ਪਟਿਆਲਾ (ਭਾਦਸੋਂ, ਨਾਭਾ), 15 ਜੂਨ 2019 - ਜ਼ਿਲ੍ਹਾ ਮੈਜਿਸਟਰੇਟ ਸ਼੍ਰੀ ਕੁਮਾਰ ਅਮਿਤ ਨੇ ਪੰਜਾਬ ਆਬਕਾਰੀ ਐਕਟ 1914 ਦੀ ਧਾਰਾ 54 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆ ਪਟਿਆਲਾ ਜ਼ਿਲ੍ਹੇ ਵਿਚ ਨਗਰ ਪੰਚਾਇਤ ਭਾਦਸੋਂ ਦੀਆਂ ਆਮ ਚੋਣਾਂ-2019 ਦੌਰਾਨ 21 ਜੂਨ ਨੂੰ ਸਵੇਰੇ 05:00 ਵਜੇ ਤੋਂ ਚੋਣ ਅਮਲ ਖਤਮ ਹੋਣ ਤੱਕ ਚੋਣ ਖੇਤਰ ਵਿਚ ਡਰਾਈ ਡੇਅ ਘੋਸ਼ਿਤ ਕਰਨ ਦੇ ਹੁਕਮ ਜਾਰੀ ਕੀਤੇ ਹਨ। ਹੁਕਮਾਂ ਅਨੁਸਾਰ ਉਕਤ ਪਾਬੰਦੀ ਵਾਲੇ ਸਮੇਂ ਦੌਰਾਨ ਚੋਣਾਂ ਵਾਲੇ ਖੇਤਰ ਵਿਚ ਕਿਸੇ ਵੀ ਸ਼ਰਾਬ ਦੇ ਠੇਕੇ (ਦੇਸ਼ੀ ਅਤੇ ਅੰਗਰੇਜ਼ੀ), ਹੋਟਲਾਂ/ਦੁਕਾਨ/ਰੈਸਟੋਰੈਂਟ/ਕਲੱਬ/ਬੀਅਰ ਬਾਰ/ਅਹਾਤੇ ਜਿੱਥੇ ਸ਼ਰਾਬ ਵੇਚਣ ਅਤੇ ਪੀਣ ਦੀ ਕਾਨੂੰਨੀ ਤੌਰ 'ਤੇ ਇਜ਼ਾਜ਼ਤ ਹੈ, ਜਾਂ ਕਿਸੇ ਹੋਰ ਜਨਤਕ ਥਾਵਾਂ ਆਦਿ ਤੇ ਸ਼ਰਾਬ ਦੀ ਵਿਕਰੀ ਕਰਨ, ਵਰਤੋਂ ਕਰਨ, ਪੀਣ, ਪਿਲਾਉਣ, ਸਟੋਰ ਕਰਨ ਅਤੇ ਹੋਰ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨ 'ਤੇ ਵੀ ਪੂਰਨ ਤੌਰ 'ਤੇ ਇਹ ਹੁਕਮ ਲਾਗੂ ਹੋਣਗੇ। ਅਜਿਹਾ ਨਗਰ ਪੰਚਾਇਤ ਭਾਦਸੋਂ ਦੀਆਂ ਆਮ ਚੋਣਾਂ ਦੌਰਾਨ ਅਮਨ ਤੇ ਕਾਨੂੰਨ ਦੀ ਵਿਵਸਥਾ ਤੇ ਲੋਕ ਹਿੱਤ ਅਤੇ ਸ਼ਾਂਤੀ ਕਾਇਮ ਰੱਖਣ ਲਈ ਕੀਤਾ ਗਿਆ ਹੈ।