ਫ਼ਤਹਿਗੜ੍ਹ ਸਾਹਿਬ, 13 ਜੂਨ 2019: ਜ਼ਿਲ੍ਹਾ ਪੁਲੀਸ ਮੁਖੀ ਸ਼੍ਰੀਮਤੀ ਅਮਨੀਤ ਕੌਂਡਲ ਵੱਲੋਂ ਭੈੜੇ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਫ਼ਤਹਿਗੜ੍ਹ ਸਾਹਿਬ ਪੁਲੀਸ ਵੱਲੋਂ ਵੱਖ ਵੱਖ ਸਮਾਗਮਾਂ ਵਿੱਚ ਵੀ.ਵੀ.ਆਈ.ਪੀਜ਼ ਦੀਆਂ ਜੇਬਾਂ ਕੱਟਣ ਵਾਲੇ ਗਰੋਹ ਦੇ ਮਾਸਟਰ ਮਾਈਂਡ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਉਸ ਦੀ ਨਿਸ਼ਾਨਦੇਹੀ 'ਤੇ 48 ਹਜ਼ਾਰ ਰੁਪਏ ਦੀ ਨਗਦੀ ਅਤੇ 03 ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ। ਇਹ ਜਾਣਕਾਰੀ ਐਸ.ਪੀ. (ਡੀ) ਸ. ਹਰਪਾਲ ਸਿੰਘ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸੱਦੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਿੱਤੀ।
ਸ. ਹਰਪਾਲ ਸਿੰਘ ਨੇ ਦੱਸਿਆ ਕਿ ਉਪ ਕਪਤਾਨ ਪੁਲੀਸ ਸ. ਜਸਵਿੰਦਰ ਸਿੰਘ ਦੀ ਅਗਵਾਈ ਵਿੱਚ ਸੀ.ਆਈ.ਏ. ਸਟਾਫ਼ ਇੰਚਾਰਜ ਥਾਣੇਦਾਰ ਅਮਰਪਾਲ ਕੌਰ ਦੀਆਂ ਹਦਾਇਤਾਂ ਮੁਤਾਬਕ ਕਾਰਵਾਈ ਕਰਦਿਆਂ ਏ.ਐਸ.ਆਈ. ਨਰਿੰਦਰ ਸਿੰਘ ਵੱਲੋਂ ਵੀ.ਵੀ.ਆਈ.ਪੀਜ਼ ਦੀਆਂ ਜੇਬਾਂ ਕੱਟੜ ਵਾਲੇ ਅੰਤਰ ਰਾਜੀ ਗਰੋਹ ਦੇ ਮਾਸਟਰ ਮਾਈਂਡ ਤੇਜਿੰਦਰ ਸਿੰਘ ਉਰਫ਼ ਰਾਜੂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਤੇਜਿੰਦਰ ਸਿੰਘ ਆਪਣੀ ਪਾਰਟੀ ਸਮੇਤ ਵੱਖ-ਵੱਖ ਵੀ.ਵੀ.ਆਈ.ਪੀਜ਼ ਦੇ ਪ੍ਰੋਗਰਾਮਾਂ ਵਿੱਚ ਜਾਂਦਾ ਸੀ। ਇਹ ਗਰੋਹ ਖ਼ੁਦ ਨੂੰ ਹਾਈ ਪ੍ਰੋਫਾਈਲ ਦਿਖ ਦੇ ਕੇ ਪ੍ਰੋਗਰਾਮਾਂ ਵਿੱਚ ਸਟੇਜ 'ਤੇ ਜਾ ਕੇ ਹੀ ਵੀ.ਵੀ.ਆਈ.ਪੀਜ਼ ਦੀਆਂ ਜੇਬਾਂ ਕੱਟ ਲੈਂਦਾ ਸੀ। ਇਸ ਗਰੋਹ ਨੇ ਕੁਝ ਦਿਨ ਪਹਿਲਾਂ ਅਮਲੋਹ, ਫ਼ਤਹਿਗੜ੍ਹ ਸਾਹਿਬ, ਭੁੱਚੋ ਮੰਡੀ, ਮਾਨਸਾ, ਪਟਿਆਲਾ, ਮਾਲੇਰਕੋਟਲਾ ਅਤੇ ਸੰਗਰੂਰ ਵਿਖੇ ਹੋਏ ਸਿਆਸੀ ਪ੍ਰੋਗਰਾਮਾਂ ਵਿੱਚ ਵੀ.ਵੀ.ਆਈ.ਪੀਜ਼ ਦੀਆਂ ਜੇਬਾਂ ਕੱਟੀਆਂ ਸਨ। ਅਜਿਹੀ ਹੀ ਇਕ ਘਟਨਾ ਸਬੰਧੀ 29 ਮਈ 2019 ਨੂੰ ਇਕ ਕੇਸ ਥਾਣਾ ਅਮਲੋਹ ਵਿਖੇ ਦਰਜ ਕੀਤਾ ਗਿਆ ਸੀ, ਜਿਸ ਵਿੱਚ ਰਜਿੰਦਰ ਸਿੰਘ ਉਰਫ਼ ਮਿੰਨਾ ਵਾਸੀ ਤਾਜਪੁਰ ਰੋਡ, ਥਾਣਾ ਟਿੱਬਾ ਜ਼ਿਲ੍ਹਾ ਲੁਧਿਆਣਾ, ਕਰਨ ਕੁਮਾਰ ਉਰਫ਼ ਰਾਹੁਲ ਉਰਫ਼ ਅੰਗਰੇਜ਼ ਉਰਫ ਲਾਟੂ ਵਾਸੀ ਗੁਰਬਚਨ ਕਲੋਨੀ, ਲੋਹਾਰਾ ਥਾਣਾ ਡਾਬਾ ਜ਼ਿਲ੍ਹਾ ਲੁਧਿਆਣਾ, ਰਾਜੇਸ਼ ਬਾਂਸਲ ਉਰਫ਼ ਜੌਨੀ ਵਾਸੀ ਲੁਧਿਆਣਾ ਅਤੇ ਤੇਜਿੰਦਰ ਸਿੰਘ ਉਰਫ ਰਾਜਾ ਵਾਸੀ ਲੁਧਿਆਣਾ ਨੂੰ ਨਾਮਜ਼ਦ ਕੀਤਾ ਗਿਆ ਸੀ।
ਸ. ਹਰਪਾਲ ਸਿੰਘ ਨੇ ਦੱਸਿਆ ਕਿ ਪੁੱਛ ਪੜਤਾਲ ਦੌਰਾਨ ਮੁਲਜ਼ਮ ਪਾਸੋਂ ਅਹਿਮ ਖ਼ੁਲਾਸੇ ਹੋਣ ਦੀ ਉਮੀਦ ਹੈ ਤੇ ਇਸ ਗਰੋਹ ਦੇ ਇਕ ਮੈਂਬਰ ਰਾਜੇਸ਼ ਬਾਂਸਲ ਉਰਫ਼ ਜੌਨੀ ਨੂੰ ਹਾਲੇ ਗ਼੍ਰਿਫ਼ਤਾਰ ਕੀਤਾ ਜਾਣਾ ਬਾਕੀ ਹੈ।
ਫੋਟੋ ਕੈਪਸ਼ਨ: ਐਸ.ਪੀ. (ਡੀ) ਸ. ਹਰਪਾਲ ਸਿੰਘ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦੇ ਹੋਏ।