ਜਿਲਾ ਬਾਲ ਭਲਾਈ ਕਮੇਟੀ ਦੇ ਅਫਸਰ ਹਰਭਜਨ ਸਿੰਘ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ।
ਫ਼ਤਿਹਗੜ੍ਹ ਸਾਹਿਬ, 14 ਜੂਨ 2019 (ਜੱਜੀ)- ਥਾਣਾ ਸਰਹਿੰਦ ਪੁਲਸ ਨੇ ਜਿਲਾ ਬਾਲ ਭਲਾਈ ਵਿਭਾਗ ਫਤਿਹਗੜ੍ਹ ਸਾਹਿਬ ਦੀ ਸ਼ਿਕਾਇਤ ਤੇ 2 ਔਰਤਾਂ ਸਮੇਤ 4 ਵਿਅਕਤੀਆਂ ਖਿਲਾਫ ਇਕ ਨਾਬਾਲਿਗ ਬੱਚੀ ਤੋਂ ਬਾਲ ਬੰਧੂਆ ਮਜਦੂਰੀ ਕਰਵਾਉਣ, ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਅਤੇ ਕੁੱਟਮਾਰ ਕਰਨ ਸਮੇਤ ਹੋਰ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਹੈ ਅਤੇ ਲੜਕੀ ਨੂੰ ਬਾਲ ਘਰ ਭੇਜ ਦਿੱਤਾ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਜਿਲਾ ਬਾਲ ਸੁਰੱਖਿਆ ਅਫਸਰ ਹਰਭਜਨ ਸਿੰਘ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਉਨ੍ਹਾ ਨੇ ਜਿਲਾ ਬਾਲ ਭਲਾਈ ਕਮੇਟੀ ਦੇ ਮੈਂਬਰ ਐਡਵੋਕੇਟ ਨਰਿੰਦਰ ਸ਼ਰਮਾ, ਮੈਂਬਰ ਅਜੀਤ ਸਿੰਘ, ਸ਼੍ਰੀਮਤੀ ਸਰੂ ਸ਼ਰਮਾ ਕਮ ਪ੍ਰੋਬੇਸ਼ਨਲ ਅਫਸਰ ਅਤੇ ਹਰਪ੍ਰੀਤ ਕੌਰ ਸੋਸ਼ਲ ਵਰਕਰ ਨੇ ਜਾਣਕਾਰੀ ਮਿਲਣ ਤੇ ਹਮਾਯੂੰਪੁਰ ਸਰਹਿੰਦ ਤੋਂ ਇਕ ਨਾਬਾਲਿਗ ਬੱਚੀ ਨੂੰ ਬੰਧੂਆ ਮਜਦੂਰੀ ਕਰਦੇ ਹੋਏ ਇਕ ਪਰਿਵਾਰ ਤੋਂ ਛੁਡਾਇਆ। ਉਕਤ ਬੱਚੀ ਦਾ ਮੈਡੀਕਲ ਕਰਵਾਇਆ ਅਤੇ ਇਸ ਸਬੰਧੀ ਪੁਲਸ ਨੂੰ ਸ਼ਿਕਾਇਤ ਕੀਤੀ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਰਾਣੀ ਪੁੱਤਰੀ ਰਮਨ (ਦੋਨੋ ਨਾਮ ਨਕਲੀ) ਨੇ ਦੋਸ਼ ਲਗਾਇਆ ਕਿ ਉਸਦੀ ਮਾਤਾ ਦੀ ਮੌਤ ਕਰੀਬ 10 ਸਾਲ ਪਹਿਲਾ ਹੋ ਚੁੱਕੀ ਹੈ, ਉਸਦੇ ਪਿਤਾ ਉਸਨੂੰ ਛੱਡਕੇ ਕਿਤੇ ਚਲੇ ਗਏ ਹਨ ਜਿਨਾ ਦਾ ਕੁਝ ਪਤਾ ਨਹੀ ਹੈ। ਉਸਤੋਂ ਬਾਦ ਉਸਦੀ ਮਾਸੀ ਰਾਧਾ (ਨਕਲੀ ਨਾਮ) ਉਸਨੂੰ ਆਪਣੇ ਕੋਲ ਖੰਨੇ ਲੇ ਆਈ। ਜਦੋਂ ਉਹ 9 ਸਾਲ ਦੀ ਸੀ ਤਾਂ ਉਸਦੀ ਮਾਸੀ ਨੇ ਉਸਨੂੰ ਉਸਦੇ ਭਰਾ ਸੁੰਦਰ (ਅਸਲੀ ਨਾਮ ਨਹੀ) ਕੋਲ ਸਰਹਿੰਦ ਛੱਡ ਦਿੱਤਾ। ਉਸਦਾ ਭਰਾ ਸੁੰਦਰ (ਅਸਲੀ ਨਾਮ ਨਹੀ) ਅਨਵਰੀ ਪਤਨੀ ਗੁਲਾਮ ਮੁਹੰਮਦ ਵਾਸੀ ਹਮਾਯੂੰਪੁਰ ਸਰਹਿੰਦ ਵਿਖੇ ਰਹਿੰਦਾ ਸੀ। ਉਸਤੋਂ ਬਾਦ ਅਨਵਰੀ ਅਤੇ ਗੁਲਾਮ ਮੁਹੰਮਦ ਨੇ ਉਸਨੂੰ ਸੁਸ਼ੀਲ ਕੁਮਾਰ ਢੀਗਰਾ ਵਾਸੀ ਹਮਾਯੂੰਪੁਰ ਸਰਹਿੰਦ ਕੋਲ 30 ਹਜਾਰ ਰੁਪਏ ਵਿਚ ਕਥਿਤ ਤੋਰ ਤੇ ਵੇਚ ਦਿੱਤਾ। ਉਸਤੋਂ ਬਾਦ ਉਹ ਸੁਸ਼ੀਲ ਕੁਮਾਰ ਢੀਗਰਾ ਦੇ ਘਰ ਦਾ ਸਾਰਾ ਕੰਮ ਕਰਦੀ ਸੀ ਅਤੇ ਉਨ੍ਹਾ ਦੇ ਛੋਟੇ ਬੱਚੇ ਨੂੰ ਵੀ ਸੰਭਾਲਦੀ ਸੀ। ਸੁਸ਼ੀਲ ਕੁਮਾਰ ਢੀਗਰਾ ਅਤੇ ਉਸਦੀ ਪਤਨੀ ਗੀਤੂ ਢੀਗਰਾ ਕਥਿਤ ਤੋਰ ਤੇ ਉਸ ਨਾਲ ਕੁੱਟਮਾਰ ਕਰਦੇ ਸੀ। ਇਕ ਵਾਰ ਤਾਂ ਰਾਤ ਨੂੰ ਕਰੀਬ 12-1 ਵਜੇ ਸਾਨੀਪੁਰ ਨਹਿਰ ਵਿਚ ਵੀ ਸੁੱਟਣ ਲੱਗੇ ਸੀ। ਕਈ ਵਾਰ ਰਾਤ ਨੂੰ ਬਾਹਰ ਵੀ ਕੱਢ ਦਿੰਦੇ ਸਨ। ਇਕ ਵਾਰ ਸੁਸ਼ੀਲ ਕੁਮਾਰ ਢੀਗਰਾ ਨੇ ਉਸਨੂੰ ਸ਼ਰਾਬ ਪੀ ਕੇ ਹਥੋੜਿਆ ਨਾਲ ਵੀ ਕੁੱਟਮਾਰ ਕੀਤੀ। ਥਾਣਾ ਸਰਹਿੰਦ ਦੇ ਐਸ. ਐੱਚ. ਓ. ਰਜਨੀਸ਼ ਸੂਦ ਨਾਲ ਗੱਲ ਕਰਨ ਤੇ ਉਨ੍ਹਾ ਦੱਸਿਆ ਕਿ ਥਾਣਾ ਸਰਹਿੰਦ ਪੁਲਸ ਨੇ ਡੀ. ਏ. ਲੀਗਲ ਦੀ ਰਾਇ ਲੇ ਕੇ ਸੁਸ਼ੀਲ ਕੁਮਾਰ ਢੀਗਰਾ, ਗੀਤੂ ਢੀਗਰਾ, ਅਨਵਰੀ ਅਤੇ ਗੁਲਾਮ ਮੁਹੰਮਦ ਖਿਲਾਫ ਆਈ. ਪੀ. ਸੀ. ਦੀ ਧਾਰਾ 370, 509, 355, 342, 323, 506, 34 ਦੇ ਤਹਿਤ, 75, 79, 81, 87 ਕੇਅਰ ਐਂਡ ਪ੍ਰੋਟੇਕਸ਼ਨ ਆਫ ਚਿਲਡਰਨ ਐਕਟ 2015, 16 ਬੌਡਡ ਲੇਬਰ ਸਿਸਟਮ ਐਕਟ 1976, ਸੇਕਸ਼ਨ 14 ਚਿਲਡਰਨ ਲੇਬਰ ਐਕਟ 1986 ਦੇ ਤਹਿਤ ਮਾਮਲਾ ਥਾਣਾ ਸਰਹਿੰਦ ਵਿਖੇ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਜਦਕਿ ਹਾਲੇ ਤੱਕ ਕੋਈ ਗ੍ਰਿਫਤਾਰੀ ਨਹੀ ਹੋਈ ਹੈ।