ਜ਼ਿਲ੍ਹਾ ਪੁਲੀਸ ਮੁਖੀ ਸ਼੍ਰੀਮਤੀ ਅਮਨੀਤ ਕੌਂਡਲ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦੇ ਹੋਏ।
ਫ਼ਤਹਿਗੜ੍ਹ ਸਾਹਿਬ, 14 ਜੂਨ 2019: ਜ਼ਿਲ੍ਹੇ ਵਿੱਚ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਸ਼੍ਰੀ ਹਰਪਾਲ ਸਿੰਘ, ਪੀ.ਪੀ.ਐਸ, ਕਪਤਾਨ ਪੁਲਿਸ, (ਇੰਨਵੈਸਟੀਗੇਸ਼ਨ) ਜਿਲ੍ਹਾ ਫਤਿਹਗੜ੍ਹ ਸਾਹਿਬ ਅਤੇ ਸ਼੍ਰੀ ਅਜੈ ਕੁਮਾਰ, ਪੀ.ਪੀ.ਐਸ, ਉਪ ਕਪਤਾਨ ਪੁਲਿਸ, ਐਂਟੀ ਨਾਰਕੋਟਿਕ, ਫਤਹਿਗੜ੍ਹ ਸਾਹਿਬ ਦੀ ਅਗਵਾਈ ਵਿੱਚ ਸੀ.ਆਈ.ਏ ਸਟਾਫ ਸਰਹਿੰਦ ਦੀ ਇੰਚਾਰਜ ਮਹਿਲਾ ਥਾਣੇਦਾਰ ਅਮਰਪਾਲ ਕੌਰ ਨੇ ਸਮੇਤ ਸੀ.ਆਈ.ਏ. ਸਰਹਿੰਦ ਦੀ ਪੁਲਿਸ ਪਾਰਟੀ ਦੇ ਮੁਕੱਦਮਾ ਨੰਬਰ 22 ਮਿਤੀ 30-03-2019 ਅ/ਧ 22-61-85 NDPS Act ਥਾਣਾ ਮੂਲੇਪੁਰ ਵਿੱਚ ਨਾਮਜ਼ਦ ਮੁਲਜ਼ਮ ਪੁਲਕਿਤ ਨੂੰ 4000 ਨਸ਼ੀਲੇ ਟੀਕੇ ਅਤੇ 4000 ਸ਼ੀਸ਼ੀਆਂ (4000 ਨਸ਼ੀਲੇ ਟੀਕਿਆਂ ਦੇ ਸੈੱਟ) ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਹ ਜਾਣਕਾਰੀ ਜ਼ਿਲ੍ਹਾ ਪੁਲੀਸ ਮੁਖੀ ਸ਼੍ਰੀਮਤੀ ਅਮਨੀਤ ਕੌਂਡਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਥਿਤ ਆਪਣੇ ਦਫ਼ਤਰ ਵਿਖੇ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਦਿੱਤੀ।
ਸ਼੍ਰੀਮਤੀ ਅਮਨੀਤ ਕੌਂਡਲ, ਨੇ ਦੱਸਿਆ ਕਿ ਮਿਤੀ 30.03.19 ਨੂੰ ਸੀ.ਆਈ.ਏ ਸਟਾਫ ਸਰਹਿੰਦ ਵੱਲੋ ਮੁਖਬਰੀ ਦੇ ਅਧਾਰ 'ਤੇ ਹੇਮੰਤ ਕੁਮਾਰ ਉਰਫ ਹਨੀ ਵਾਸੀ ਅੰਬਾਲਾ (ਹਰਿਆਣਾ) ਨੂੰ ਪੁੱਲ ਨਹਿਰ ਨਰਵਾਣਾ ਬ੍ਰਾਂਚ, ਪੋਲਾ ਵਿਖੇ ਨਾਕਾਬੰਦੀ ਕਰ ਕੇ 250 ਨਸ਼ੀਲੇ ਟੀਕੇ ਅਤੇ 1937 ਨਸ਼ੀਲੀਆਂ ਸ਼ੀਸ਼ੀਆਂ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਸੀ। ਮੁਲਜ਼ਮ ਹੇਮੰਤ ਕੁਮਾਰ ਉਰਫ ਹਨੀ ਦੇ ਖਿਲਾਫ 30-03-19 ਨੂੰ ਮੁਕੱਦਮਾ ਥਾਣਾ ਮੂਲੇਪੁਰ ਵਿਖੇ ਦਰਜ ਰਜਿਸਟਰ ਕਰਵਾਇਆ ਗਿਆ ਸੀ। ਹੇਮੰਤ ਕੁਮਾਰ ਦੀ ਪੁੱਛਗਿੱਛ ਦੇ ਅਧਾਰ ਤੇ ਇਸ ਦੇ ਸਾਥੀ ਪੁਲਕਿਤ ਉਰਫ ਪੰਕਜ ਉਰਫ ਰੂਬਲ ਵਾਸੀ ਚੰਦਰਪੁਰੀ ਕਲੋਨੀ ਵਾਰਡ ਨੰਬਰ 16 ਨੇੜੇ ਡੀ.ਆਰ.ਐਮ ਦਫਤਰ ਅੰਬਾਲਾ ਕੈਂਟ ਥਾਣਾ ਪੜਾਓ ਜਿਲ੍ਹਾ ਅੰਬਾਲਾ ਨੂੰ ਵੀ ਇਸ ਮੁਕੱਦਮੇ ਵਿੱਚ ਮੁਲਜ਼ਮ ਨਾਮਜ਼ਦ ਕਰ ਕੇ ਮੁਕੱਦਮਾ ਵਿੱਚ ਜੁਰਮ ਅ/ਧ 29 ਐਨਡੀਪੀਐਸ ਐਕਟ ਦਾ ਵਾਧਾ ਕੀਤਾ ਗਿਆ। ਪੁਲਕਿਤ ਕਾਫੀ ਲੰਮੇ ਸਮੇਂ ਤੋਂ ਨਸ਼ੀਲੇ ਟੀਕੇ ਅਤੇ ਸ਼ੀਸ਼ੀਆਂ ਲਿਆ ਕੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਸਪਲਾਈ ਕਰਦਾ ਆ ਰਿਹਾ ਸੀ।
ਜ਼ਿਲ੍ਹਾ ਪੁਲੀਸ ਮੁਖੀ ਨੇ ਦੱਸਿਆ ਕਿ ਪੁਲਕਿਤ ਬਹੁਤ ਹੀ ਚੁਸਤ ਚਲਾਕ ਅਤੇ ਸ਼ਾਤਰ ਦਿਮਾਗ ਹੋਣ ਕਰ ਕੇ ਆਪਣੀ ਗ੍ਰਿਫਤਾਰੀ ਤੋਂ ਬਚਣ ਲਈ ਆਪਣੇ ਟਿਕਾਣੇ ਬਦਲਦਾ ਰਹਿੰਦਾ ਸੀ, ਜਿਸ ਕਾਰਨ ਪੁਲਕਿਤ ਪਰ ਕਰੀਬ ਇੱਕ ਮਹੀਨੇ ਤੋਂ ਖੂਫੀਆ ਤੌਰ ਪਰ ਨਿਗਰਾਨੀ ਰੱਖੀ ਜਾ ਰਹੀ ਸੀ ਤੇ ਕੱਲ੍ਹ ਮਿਤੀ 12-06-2019 ਨੂੰ ਥਾਣੇਦਾਰ ਅਮਰਪਾਲ ਕੌਰ, ਇੰਚਾਰਜ, 391 ਸਟਾਫ ਸਰਹਿੰਦ ਨੂੰ ਇਤਲਾਹ ਮਿਲੀ ਸੀ ਕਿ ਪੁਲਕਿਤ ਭਾਰੀ ਮਾਤਰਾ ਵਿੱਚ ਨਸ਼ੀਲੇ ਟੀਕੇ ਲਿਆ ਕੇ ਵੇਚਣ ਦੀ ਤਾਕ ਵਿੱਚ ਹੈ ਅਤੇ ਅੰਬਾਲਾ ਵਿੱਚ ਹੀ ਆਪਣੇ ਘਰ ਦੇ ਆਸ ਪਾਸ ਹੈ।ਜਿਸ 'ਤੇ ਸੀ.ਆਈ.