੰਦ ਕਰਨ ਅਤੇ ਉਸਦੀ ਰਿਪੋਰਟ ਦਫਤਰ ਡਿਪਟੀ ਕਮਿਸ਼ਨਰ ਨੂੰ ਭੇਜੀ ਜਾਵੇ। ਉਨ੍ਹਾਂ ਇਸ ਮੌਕੇ ਵੱਧ ਤੋਂ ਵੱਧ ਡੈਪੋ ਬਣਾਉਣ ਲਈ ਵੀ ਪ੍ਰੇਰਿਤ ਕੀਤਾ ਅਤੇ ਨਸ਼ਿਆਂ ਦੇ ਖਾਤਮੇ ਲਈ ਜੀ.ਓ.ਜੀਜ ਤੋਂ ਹਰ ਤਰ੍ਹਾਂ ਦਾ ਸਹਿਯੋਗ ਲੈਣ ਲਈ ਵੀ ਆਖਿਆ।
ਡਿਪਟੀ ਕਮਿਸ਼ਨਰ ਨੇ ਇਸ ਮੌਕੇ ਕਿਹਾ ਕਿ ਵਿੱਦਿਅਕ ਸੰਸਥਾਵਾਂ ਵਿੱਚ ਨਸ਼ਿਆਂ ਵਿਰੁੱਧ ਜਾਗਰੂਕਤਾ ਲਹਿਰ ਪੈਦਾ ਕਰਨ ਲਈ ਬੱਚਿਆਂ ਦੇ ਵੱਖ ਵੱਖ ਮੁਕਾਬਲੇ ਕਰਵਾਏ ਜਾਣ ਇਸ ਤੋਂ ਇਲਾਵਾ ਜਾਗਰੂਕਤਾ ਰੈਲੀਆਂ ਅਤੇ ਨੁੱਕੜ ਨਾਟਕ ਕਰਵਾਏ ਜਾਣ ਤਾਂ ਜੋ ਨਸ਼ਿਆਂ ਵਿਰੁੱਧ ਜਾਗਰੂਕਤਾ ਲਹਿਰ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ। ਡਿਪਟੀ ਕਮਿਸ਼ਨਰ ਨੇ ਸਮੂਹ ਐਸ ਡੀ ਐਮਜ਼ ਨੂੰ ਪਿੰਡਾਂ ਦੇ ਨਾਲ ਨਾਲ ਸ਼ਹਿਰਾਂ ਵਿੱਚ ਵਾਰਡ ਪੱਧਰ ਤੇ ਵੀ ਨਸ਼ਿਆਂ ਵਿਰੁੱਧ ਜਾਗਰੂਕਤਾ ਪ੍ਰੋਗਰਾਮ ਕਰਾਉਣ ਦੀਆਂ ਹਦਾਇਤਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਨਸ਼ਿਆਂ ਦੇ ਛੁਟਕਾਰੇ ਲਈ ਪੰਜਾਬ ਸਰਕਾਰ ਵੱਲੋਂ ਜ਼ਿਲ੍ਹੇ ਵਿੱਚ ਚਲਾਏ ਜਾ ਰਹੇ ਮੁੜ ਵਸੇਬਾ ਕੇਂਦਰਾਂ ਅਤੇ ਓਟ ਕਲੀਨਿਕਾਂ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਜਿੱਥੇ ਕੇ ਨਸ਼ੇ ਦੀ ਲਤ ਚ ਫਸੇ ਵਿਅਕਤੀ ਆਪਣਾ ਇਲਾਜ ਕਰਵਾ ਕੇ ਮੁੜ ਤੋਂ ਆਪਣੀ ਜਿੰਦਗੀ ਆਮ ਵਿਅਕਤੀ ਵਾਂਗ ਬਤੀਤ ਕਰ ਸਕਣ।
ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਸ੍ਰੀਮਤੀ ਅਮਨੀਤ ਕੌਂਡਲ ਨੇ ਦੱਸਿਆ ਕਿ ਪੁਲਿਸ ਵੱਲੋਂ ਜ਼ਿਲ੍ਹੇ ਵਿੱਚ ਨਸ਼ਿਆਂ ਵਿਰੁੱਧ ਲੋਕਾਂ ਨੁੂੰ ਲਾਮਬੰਦ ਕਰਨ ਲਈ ਵੱਖ ਵੱਖ ਜਾਗਰੂਕਤਾ ਪ੍ਰੋਗਰਾਮ ਕਰਵਾਏ ਜਾ ਰਹੇ ਹਨ ਅਤੇ ਨਸ਼ਾ ਵੇਚਣ ਵਾਲਿਆਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ। ਨਸ਼ਿਆਂ ਦੇ ਸੌਦਾਗਰਾਂ ਨੁੰ ਨੌਜਵਾਨਾਂ ਦੀ ਜਿੰਦਗੀ ਨਾਲ ਖਿਲਵਾੜ ਕਰਨ ਦੀ ਆਖਿਆ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜੇਕਰ ਕੋਈ ਵਿਅਕਤੀ ਨਸ਼ਿਆਂ ਦੇ ਸ਼ੋਦਾਗਰ ਸਬੰਧੀ ਪੁਲਿਸ ਨੁੰ ਸੂਚਨਾ ਦੇਵੇਗਾ ਤਾਂ ਉਸਦਾ ਨਾਂ ਗੁਪਤ ਰੱਖਿਆ ਜਾਵੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ(ਜਨਰਲ) ਸ੍ਰੀ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਜਿਹੜੇ ਪੰਚਾਂ ਸਰਪੰਚਾਂ ਨੂੰ ਡੈਪੋ ਬਣਾਇਆ ਗਿਆ ਹੈ। ਉਨ੍ਹਾਂ ਨੂੰ ਮਾਸਟਰ ਟ੍ਰੇਨਰਜ਼ ਰਾਹੀਂ ਐਂਟੀ ਡਰੱਗ ਸਬੰਧੀ ਟ੍ਰੇਨਿੰਗ ਦਿੱਤੀ ਜਾਵੇਗੀ ਅਤੇ ਉਨ੍ਹਾਂ ਨੂੰ ਡੈਪੋ ਆਈ ਕਾਰਡ ਵੀ ਮੁਹੱਈਆ ਕਰਵਾਏ ਜਾਣਗੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ.ਜਗਵਿੰਦਰਜੀਤ ਸਿੰਘ,ਐਸ ਪੀ ਡੀ ਹਰਪਾਲ ਸਿੰਘ,ਐਸ ਡੀ ਐਮ ਫਤਹਿਗੜ੍ਹ ਸਾਹਿਬ, ਐਸ ਡੀ ਐਮ ਅਮਲੋਹ ਆਨੰਦ ਸਾਗਰ ਸ਼ਰਮਾਂ, ਐਸ ਡੀ ਐਮ ਬਸੀ ਪਠਾਣਾ ਜਗਦੀਸ ਸਿੰਘ ਜੌਹਲ, ਐਸ ਡੀ ਐਮ ਖਮਾਣੋ ਸ੍ਰੀਮਤੀ ਜਸ਼ਨਪ੍ਰੀਤ ਕੌਰ ਗਿੱਲ, ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਪਰਮਜੀਤ ਕੌਰ,ਡੀ ਐਸ ਪੀ ਖਮਾਣੋ ਧਰਮਪਾਲ, ਡੀ ਐਸ ਪੀ ਅਤੁਲ ਸੋਨੀ, ਡੀ ਐਸ ਪੀ ਅਜੈ ਕੁਮਾਰ, ਡੀ ਐਸ ਪੀ ਰਵਿੰੰਦਰ ਸਿੰਘ, ਡਾ:ਮਨਪ੍ਰੀਤ ਸਿੰਘ, ਡਾ: ਦਿਵਜੋਤ ਸਿੰਘ , ਜੀ ਓ ਜੀ ਕਰਨਲ ਅਮਰਜੀਤ ਸਿੰਘ ਚਾਹਲ,ਕੈਪਟਨ ਅਮਰੀਕ ਸਿੰਘ, ਕੈਪਟਨ ਹਰਭਜਨ ਸਿੰਘ, ਡੀ ਡੀ ਪੀ ਓ ਰਵਿੰਦਰ ਸਿੰਘ ਸੰਧੂ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।
ਫੋਟੋ ਕੇਪਸ਼ਨ : ਡਿਪਟੀ ਕਮਿਸ਼ਨਰ ਡਾ ਪ੍ਰਸ਼ਾਂਤ ਕੁਮਾਰ ਗੋਇਲ ਕਾਨਫਰੰਸ ਹਾਲ ਵਿਖੇ ਨਸ਼ਿਆਂ ਦੀ ਰੋਕਥਾਮ ਲਈ ਵੱਖ-ਵੱਖ ਅਧਿਕਾਰੀਆ ਦੀ ਸੱਦੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ। ਉਨ੍ਹਾਂ ਨਾਲ ਜ਼ਿਲ੍ਹਾ ਪੁਲਿਸ ਮੁਖੀ ਸ੍ਰੀਮਤੀ ਅਮਨੀਤ ਕੌਂਡਲ ਵੀ ਦਿਖਾਈ ਦੇ ਰਹੇ ਹਨ।