ਅੰਮ੍ਰਿਤਸਰ 15 ਜੂਨ 2019 :- ਅੰਮ੍ਰਿਤਸਰ ਵਿਕਾਸ ਮੰਚ ਨੇ ਏਅਰ ਇੰਡੀਆ ਵੱਲੋਂ 27 ਸਤੰਬਰ 2019 ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਦਿੱਲੀ ਹੁੰਦੇ ਹੋਏ ਟੋਰਾਂਟੋ ਵਾਸਤੇ ਹਫ਼ਤੇ ਵਿੱਚ ਤਿੰਨ ਦਿਨ ਉਡਾਣ ਸ਼ੁਰੂ ਕਰਵਾਉਣ ਲਈ ਸ਼ਹਿਰੀ ਹਵਾਬਾਜੀ ਮੰਤਰੀ ਸ. ਹਰਦੀਪ ਸਿੰਘ ਪੁਰੀ ਦਾ ਧੰਨਵਾਦ ਕਰਦੇ ਹੋਏ ਮੰਗ ਕੀਤੀ ਕਿ ਇਸ ਦਾ ਰੂਟ ਅੰਮ੍ਰਿਤਸਰ -ਦਿੱਲੀ- ਟੋਰਾਂਟੋ ਦੀ ਥਾਂ `ਤੇ ਦਿੱਲੀ- ਅੰਮ੍ਰਿਤਸਰ- ਟੋਰਾਂਟੋ ਤੇ ਵਾਪਸੀ ਦਾ ਟੋਰਾਂਟੋ- ਅੰਮ੍ਰਿਤਸਰ- ਦਿੱਲੀ ਕੀਤਾ ਜਾਵੇ । ਪੁਰੀ ਸਾਹਿਬ ਨੂੰ ਲਿਖੇ ਇੱਕ ਪੱਤਰ ਵਿੱਚ ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਕਿਹਾ ਕਿ ਟੋਰਾਂਟੋ ਪੱਛਮ ਵਿਚ ਹੋਣ ਕਰਕੇ ਅੰਮ੍ਰਿਤਸਰ ਤੋਂ ਵਾਪਸ ਉਡਾਣ ਦਿੱਲੀ ਖੜਨ ਦੀ ਕੋਈ ਤੁਕ ਨਹੀਂ।
ਇਹ ਅੰਮ੍ਰਿਤਸਰ ਤੋਂ ਟੋਰਾਂਟੋ ਜਾਣੀ ਚਾਹੀਦੀ ਹੈ ਤੇ ਵਾਪਸੀ ਵੇਲੇ ਟੋਰਾਂਟੋ ਤੋਂ ਸਿੱਧੀ ਅੰਮ੍ਰਿਤਸਰ ਆਉਣੀ ਚਾਹੀਦੀ ਹੈ ਕਿਉਂਕਿ ਅੰਮ੍ਰਿਤਸਰ ਰਸਤੇ ਵਿਚ ਪੈਂਦਾ ਤੇ ਫਿਰ ਅੰਮ੍ਰਿਤਸਰ ਤੋਂ ਦਿੱਲੀ ਜਾਣੀ ਚਾਹੀਦੀ ਹੈ। ਦੂਸਰਾ ਇਸ ਵਿਚ 90 % ਤੋਂ ਉਪਰ ਸੁਆਰੀਆਂ ਅੰਮ੍ਰਿਤਸਰ ਦੀਆਂ ਹੋਣਗੀਆਂ। ਅੰਮ੍ਰਿਤਸਰ ਵਿਕਾਸ ਮੰਚ ਵਲੋਂ ਮਾਨਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਅੰਮ੍ਰਿਤਸਰ ਹਵਾਈ ਅੱਡੇ ਤੋਂ ਸਿੱਧੀਆਂ ਉਡਾਣਾਂ ਸ਼ੁਰੂ ਕਰਵਾਉਣ ਲਈ ਪਾਈ ਇਕ ਜਨਹਿੱਤ ਪਟੀਸ਼ਨ ਦੀ ਸੁਣਵਾਈ ਕਰਦੇ ਹੋਏ ਮਾਨਯੋਗ ਚੀਫ਼ ਜਸਟਿਸ ਨੇ ਏਅਰ ਇੰਡੀਆ ਦੀ ਦਿੱਲੀ-ਅੰਮ੍ਰਿਤਸਰ-ਦਿੱਲੀ-ਬਰਮਿੰਘਮ ਉਡਾਣ ਨੂੰ ਅੰਮ੍ਰਿਤਸਰ ਤੋਂ ਵਾਪਿਸ ਦਿੱਲੀ ਖੜਨ ਨੂੰ ਉਲਟੀ ਗੰਗਾ ਵਹਾਉਣਾ ਕਰਾਰ ਦਿੱਤਾ ਸੀ।
ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਕਿਹਾ ਕਿ ਅਦਾਲਤ ਦਾ ਕਹਿਣਾ ਸੀ ਇਸ ਨੂੰ ਅੰਮ੍ਰਿਤਸਰ ਤੋਂ ਦਿੱਲੀ ਵਾਪਿਸ ਆਉਣ ਦੀ ਥਾਂ `ਤੇ ਸਿੱਧਾ ਬਰਮਿੰਘਮ ਜਾਣਾ ਚਾਹੀਦਾ ਹੈ ਤੇ ਵਾਪਸੀ ਵੇਲੇ ਅੰਮ੍ਰਿਤਸਰ ਆ ਕੇ ਫਿਰ ਦਿੱਲੀ ਜਾਣਾ ਚਾਹੀਦਾ ਹੈ । ਅਦਾਲਤ ਦਾ ਇਹ ਵੀ ਕਹਿਣਾ ਸੀ ਕਿ ਏਅਰ ਇੰਡੀਆ ਵਲੋਂ ਸਮੇਂ ਤੇ ਪੈਸੇ ਦੀ ਬਰਬਾਦੀ ਤੇ ਯਾਤਰੂਆਂ ਦੀ ਖ਼ੱਜਲ ਖ਼ੁਆਰੀ ਕਿਉਂ ਕੀਤੀ ਜਾ ਰਹੀ? ਇਸ ਦੇ ਬਾਵਜੂਦ ਏਅਰ ਇੰਡੀਆ ਨੇ ਕੋਈ ਸਬਕ ਨਹੀਂ ਸਿੱਖਿਆ ਤੇ ਮੁੜ ਉਸ ਰੂਟ `ਤੇ ਦੁਬਾਰਾ ਉਡਾਣ ਸ਼ੁਰੂ ਕੀਤੀ ਜਾ ਰਹੀ। ਇਹੋ ਕਾਰਨ ਹੈ ਕਿ ਇਸ ਸ਼ੁਰੂ ਕੀਤੀ ਜਾ ਰਹੀ ਉਡਾਣ ਦੀ ਚਾਰ ਚੁਫੇਰਿਉਂ ਨਖੇਧੀ ਹੋ ਰਹੀ ਹੈ।
ਉਨ੍ਹਾਂ ਕਿਹਾ ਕਿ ਅਸਲ ਵਿਚ ਦਿੱਲੀ ਪ੍ਰਾਈਵੇਟ ਹਵਾਈ ਅੱਡਾ ਹੈ ,ਜਦ ਕਿ ਅੰਮ੍ਰਿਤਸਰ ਸਰਕਾਰੀ ਹੈ। ਯੂ ਪੀ ਏ ਸਰਕਾਰ ਨੇ ਦਿੱਲੀ ਹਵਾਈ ਅੱਡੇ ਨੂੰ ਲਾਭ ਪਹੁੰਚਾਉਣ ਲਈ ਦਿੱਲੀ ਨੂੰ ਹੱਬ ਬਣਾ ਕੇ ਅੰਮ੍ਰਿਤਸਰ ਸਮੇਤ ਆਸ ਪਾਸ ਦੇ ਸਾਰੇ ਹਵਾਈ ਅੱਡਿਆਂ ਦੀਆਂ ਸਿੱਧੀਆਂ ਉਡਾਣਾਂ ਬਰਾਸਤਾ ਦਿੱਲੀ ਕਰ ਦਿੱਤੀਆਂ। ਮੋਦੀ ਸਰਕਾਰ ਨੇ ਵੀ ਡਾ. ਮਨਮੋਹਨ ਸਿੰਘ ਸਰਕਾਰ ਦੀਆਂ ਲੀਹਾਂ `ਤੇ ਚਲਦਿਆਂ ਅੰਮ੍ਰਿਤਸਰ ਤੇ ਹੋਰਨਾਂ ਹਵਾਈ ਅੱਡਿਆਂ ਨੂੰ ਹੱਬ ਨਹੀਂ ਬਣਾਇਆ। ਪੁਰੀ ਸਾਹਿਬ ਜਿਨ੍ਹਾਂ ਪਾਸ ਸ਼ਹਿਰੀ ਹਵਾਬਾਜੀ ਦਾ ਆਜ਼ਾਦਾਨ ਮਹਿਕਮਾ ਹੈ ਨੇ ਚੋਣਾਂ ਸਮੇਂ ਜੋ ਵੀਜ਼ਨ ਜਾਰੀ ਕੀਤਾ ਸੀ ਜਿਸ ਨੂੰ ਉਨ੍ਹਾਂ ਨੇ ਆਪਣੀ ਫੇਸਬੁਕ `ਤੇ ਵੀ ਪਾਇਆ ਸੀ ਵਿਚ ਕਿਹਾ ਸੀ ਕਿ ਉਹ ਅੰਮ੍ਰਿਤਸਰ ਨੂੰ ਹੱਬ ਬਣਾ ਕਿ ਵਿਦੇਸ਼ਾਂ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨਗੇ। ਇਸ ਲਈ ਉਨ੍ਹਾਂ ਨੂੰ ਆਪਣੇ ਇਸ ਚੋਣ ਵਾਅਦੇ `ਤੇ ਖ਼ਰਾ ਉਤਰਦੇ ਹੋਏ ਅੰਮ੍ਰਿਤਸਰ ਤੋਂ ਟੋਰਾਂਟੋ ਸਮੇਤ ਵੈਨਕੁਅਰ, ਲੰਡਨ, ਮਿਲਾਨ, ਬਰਮਿੰਘਮ , ਅਮਰੀਕਾ ਤੇ ਹੋਰਨਾਂ ਮੁਲਕਾਂ ਲਈ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨੀਆਂ ਚਾਹੀਦੀਆਂ ਹਨ ਤਾਂ ਜੋ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 550 ਵੇਂ ਪ੍ਰਕਾਸ਼ ਪੁਰਬ `ਤੇ ਆਸਾਨੀ ਨਾਲ ਵਿਸ਼ਵ ਭਰ `ਤੋਂ ਸ਼ਰਧਾਲੂ ਗੁਰੂ ਦੀ ਨਗਰੀ ਆ ਸਕਣ।
ਮੰਚ ਆਗੂ ਨੇ ਇਹ ਵੀ ਮੰਗ ਕੀਤੀ ਹੈ ਕਿ ਦਿੱਲੀ ਤੋਂ ਏਅਰ ਇੰਡੀਆ ਲਈ ਜੋ 2 ਉਡਾਣਾਂ ਜੋ ਲੰਡਨ ਹੀਥਰੋ ਹਵਾਈ ਅੱਡੇ ਜਾਂਦੀਆਂ ਹਨ ਉਨ੍ਹਾਂ ਵਿੱਚੋਂ ਇੱਕ ਦਾ ਰੂਟ ਬਦਲ ਕੇ ਦਿੱਲੀ-ਅੰਮ੍ਰਿਤਸਰ-ਲੰਡਨ ਤੇ ਲੰਡਨ-ਅੰਮ੍ਰਿਤਸਰ-ਦਿੱਲੀ ਕੀਤਾ ਜਾਵੇ ਤਾਂ ਜੁ ਪੰਜਾਬੀ ਆਸਾਨੀ ਨਾਲ ਲੰਡਨ ਆ ਜਾ ਸਕਣ।