ਏ. ਇੰਚਾਰਜ ਸਮੇਤ ਪੁਲਿਸ ਪਾਰਟੀ ਕਾਰਵਾਈ ਕਰਦੇ ਹੋਏ ਮੁਲਜ਼ਮ ਪੁਲਕਿਤ ਦੇ ਰਿਹਾਇਸ਼ੀ ਏਰੀਆ ਚੰਦਰਪੁਰੀ ਕਲੋਨੀ ਵਿੱਚ ਪਹੁੰਚੇ ਤਾਂ ਪੁਲਕਿਤ ਆਪਣੇ ਮਕਾਨ ਦੇ ਬਾਹਰੋਂ ਆਪਣੀ ਈਟੀਓਸ ਵਿੱਚ ਬਹੁਤ ਹੀ ਫੁਰਤੀ ਨਾਲ ਸਵਾਰ ਹੋ ਕੇ ਜਾਣ ਲੱਗਾ। ਜਿਸਨੂੰ ਗੱਡੀ ਵਿੱਚ ਬੈਠਦੇ ਵਕਤ ਹੀ ਕਾਬੂ ਕੀਤਾ ਗਿਆ। ਗੱਡੀ ਵਿੱਚੋਂ 4,000 ਨਸ਼ੀਲੇ ਟੀਕਿਆਂ ਦਾ ਸੈਟ (4000 ਟੀਕੇ ਅਤੇ 4000 ਸ਼ੀਸ਼ੀਆਂ) ਬ੍ਰਾਮਦ ਹੋਏ।
ਮੁਲਜ਼ਮ ਪੁਲਕਿਤ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ ਹੋਰ ਵੀ ਕਾਫੀ ਮੁਕੱਦਮਿਆਂ ਵਿੱਚ ਲੋੜੀਂਦਾ ਹੈ, ਜਿਨ੍ਹਾਂ ਵਿੱਚ ਵੀ ਇਸ ਨੂੰ ਗ੍ਰਿਫਤਾਰ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਪੁਲਕਿਤ ਨੇ ਮੁੱਢਲੀ ਪੁੱਛ-ਪੜਤਾਲ ਦੌਰਾਨ ਮੰਨਿਆ ਹੈ, ਕਿ ਉਹ ਪਿਛਲੇ ਤਿੰਨ ਸਾਲਾਂ ਤੋਂ ਨਸ਼ੀਲੇ ਟੀਕੇ ਅਤੇ ਸ਼ੀਸ਼ੀਆਂ ਲਿਆ ਕੇ ਪੰਜਾਬ ਦੇ ਪਟਿਆਲਾ, ਰਾਜਪੁਰਾ, ਮੋਹਾਲੀ, ਰੋਪੜ, ਖੰਨਾ ਅਤੇ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਇਲਾਕਿਆਂ ਵਿੱਚ ਸਪਲਾਈ ਕਰਦਾ ਆ ਰਿਹਾ ਸੀ, ਜਿਸ ਨੇ ਕਰੀਬ ਇੱਕ ਹਫਤਾ ਪਹਿਲਾ 05 ਲੱਖ ਦੇ ਨਸ਼ੀਲੇ ਟੀਕੇ ਆਗਰਾ ਤੋਂ ਲਿਆਂਦੇ ਸਨ, ਜਿਨ੍ਹਾਂ ਵਿੱਚੋਂ ਕਾਫੀ ਟੀਕੇ ਵੇਚ ਚੁੱਕਾ ਹੈ।
ਜ਼ਿਲ੍ਹਾ ਪੁਲੀਸ ਮੁਖੀ ਨੇ ਦੱਸਿਆ ਕਿ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਣਾ ਹੈ, ਜਿਸ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਣੀ ਹੈ, ਕਿ ਉਹ ਇਹ ਨਸ਼ੀਲੇ ਟੀਕੇ ਅਤੇ ਨਸ਼ੀਲੀਆਂ ਸ਼ੀਸ਼ੀਆਂ ਥੋਕ ਵਿੱਚ ਆਗਰਾ ਤੋਂ ਕਿਸ ਵਿਅਕਤੀ ਤੋਂ ਲੈ ਕੇ ਆਇਆ ਸੀ ਅਤੇ ਇਸਨੇ ਕਿਹੜੇ-ਕਿਹੜੇ ਵਿਅਕਤੀਆਂ ਨੂੰ ਇਹ ਨਸ਼ੀਲੇ ਟੀਕੇ ਅਤੇ ਸ਼ੀਸ਼ੀਆਂ ਸਪਲਾਈ ਕੀਤੇ ਹਨ।