ਚੰਡੀਗੜ੍ਹ, 15 ਜੂਨ, 2019 : ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨੀਂ ਹੋਈ ਕੈਬਨਿਟ ਮੀਟਿੰਗ 'ਚ ਆਪਣੇ ਕਈ ਮੰਤਰੀਆਂ ਦੇ ਮਹਿਕਮੇ ਬਦਲੇ ਗਏ, ਇਹਨਾਂ 'ਚ ਹੀ ਨਵਜੋਤ ਸਿੰਘ ਸਿੱਧੂ ਦਾ ਲੋਕਲ ਬਾਡੀ ਮਹਿਕਮਾਂ ਵੀ ਬਦਲਿਆ ਗਿਆ। ਜਿਸ ਦਾ ਨਵਜੋਤ ਸਿੰਘ ਸਿੱਧੂ ਨੇ ਵਿਰੋਧ ਕੀਤਾ ਅਤੇ ਮਹਿਕਮਾਂ ਬਦਲਣ ਤੋਂ ਬਾਅਦ ਉਨ੍ਹਾਂ ਨੇ ਦਿੱਲੀ ਦਰਬਾਰ 'ਚ ਵੀ ਆਪਣੀ ਹਾਜਰੀ ਲਵਾਈ। ਪਰ ਜਿਸ ਦਾ ਅਜੇ ਤੱਕ ਕੋਈ ਵੀ ਨਤੀਜਾ ਸਾਹਮਣੇ ਨਹੀਂ ਆਇਆ।
ਪਰ ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਦਿਨ ਤੋਂ ਨਵਜੋਤ ਸਿੰਘ ਸਿੱਧੂ ਦਾ ਮਹਿਕਮਾ ਬਦਲਿਆ ਗਿਆ ਹੈ ਉਸ ਦਿਨ ਤੋਂ ਹੀ ਨਵਜੋਤ ਸਿੰਘ ਸਿੱਧੂ ਗਾਇਬ ਹਨ। ਨਾ ਤਾਂ ਉਹ ਸੋਸ਼ਲ ਮੀਡੀਆਂ 'ਤੇ ਦਿਖਾਈ ਦੇ ਰਹੇ ਹਨ ਅਤੇ ਨਾ ਹੀ ਉਹ ਮੀਡੀਆ ਸਾਹਮਣੇ ਆ ਕੇ ਕੋਈ ਬਿਆਨ ਦੇ ਰਹੇ ਹਨ। ਹਲਾਂਕਿ ਮਹਿਕਮਾ ਬਦਲਣ ਤੋਂ ਪਹਿਲਾਂ ਉਹ ਟਵਿੱਟਰ 'ਤੇ ਆਪਣੇ ਸ਼ੇਅਰਾਂ ਰਾਹੀਂ ਅਸਿੱਧੇ ਰੂਪ ਨਾਲ ਕੈਪਟਨ 'ਤੇ ਵਿਅੰੰਗ ਕਸ ਰਹੇ ਸਨ, ਪਰ ਜਦੋਂ ਤੋਂ ਉਹਨਾਂ ਦਾ ਮਹਿਕਮਾਂ ਬਦਲਿਆ ਗਿਆ ਹੈ, ਉਹ ਬਿਲਕੁਲ ਹੀ ਦਿਖਾਈ ਨਹੀਂ ਦੇ ਰਹੇ।
ਸਿਆਸੀ ਮਾਹਿਰਾਂ ਅਨੁਸਾਰ ਸਿੱਧੂ ਆਪਣਾ ਮਹਿਕਮਾ ਫਿਰ ਤੋਂ ਵਾਪਿਸ ਲੈਣ ਲਈ ਦਿੱਲੀ ਦਰਬਾਰ ਦੇ ਚੱਕਰ ਕੱਟ ਰਹੇ ਹਨ। ਮਹਿਕਮਾ ਖੁੱਸਣ ਤੋਂ ਬਾਅਦ ਉਹ ਇੱਕ ਵਾਰ ਰਾਹੁਲ ਤੇ ਪ੍ਰਿਯੰਕਾ ਨੂੰ ਮਿਲ ਚੁੱਕੇ ਹਨ ਤੇ ਖਬਰ ਮਿਲੀ ਹੈ ਕਿ ਸ਼ਨੀਵਾਰ ਨੂੰ ਉਹ ਫਿਰ ਤੋਂ ਦਿੱਲੀ 'ਚ ਹਨ।
ਸੋਸ਼ਲ ਮੀਡੀਆ 'ਤੇ ਇੰਨ੍ਹੀ ਦਿਨੀਂ ਇੱਕ ਸੰਦੇਸ਼ ਬਹੁਤ ਵਾਇਰਲ ਹੋ ਰਿਹਾ ਹੈ ਜਿਸ 'ਚ ਸਿੱਧੂ ਨੂੰ ਪੰਜਾਬ ਦਾ ਉਪ ਮੁੱਖ ਮੰਤਰੀ ਬਣਾਉਣ ਦੀਆਂ ਚਰਚਾਵਾਂ ਨੇ ਜ਼ੋਰ ਫੜਿਆ ਹੈ। ਕੀ ਹੈ ਉਹ ਸੰਦੇਸ਼, ਤੁਸੀਂ ਆਪੇ ਪੜ੍ਹੋ :--
''ਸੋਨੀਆ ਗਾਂਧੀ ਦੇ ਬੰਗਲੇ ਵਿੱਚੋਂ ਭਿਣਕ ਪਈ ਹੈ ਨਵਜੋਤ ਸਿੱਧੂ ਬੇਹੱਦ ਗੁੱਸੇ ਵਿੱਚ ਮਿਲੇ ਸੀ। ਸਿੱਧੂ ਦਾ ਗੁੱਸਾ ਠੰਡਾ ਕਰ ਲਿਆ ਗਿਆ ਹੈ। ਕਿਸੀ ਵੀ ਵਕਤ ਨਵਜੋਤ ਸਿੱਧੂ ਨੂੰ ਪੰਜਾਬ ਦਾ ਉੱਪ ਮੁੱਖ ਮੰਤਰੀ ਨਾਮਜਦ ਕੀਤਾ ਜਾ ਸਕਦਾ ਹੈ। ਇੱਸ ਗੱਲ ਦੀ ਪੁਸ਼ਟੀ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਨਾਲ ਹਰ ਸਮੇ ਰਹਿਣ ਵਾਲੇ ਸੱਜਣ ਨੇ ਆਪਣਾ ਨਾਮ ਸਾਂਝਾ ਨਾ ਕਰਨ ਦੀ ਸ਼ਰਤ ਤੇ ਹਾਮੀ ਭਰੀ ਹੈ। ਸਿੱਧੂ ਦਾ ਉੱਪ ਮੁੱਖ ਮੰਤਰੀ ਬਣ ਜਾਣਾ ਪੰਜਾਬ ਵਾਸਤੇ ਕਾਫੀ ਲਾਹੇਵੰਦ ਹੋਵੇਗਾ।''