-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਭੇਜੇ 40 ਲੱਖ ਰੁਪਏ ਨਾਲ ਪੁਲਿਸ ਲਾਈਨ ਦੀਆਂ ਸੜਕਾਂ ਦੀ ਹੋਈ ਮੁਰੰਮਤ
-ਪੁਲਿਸ ਲਾਈਨ ਵਿਖੇ ਬਣੀਆਂ ਸੜਕਾਂ ਤੇ ਨਵੇਂ ਲੰਗਰ ਹਾਲ ਦਾ ਆਈ.ਜੀ. ਪਟਿਆਲਾ ਜ਼ੋਨ ਨੇ ਕੀਤਾ ਉਦਘਾਟਨ
-ਪੁਲਿਸ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਪੁਲਿਸ ਲਾਈਨ ਵਿਖੇ ਦਿੱਤੀ ਜਾਵੇਗੀ ਹਰੇਕ ਸਹੂਲਤ- ਏ.ਐਸ. ਰਾਏ
-ਪੁਲਿਸ ਮੁਲਾਜ਼ਮਾਂ ਨੂੰ ਘਰੇਲੂ ਸਮਾਗਮ ਕਰਨ ਲਈ ਪੁਲਿਸ ਲਾਈਨ ਵਿਖੇ ਬਣਾਇਆ ਹਾਲ - ਐਸ.ਐਸ.ਪੀ.
-ਪੁਲਿਸ ਲਾਈਨ ਵਿਖੇ ਆਧੁਨਿਕ ਮਸ਼ੀਨਾਂ ਨਾਲ ਲੈਸ ਹਸਪਤਾਲ ਸਮੇਤ ਹਰੇਕ ਸਹੂਲਤ ਉਪਲਬਧ
ਪਟਿਆਲਾ, 15 ਜੂਨ 2019 : ਪਟਿਆਲਾ ਦੇ ਐੱਸ.ਐੱਸ.ਪੀ. ਮਨਦੀਪ ਸਿੰਘ ਸਿੱਧੂ ਵੱਲੋਂ ਪੁਲਿਸ ਲਾਈਨ ਪਟਿਆਲਾ ਦੀ ਦਿੱਖ ਸੰਵਾਰਨ ਲਈ ਅਤੇ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਤਹਿਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੁਲਿਸ ਲਾਈਨ ਪਟਿਆਲਾ ਦੀਆਂ ਸੜਕਾਂ ਦੇ ਨਿਰਮਾਣ ਲਈ ਦਿੱਤੇ 40 ਲੱਖ ਰੁਪਏ ਨਾਲ ਪੁਲਿਸ ਲਾਈਨ ਦੀਆਂ ਸਾਰੀਆਂ ਸੜਕਾਂ 'ਤੇ ਪ੍ਰੀਮਿਕਸ ਪਾਇਆ ਗਿਆ ਹੈ ਅਤੇ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਸਹਿਯੋਗ ਨਾਲ ਪੁਲਿਸ ਲਾਈਨ ਵਿਖੇ ਲੰਗਰ ਹਾਲ ਬਣਾਏ ਗਏ ਹਨ। ਜਿਥੇ ਕਰਮਚਾਰੀ ਆਪਣੇ ਘਰੇਲੂ ਸਮਾਗਮ ਵੀ ਕਰ ਸਕਣਗੇ। ਅੱਜ ਪੁਲਿਸ ਲਾਈਨ ਪਟਿਆਲਾ ਵਿਖੇ ਸੰਗਰਾਂਦ ਦੇ ਅਵਸਰ 'ਤੇ ਸ਼ੁਕਰਾਨੇ ਵਜੋਂ ਕਰਵਾਏ ਅਖੰਡ ਪਾਠ 'ਚ ਪੁੱਜੇ ਆਈ.ਜੀ. ਪਟਿਆਲਾ ਜ਼ੋਨ ਏ.ਐੱਸ. ਰਾਏ ਨੇ ਕਿਹਾ ਕਿ ਪੁਲਿਸ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਪੁਲਿਸ ਲਾਈਨ ਵਿਖੇ ਹਰੇਕ ਸਹੂਲਤ ਮੁਹੱਈਆ ਕਰਵਾਈ ਜਾਵੇਗੀ।
ਆਈ.ਜੀ. ਪਟਿਆਲਾ ਏ.ਐੱਸ. ਰਾਏ ਨੇ ਪਟਿਆਲਾ ਪੁਲਿਸ ਦੀ ਸ਼ਲਾਂਘਾ ਕਰਦਿਆ ਕਿਹਾ ਕਿ ਜਿੱਥੇ ਪਿਛਲੇ ਸਮੇਂ ਦੌਰਾਨ ਜ਼ਿਲ੍ਹਾ ਪੁਲਿਸ ਵੱਲੋਂ ਅਪਰਾਧੀਆਂ 'ਤੇ ਨਕੇਲ ਪਾਈ ਗਈ ਹੈ ਉੱਥੇ ਹੀ ਐੱਸ.ਐੱਸ.ਪੀ ਮਨਦੀਪ ਸਿੰਘ ਸਿੱਧੂ ਵੱਲੋਂ ਪੁਲਿਸ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਹਰੇਕ ਸਹੂਲਤ ਪ੍ਰਦਾਨ ਕਰਨ ਲਈ ਲਗਾਤਾਰ ਯਤਨ ਕੀਤੇ ਗਏ ਹਨ। ਇਸ ਮੌਕੇ ਪੁਲਿਸ ਲਾਈਨ ਦੇ ਗੁਰੂਦੁਆਰਾ ਸਾਹਿਬ ਵਿਖੇ ਅਖੰਡ ਪਾਠ ਦੇ ਭੋਗ ਉਪਰੰਤ ਅਟੁੱਟ ਲੰਗਰ ਵਰਤਾਇਆ ਗਿਆ।
