ਪਟਿਆਲਾ, 15 ਜੂਨ 2019 - ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇੇ ਮੈਂਬਰ ਪਾਰਲੀਮੈਂਟ ਸ਼੍ਰੀਮਤੀ ਪਰਨੀਤ ਕੌਰ ਵੱਲੋਂ ਪਟਿਆਲਾ ਨਗਰ ਨਿਗਮ ਕਰਮਚਾਰੀਆਂ ਦੀ ਰੱਖੀ ਮੰਗ 'ਤੇ ਕਾਰਵਾਈ ਕਰਦੇ ਹੋਏ ਨਗਰ ਨਿਗਮ ਵਿੱਚ ਕੰਮ ਕਰਦੇ ਸੀਵਰਮੈਨ, ਸਫਾਈ ਤੇ ਫਾਇਰ ਬਿਰਗੇਡ ਕਰਮਚਾਰੀਆਂ ਦਾ 10 ਲੱਖ ਰੁਪਏ ਦਾ ਬੀਮਾਂ ਕਰਾਉਣ ਦੀ ਹਦਾਇਤ ਕੀਤੀ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਨਗਰ ਨਿਗਮ ਪਟਿਆਲਾ ਦੇ ਮੇਅਰ ਸ਼੍ਰੀ ਸੰਜੀਵ ਬਿੱਟੂ ਸ਼ਰਮਾ ਨੇ ਦੱਸਿਆ ਕਿ ਸ਼੍ਰੀਮਤੀ ਪਰਨੀਤ ਕੌਰ ਦੇ ਯਤਨਾ ਸਦਕਾ ਮੁੱਖ ਮੰਤਰੀ ਵੱਲੋਂ ਕੀਤੀ ਹਦਾਇਤ ਕਾਰਨ ਨਿਗਮ ਅਧੀਨ ਕੰਮ ਕਰਨ ਵਾਲੇ ਉਹਨਾਂ ਕਰਮਚਾਰੀਆਂ ਦਾ ਵਿਸ਼ੇਸ਼ ਬੀਮਾਂ ਕਰਵਾਇਆ ਜਾ ਰਿਹਾ ਹੈ, ਜੋ ਜ਼ੋਖਮ ਵਾਲੇ ਕੰਮ ਵਿੱਚ ਆਪਣਾ ਫਰਜ਼ ਨਿਭਾ ਰਹੇ ਹਨ। ਉਹਨਾਂ ਦੱਸਿਆ ਕਿ ਨਗਰ ਨਿਗਮ ਵਿੱਚ ਸੀਵਰਮੈਨ, ਸਫਾਈ ਸੇਵਕ ਅਤੇ ਫਾਇਰ ਬਿਰਗੇਡ ਦੇ ਦਸਤੇ ਵਿੱਚ ਤੈਨਾਤ ਕਰਮਚਾਰੀਆਂ ਦਾ ਰਾਜ ਸਰਕਾਰ ਵੱਲੋਂ 10 ਲੱਖ ਦਾ ਬੀਮਾਂ ਕਰਵਾਇਆ ਜਾ ਰਿਹਾ ਹੈ।
ਸੰਜੀਵ ਬਿੱਟੂ ਸ਼ਰਮਾ ਨੇ ਦੱਸਿਆ ਕਿ ਕਰਮਚਾਰੀਆਂ ਦੇ ਬੀਮਾਂ ਕਰਵਾਉਣ ਦੇ ਦੌਰਾਨ ਪ੍ਰੀਮੀਅਮ ਰਾਸ਼ੀ 'ਤੇ ਖਰਚ ਹੋਣ ਵਾਲਾ ਪੈਸਾ ਨਗਰ ਨਿਗਮ ਪਟਿਆਲਾ ਵੱਲੋਂ ਖਰਚ ਕੀਤਾ ਜਾਵੇਗਾ। ਮੇਅਰ ਸ਼ਰਮਾ ਨੇ ਦੱਸਿਆ ਕਿ ਕਰਮਚਾਰੀਆਂ ਦੇ ਬੀਮੇਂ ਦੇ ਲਈ ਨਿਗਮ ਵੱਲੋਂ ਟੈਂਡਰ ਜਾਰੀ ਕਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਰਾਜ ਸਰਕਾਰ ਦੀ ਇਸ ਯੋਜਨਾ ਤੋਂ ਨਗਰ ਨਿਗਮ ਪਟਿਆਲਾ ਦੇ ਸੈਂਕੜੇ ਕਰਮਚਾਰੀ ਲਾਭ ਲੈ ਸਕਣਗੇ। ਉਹਨਾਂ ਦੱਸਿਆ ਕਿ ਬੀਮਾਂ ਯੋਜਨਾ ਦੇ ਲਈ ਅਪਲਾਈ ਕਰਨ ਵਾਲੀ ਕਿਸੇ ਵੀ ਕੰਪਨੀ ਦਾ ਪੰਜਾਬ ਵਿੱਚ ਦਫ਼ਤਰ ਹੋਣਾ ਜਰੂਰੀ ਹੈ।