ਪਟਿਆਲਾ (ਭਾਦਸੋਂ, ਨਾਭਾ), 15 ਜੂਨ 2019 - ਨਗਰ ਪੰਚਾਇਤ ਭਾਦਸੋਂ ਦੀਆਂ 21 ਜੂਨ ਨੂੰ ਹੋਣ ਵਾਲੀਆਂ ਆਮ ਚੋਣਾਂ ਵਾਲੇ ਦਿਨ ਨਗਰ ਪੰਚਾਇਤ ਦੀ ਹਦੂਦ ਅੰਦਰ ਸਥਿਤ ਦੁਕਾਨਾਂ, ਫੈਕਟਰੀਆਂ ਅਤੇ ਤਜਾਰਤੀ ਅਦਾਰਿਆਂ ਵਿੱਚ ਕੰਮ ਕਰਦੇ ਕਿਰਤੀਆਂ ਵੱਲੋਂ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਲਈ 'ਦੀ ਫੈਕਟਰੀਜ ਐਕਟ 1948 ਅਤੇ ਦੀ ਪੰਜਾਬ ਸ਼ਾਪਸ ਐਂਡ ਕਮਰਸ਼ੀਅਲ ਅਸਟੈਬਲਿਸ਼ਮੈਂਟ ਐਕਟ 1958' ਤਹਿਤ 21 ਜੂਨ (ਸ਼ੁੱਕਰਵਾਰ) ਨੂੰ ਤਨਖ਼ਾਹ ਸਮੇਤ ਹਫ਼ਤਾਵਾਰੀ ਛੁੱਟੀ ਅੇਕਾਨ ਕੀਤਾ ਗਿਆ ਹੈ। ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਦਿੱਤੀ।
ਇਸ ਤੋਂ ਬਿਨ੍ਹਾਂ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਵੋਟਾਂ ਫੋਟੋ ਪਹਿਚਾਣ ਪੱਤਰਾਂ ਨਾਲ ਹੀ ਪੈਣਗੀਆਂ ਪਰੰਤੂ ਕਿਸੇ ਕਾਰਨ ਕਾਰਡ ਨਾ ਬਣੇ ਹੋਣ ਦੀ ਸੂਰਤ 'ਚ ਭਾਰਤੀ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ ਦੌਰਾਨ ਅਪਣਾਏ ਗਏ ਨਿਯਮਾਂ ਦੀ ਹੀ ਪਾਲਣਾ ਕੀਤੀ ਜਾਵੇਗੀ।
ਇਸ ਤਹਿਤ ਵੋਟਰ ਪਾਸਪੋਰਟ, ਡਰਾਈਵਿੰਗ ਲਾਇਸੰਸ, ਆਧਾਰ ਕਾਰਡ, ਕੇਂਦਰ/ਸੂਬਾ ਸਰਕਾਰਾਂ/ਜਨਤਕ ਖੇਤਰ ਦੇ ਅਦਾਰਿਆਂ ਜਾਂ ਪਬਲਿਕ ਲਿਮਿਟਡ ਕੰਪਨੀਆਂ ਦੁਆਰਾ ਆਪਣੇ ਮੁਲਾਜਮਾਂ ਨੂੰ ਜਾਰੀ ਸਰਵਿਸ ਪਹਿਚਾਣ ਪੱਤਰ, ਬੈਂਕਾਂ/ਡਾਕਖਾਨੇ ਦੁਆਰਾ ਜਾਰੀ ਫੋਟੋ ਸਹਿਤ ਪਾਸਬੁੱਕ, ਪੈਨ ਕਾਰਡ, ਮਨਰੇਗਾ ਜੌਬ ਕਾਰਡ, ਕਿਰਤ ਮੰਤਰਾਲੇ ਦੀ ਸਕੀਮ ਤਹਿਤ ਜਾਰੀ ਸਮਾਰਟ ਕਾਰਡ, ਸਿਹਤ ਬੀਮਾ ਕਾਰਡ, ਫੋਟੋ ਸਹਿਤ ਪੈਨਸਨ ਦਸਤਾਵੇਜ ਅਤੇ ਐਮ.ਪੀ. ਐਮ.ਐਲ.ਏ. ਨੂੰ ਜਾਰੀ ਪਹਿਚਾਣ ਪੱਤਰ ਦਿਖਾ ਕੇ ਵੀ ਵੋਟ ਪਾ ਸਕਦੇ ਹਨ।