ਇਸ ਮੌਕੇ ਐੱਸ.ਐੱਸ.ਪੀ ਮਨਦੀਪ ਸਿੰਘ ਸਿੱਧੂ ਨੇ ਕਿਹਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੁਲਿਸ ਲਾਈਨ ਪਟਿਆਲਾ ਦੀਆਂ ਸੜਕਾਂ ਦੇ ਨਿਰਮਾਣ ਲਈ 40 ਲੱਖ ਰੁਪਏ ਜਾਰੀ ਕੀਤੇ ਗਏ ਸਨ। ਜਿਸ ਰਾਹੀਂ ਪੁਲਿਸ ਲਾਈਨ ਦੀਆਂ ਸਾਰੀਆਂ ਸੜਕਾਂ ਦੀ ਪ੍ਰੀਮਿਕਸ ਪਾ ਕੇ ਮੁਰੰਮਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਮੁੱਖ ਮੰਤਰੀ ਵੱਲੋਂ ਘੋੜਿਆਂ ਦੇ ਅਸਤਬਲ ਲਈ ਵੀ ਰਾਸ਼ੀ ਜਾਰੀ ਕੀਤੀ ਗਈ ਸੀ ਜਿਸ ਦਾ ਕੰਮ ਜਾਰੀ ਹੈ। ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਪੁਲਿਸ ਲਾਈਨ ਵਿਖੇ ਮੁਲਾਜ਼ਮਾਂ ਨੂੰ ਘਰੇਲੂ ਸਮਾਗਮ ਕਰਨ ਲਈ ਇੱਕ ਹਾਲ ਵੀ ਬਣਾਇਆ ਗਿਆ ਹੈ ਜਿੱਥੇ ਉਹ ਆਪਣੇ ਖੁਸ਼ੀ-ਗਮੀ ਦੇ ਸਮਾਗਮ ਕਰ ਸਕਣਗੇ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਪੁਲਿਸ ਮੁਲਾਜ਼ਮਾਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ ਮਕਸਦ ਨਾਲ ਪੁਲਿਸ ਲਾਈਨ ਦੇ ਹਸਪਤਾਲ ਦਾ ਵੀ ਨਵੀਨੀਕਰਨ ਕੀਤਾ ਗਿਆ ਸੀ ਅਤੇ ਹੁਣ ਹਸਪਤਾਲ ਵਿਖੇ ਆਧੁਨਿਕ ਮਸ਼ੀਨਾਂ ਨਾਲ ਮੁਲਾਜ਼ਮਾਂ ਦੇ ਖੂਨ ਦੇ ਟੈਸਟ, ਅੱਖਾਂ ਤੇ ਦੰਦਾਂ ਦੀ ਜਾਂਚ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਪੁਲਿਸ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਹੋਰ ਸਹੂਲਤਾਂ ਵੀ ਪ੍ਰਦਾਨ ਕੀਤੀਆਂ ਜਾਣਗੀਆਂ। ਇਸ ਮੌਕੇ ਗੁਰੂਦੁਆਰਾ ਸਾਹਿਬ ਵਿਖੇ ਆਈ.ਜੀ ਏ.ਐਸ. ਰਾਏ ਅਤੇ ਐਸ.ਐਸ.ਪੀ ਮਨਦੀਪ ਸਿੰਘ ਸਿੱਧੂ, ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ, ਬਾਬਾ ਮਨਮੋਹਨ ਸਿੰਘ ਬਾਰਨ ਵਾਲੇ, ਐਸ.ਪੀ. (ਸਥਾਨਕ) ਡਾ. ਰਵਜੋਤ ਗਰੇਵਾਲ ਅਤੇ ਐਸ.ਪੀ. ਇਨਵੈਸਟੀਗੇਸ਼ਨ ਹਰਮੀਤ ਸਿੰਘ ਹੁੰਦਲ ਸਮੇਤ ਹੋਰ ਕਈ ਸ਼ਖਸੀਅਤਾਂ ਨੂੰ ਵੀ ਸਿਰੋਪਾਓ ਭੇਟ ਕੀਤੇ ਗਏ।
ਇਸ ਮੌਕੇ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ, ਬਾਬਾ ਮਨਮੋਹਨ ਸਿੰਘ ਬਾਰਨ ਵਾਲੇ, ਲਾਈਨਜ਼ ਕਲੱਬ ਪਟਿਆਲਾ ਦੇ ਡਿਪਟੀ ਗਵਰਨਰ ਗੁਪਾਲ ਕ੍ਰਿਸ਼ਨ ਪੁਰੀ, ਪੁਲਿਸ ਲਾਈਨ ਹਸਪਤਾਲ ਦੇ ਮੈਡੀਕਲ ਅਫ਼ਸਰ ਡਾ. ਸਾਜੀਲਾ ਖਾਨ, ਐਸ.ਪੀ. (ਸਥਾਨਕ) ਡਾ. ਰਵਜੋਤ ਗਰੇਵਾਲ, ਐਸ.ਪੀ. ਇਨਵੈਸਟੀਗੇਸ਼ਨ ਹਰਮੀਤ ਸਿੰਘ ਹੁੰਦਲ ਸਮੇਤ ਜ਼ਿਲ੍ਹੇ ਸਮੂਹ ਡੀ.ਐਸ.ਪੀਜ਼, ਥਾਣਾ ਮੁੱਖੀ ਅਤੇ ਪੁਲਿਸ ਮੁਲਾਜ਼ਮ ਅਤੇ ਉਨ੍ਹਾਂ ਦੇ ਪਰਿਵਾਰ ਮੌਜੂਦ ਸਨ।