ਲੰਡਨ-ਅੰਮ੍ਰਿਤਸਰ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਵਾਉਣ ਲਈ ਇੰਗਲੈਂਡ ਦੇ ਮੈਂਬਰ ਪਾਰਲੀਮੈਂਟ ਸ. ਤਨਮਨਜੀਤ ਸਿੰਘ ਢੇਸੀ,ਸੇਵਾ ਟਰੱਸਟ ਯੂ.ਕੇ. ਤੇ ਅੰਮ੍ਰਿਤਸਰ ਵਿਕਾਸ ਮੰਚ ਵਲੋਂ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ।ਜੇ ਦਿੱਲੀ ਤੋਂ ਬਰਾਸਤਾ ਸ੍ਰੀ ਅੰਮ੍ਰਿਤਸਰ-ਲੰਡਨ ਉਡਾਣ ਸ਼ੁਰੂ ਹੋ ਜਾਵੇ ਤਾਂ ਇਸ ਨਾਲ ਨਾ ਕੇਵਲ ਇੰਗ਼ਲੈਂਡ ਸਗੋਂ ਯੂਰਪ, ਕੈਨੇਡਾ ਤੇ ਅਮਰੀਲਾ ਵਾਲਿਆਂ ਨੂੰ ਫ਼ਾਇਦਾ ਹੋਵੇਗਾ ਕਿਉਂਕਿ ਸਭ ਮੁਲਕਾਂ ਦੀਆਂ ਏਅਰਲਾਈਨਾਂ ਹੀਥਰੋ ਹਵਾਈ ਅੱਡੇ ਆਉਂਦੀਆਂ ਹਨ।ਕੈਨੇਡਾ ਵਾਲੇ ਏਅਰ ਕੈਨੇਡਾ ਲੈ ਕੇ ਸਿੱਧਾ ਕੈਨੇਡਾ ਦੇ ਵੱਖ ਵੱਖ ਸ਼ਹਿਰ ਵਿੱਚ ਪਹੁੰਚ ਜਾਣਗੇ। ਅਮਰੀਕਾ ਵਾਲੇ ਅਮਰੀਕਨ ਏਅਰ ਲਾਈਨਾਂ ਲੈ ਕੇ ਆਸਾਨੀ ਨਾਲ ਅਮਰੀਕਾ ਪੁਜ ਜਾਣਗੇ ਤੇ ਹੋਰਨਾਂ ਮੁਲਕਾਂ ਨੂੰ ਜਾਣ ਵਾਲੇ ਪੰਜਾਬੀ ਆਪੋ ਆਪਣੇ ਮੁਲਕ ਦੀਆਂ ਏਅਰਲਾਈਨਾਂ ਲੈ ਕੇ ਸਿੱਧਾ ਆਪਣੇ ਮੁਲਕ ਪਹੁੰਚ ਜਾਣਗੇ।
ਮੰਚ ਆਗੂ ਨੇ ਮੰਗ ਕੀਤੀ ਹੈ ਕਿ ਦਿੱਲੀ-ਅੰਮ੍ਰਿਤਸਰ-ਬਰਮਿੰਘਮ ਉਡਾਣ ਵੀ ਮੁੜ ਸ਼ੁਰੂ ਕੀਤੀ ਜਾਵੇ ਜਿਸ ਨੂੰ ਪਾਕਿਸਤਾਨ ਦੇ ਨਾਲ ਸੰਬੰਧ ਅਣਸੁਖਾਵੇਂ ਹੋਣ ਕਰਕੇ ਬੰਦ ਕਰ ਦਿੱਤਾ ਗਿਆ ਹੈ। ਦਿੱਲੀ ਤੋਂ ਸਾਰੀਆਂ ਉਡਾਣਾਂ ਜਾਰੀ ਹਨ । ਸ੍ਰੀ ਅੰਮ੍ਰਿਤਸਰ ਤੋਂ ਉਡਾਣਾਂ ਨੂੰ ਬੰਦ ਕਰਨਾ ਸਰਾਸਰ ਗੁਰੂ ਕੀ ਨਗਰੀ ਨਾਲ ਬੇਇਨਸਾਫੀ ਹੈ।
ਡਾ. ਚਰਨਜੀਤ ਸਿੰਘ ਗੁਮਟਾਲਾ