ਬਠਿੰਡਾ, 15 ਜੂਨ, 2019 : ਸੀਨੀਅਰ ਕਪਤਾਨ ਪੁਲਿਸ, ਵਿਜੀਲੈਂਸ ਬਿਊਰੋ, ਬਠਿੰਡਾ ਰੇਂਜ ਬਠਿੰਡਾ ਸ਼੍ਰੀ ਅਖਿਲ ਚੌਧਰੀ ਨੇ ਦੱਸਿਆ ਕਿ ਡੀ.ਐੱਸ.ਪੀ. ਅਸ਼ਵਨੀ ਕੁਮਾਰ, ਵਿਜੀਲੈਂਸ ਬਿਊਰੋ, ਯੂਨਿਟ ਫਰੀਦਕੋਟ ਦੀ ਟੀਮ ਵਲੋਂ ਟਰੈਪ ਲਗਾਕੇ ਰਾਜ ਸਿੰਘ ਜੇ.ਈ., ਪੀ.ਐੱਸ.ਪੀ.ਸੀ.ਐੱਲ. ਬਾਜਾਖਾਨਾ ਨੂੰ 4000 ਰੁਪਏ ਰਿਸ਼ਵਤ ਲੈਂਦਿਆਂ ਰੰਗੇਂ ਹੱਥੀ ਗ੍ਰਿਫਤਾਰ ਕੀਤਾ ਗਿਆ। ਸ਼੍ਰੀ ਅਖਿਲ ਚੌਧਰੀ ਨੇ ਦੱਸਿਆ ਕਿ ਸ਼ਿਕਾਇਤਕਰਤਾ ਹਰਵਿੰਦਰ ਸਿੰਘ ਵਾਸੀ ਘਣੀਆ, ਜ਼ਿਲ੍ਹਾ ਫਰੀਦਕੋਟ ਨੇ ਵਿਜੀਲੈਂਸ ਪਾਸ ਸ਼ਿਕਾਇਤ ਕੀਤੀ ਕਿ ਉਨ੍ਹਾਂ ਦੀ ਜ਼ਮੀਨ ਵਿੱਚ ਸਰਕਾਰੀ ਟਰਾਂਸਫਾਰਮਰ ਲੱਗਿਆ ਹੋਇਆ ਹੈ, ਇਸ ਟਰਾਂਸਫਾਰਮਰ ਤੋਂ ਉਨ੍ਹਾਂ ਅਤੇ ਹੋਰ ਵਿਅਕਤੀਆਂ ਦੀਆਂ ਮੋਟਰਾਂ ਚੱਲਦੀਆਂ ਹਨ। ਉਕਤ ਟਰਾਂਸਫਾਰਮਰ 08-10 ਦਿਨ ਪਹਿਲਾਂ ਸੜ ਜਾਣ ਕਾਰਨ ਨਵਾਂ ਟਰਾਂਸਫਾਰਮਰ ਲਗਵਾਉਣ ਲਈ ਰਾਜ ਸਿੰਘ ਜੇ.ਈ., ਪੀ.ਐੱਸ.ਪੀ.ਸੀ.ਐੱਲ. ਬਾਜਾਖਾਨਾ ਨੂੰ ਦੱਸਿਆ ਤਾਂ ਰਾਜ ਸਿੰਘ ਜੇ.ਈ. ਟਰਾਂਸਫਾਰਮਰ ਚੈੱਕ ਕਰਕੇ ਚਲਿਆ ਗਿਆ ਪਰੰਤੂ ਅਜੇ ਤੱਕ ਟਰਾਂਸਫਾਰਮਰ ਨਹੀਂ ਬਦਲਿਆ। ਮਿਤੀ 13 ਜੂਨ 2019 ਨੂੰ ਸ਼ਿਕਾਇਤਕਰਤਾ ਦੁਬਾਰਾ ਫਿਰ ਰਾਜ ਸਿੰਘ ਜੇ.ਈ. ਨੂੰ ਮਿਲਿਆ ਤਾਂ ਉਸ ਨੇ ਨਵਾਂ ਟਰਾਂਸਫਾਰਮਰ ਲਗਾਉਣ ਲਈ ਸ਼ਿਕਾਇਤਕਰਤਾ ਪਾਸੋ 5000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ। ਸ਼ਿਕਾਇਤਕਰਤਾ ਦੇ ਮਿੰਨਤ ਤਰਲਾ ਕਰਨ ਤੇ ਰਾਜ ਸਿੰਘ ਜੇ.ਈ. 4000 ਰੁਪਏ ਰਿਸ਼ਵਤ ਲੈਣ ਲਈ ਸਹਿਮਤ ਹੋ ਗਿਆ। ਸ਼ਿਕਾਇਤ ਕਰਤਾ ਹਰਵਿੰਦਰ ਸਿੰਘ ਨੇ ਇਸ ਬਾਰੇ ਵਿਜੀਲੈਂਸ ਬਿਊਰੋ ਪਾਸ ਆਪਣਾ ਬਿਆਨ ਦਰਜ਼ ਕਰਵਾਇਆ। ਡੀ.ਐੱਸ.ਪੀ. ਅਸ਼ਵਨੀ ਕੁਮਾਰ ਵਲੋਂ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿਚ ਦੋਸ਼ੀ ਰਾਜ ਸਿੰਘ ਜੇ.ਈ. ਨੂੰ 4000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਗ੍ਰਿਫਤਾਰ ਕੀਤਾ ਗਿਆ। ਇਸ ਦੇ ਸਬੰਧ ਵਿੱਚ ਮੁਕੱਦਮਾ ਨੰਬਰ 07 ਮਿਤੀ 14 ਜੂਨ 2019 ਅ/ਧ 7 ਪੀ.ਸੀ.ਐਕਟ 1988 ਐਜ ਅਮੈਂਡਮੈਂਟ ਬਾਏ ਪੀ.ਸੀ.ਐਕਟ 2018 ਥਾਣਾ ਵਿਜੀਲੈਂਸ ਬਿਊਰੋ ਬਠਿੰਡਾ ਦਰਜ ਰਜਿਸਟਰ ਕੀਤਾ ਗਿਆ ਹੈ।